<

p> ਜੇਐੱਨਐੱਨ, ਜਲੰਧਰ : ਸ਼ਹਿਰ 'ਚੋਂ ਕੂੜਾ ਚੁੱਕਣ ਲਈ ਟਰੈਕਟਰ ਟਰਾਲੀਆਂ ਕਿਰਾਏ 'ਤੇ ਲੈਣ ਦਾ ਟੈਂਡਰ ਰੱਦ ਕੀਤਾ ਜਾ ਸਕਦਾ ਹੈ। ਵਿਦੇਸ਼ ਰਵਾਨਾ ਹੋਣ ਤੋਂ ਪਹਿਲਾਂ ਮੇਅਰ ਜਗਦੀਸ਼ ਰਾਜਾ ਨੇ ਆਪਣੀ ਰਿਹਾਇਸ਼ 'ਚ ਕੀਤੀ ਮੀਟਿੰਗ 'ਚ ਟੈਂਡਰ ਦਸਤਾਵੇਜ਼ਾਂ ਵਿਚ ਕਈ ਗੜਬੜੀਆਂ ਫੜੀਆਂ ਹਨ। ਮੇਅਰ ਨੇ ਟੈਂਡਰ ਜਾਰੀ ਕਰਨ ਦੇ ਪ੍ਰਰੋਸੈੱਸ ਨੂੰ ਪੈਂਡਿੰਗ ਕਰ ਦਿੱਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਮੇਅਰ ਇਸ ਟੈਂਡਰ ਨੂੰ ਰੱਦ ਕਰ ਸਕਦੇ ਹਨ। ਚਾਰ ਵਿਧਾਨ ਸਭਾ ਹਲਕਿਆਂ ਤੋਂ ਕੂੜਾ ਚੁੱਕਣ ਲਈ ਲਗਾਏ ਗਏ ਚਾਰ ਟੈਂਡਰਾਂ ਲਈ ਜੋ ਸ਼ਡਿਊਲ ਅਤੇ ਟਰੈਕਟਰ ਦੇ ਨੰਬਰ ਨਿਗਮ ਨੂੰ ਦਿੱਤੇ ਹਨ, ਉਨ੍ਹਾਂ ਵਿਚ ਗੜਬੜੀ ਸਾਹਮਣੇ ਆ ਰਹੀ ਹੈ। ਮੀਟਿੰਗ 'ਚ ਜਦੋਂ ਦਸਤਾਵੇਜ਼ ਚੈੱਕ ਕੀਤੇ ਗਏ ਤਾਂ ਕੁਝ ਟਰੈਕਟਰਾਂ ਦੇ ਨੰਬਰ ਦੋ ਹਲਕਿਆਂ ਵਿਚ ਕੰਮ ਲਈ ਦਿੱਤੇ ਗਏ ਸਨ। ਇਕ ਟਰੈਕਟਰ ਇਕ ਹੀ ਹਲਕੇ ਵਿਚ ਕੰਮ ਕਰ ਸਕਦਾ ਹੈ। ਮੇਅਰ ਨੇ ਮੀਟਿੰਗ ਵਿਚ ਕਿਹਾ ਕਿ ਜੇ ਠੇਕਾ ਲੈਣ ਵਿਚ ਹੀ ਗੜਬੜੀ ਕੀਤੀ ਜਾ ਰਹੀ ਹੈ ਤਾਂ ਕੰਮ ਕਿਵੇਂ ਹੋਵੇਗਾ। ਮੇਅਰ ਨੇ ਕਿਹਾ ਕਿ ਠੇਕੇਦਾਰਾਂ ਤੋਂ ਟਰੈਕਟਰਾਂ ਦੇ ਦਸਤਾਵੇਜ਼ ਮੰਗਵਾਏ ਜਾਣ ਅਤੇ ਉਨ੍ਹਾਂ ਦੇ ਆਰਸੀਜ਼, ਇੰਸ਼ੋਰੈਂਸ ਦੀ ਵੀ ਜਾਂਚ ਕੀਤੀ ਜਾਵੇ। ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਕੌਂਸਲਰ ਬਲਰਾਜ ਠਾਕੁਰ, ਜਗਦੀਸ਼ ਦਕੋਹਾ, ਗੁਰਵਿੰਦਰ ਸਿੰਘ ਬੰਟੀ ਨੀਲਕੰਠ ਵੀ ਮੌਜੂਦ ਸਨ। ਕੂੜਾ ਚੁੱਕਣ ਲਈ ਟਰੈਕਟਰ ਟਰਾਲੀਆਂ ਕਿਰਾਏ 'ਤੇ ਲੈਣ ਲਈ ਦਿੱਤੇ ਜਾਣ ਵਾਲੇ ਠੇਕੇ ਨੂੰ ਤਿੰਨ ਵਾਰ ਪੈਂਡਿੰਗ ਕੀਤਾ ਜਾ ਚੁੱਕਾ ਹੈ। ਇਹ ਟੈਂਡਰ ਲਗਪਗ 1.87 ਕਰੋੜ ਦਾ ਹੈ। ਵੈਸਟ ਹਲਕੇ ਲਈ 42.41 ਲੱਖ, ਕੈਂਟ ਲਈ 34.71, ਨਾਰਥ ਲਈ 50.74 ਅਤੇ ਸੈਂਟਰਲ ਹਲਕੇ ਲਈ 59.70 ਲੱਖ ਦਾ ਟੈਂਡਰ ਆਇਆ ਹੈ। ਮੇਅਰ ਠੇਕਾ ਦੇਣ ਤੋਂ ਪਹਿਲਾਂ ਇਸ ਦੇ ਕੰਮ ਦੀ ਮਾਨੀਟਰਿੰਗ ਦਾ ਸਿਸਟਮ ਬਣਾਉਣ 'ਤੇ ਜ਼ੋਰ ਦੇ ਰਹੇ ਹਨ। ਇਹ ਦੋਸ਼ ਲੱਗਦੇ ਰਹੇ ਹਨ ਕਿ ਲਗਪਗ ਦੋ ਕਰੋੜ ਰੁਪਏ ਦੇ ਕੇ ਸ਼ਹਿਰ 'ਚੋਂ ਕੂੜਾ ਚੁੱਕਣ ਦੇ ਕੰਮ ਵਿਚ ਕਾਫੀ ਗੜਬੜੀ ਹੁੰਦੀ ਹੈ। ਇਸੇ ਤਰ੍ਹਾਂ ਵਰਿਆਣਾ ਡੰਪ 'ਤੇ ਕੂੜਾ ਸੰਭਾਲਣ ਲਈ ਕਿਰਾਏ 'ਤੇ ਲਈ ਮਸ਼ੀਨ ਅਤੇ 6 ਟਿੱਪਰਾਂ ਦਾ ਟੈਂਡਰ ਵੀ ਫਿਲਹਾਲ ਪੈਂਡਿੰਗ ਕੀਤਾ ਗਿਆ ਹੈ।