ਜੇਐੱਨਐੱਨ, ਜਲੰਧਰ : ਹਫ਼ਤਾ ਭਰ ਖਿੜੀ ਧੁੱਪ ਤੇ ਵਧ ਰਹੇ ਤਾਪਮਾਨ ਵਿਚਕਾਰ ਸ਼ਨਿਚਰਵਾਰ ਨੂੰ ਇਕ ਵਾਰ ਮੌਸਮ ਨੇ ਕਰਵਟ ਲਈ। ਜਲੰਧਰ 'ਚ ਸਵੇਰ ਤੋਂ ਹੀ ਅਸਮਾਨ 'ਚ ਸੰਘਣੇ ਕਾਲੇ ਬੱਦਲ ਛਾ ਗਏ ਤੇ ਮੋਹਲੇਧਾਰ ਬਾਰਿਸ਼ ਹੋਈ ਜੋ ਕਿ ਸਵੇਰ ਤੋਂ ਰੁਕ-ਰੁਕ ਕੇ ਜਾਰੀ ਹੈ। ਇਸ ਤੋਂ ਬਾਅਦ ਦੁਪਹਿਰੇ ਸਵਾ ਦੋ ਵਜੇ ਤੇਜ਼ ਗੜਗੜਾਹਟ ਨਾਲ ਕਰੀਬ ਅੱਧਾ ਘੰਟਾ ਮੋਹੇਲਦਾਰ ਮੀਂਹ ਪਿਆ। ਇਸ ਨਾਲ ਕੁਝ ਦੇਰ ਲਈ ਜਨਜੀਵਨ ਪ੍ਰਭਾਵਿਤ ਹੋ ਗਿਆ। ਜਗ੍ਹਾ-ਜਗ੍ਹਾ ਪਾਣੀ ਭਰਨ ਕਾਰਨ ਲੋਕਾਂ ਨੂੰ ਆਵਾਜਾਈ 'ਚ ਭਾਰੀ ਪਰੇਸ਼ਾਨੀ ਹੋ ਰਹੀ ਹੈ।

ਕਪੂਰਥਲਾ 'ਚ ਵੀ ਸਵੇਰ ਤੋਂ ਬੂੰਦਾਬਾਂਦੀ ਜਾਰੀ ਹੈ। ਗੁਰਦਾਸਪੁਰ 'ਚ ਹਲਕੀ ਬਾਰਿਸ਼ ਹੋ ਰਹੀ ਹੈ। ਇੱਥੇ ਵਧ ਤੋਂ ਵਧ ਤਾਪਮਾਨ 20 ਡਿਗਰੀ ਤੇ ਘੱਟੋ-ਘੱਟ 13 ਡਿਗਰੀ ਹੈ। ਰੂਪਨਗਰ 'ਚ ਬਾਰਿਸ਼ ਤੋਂ ਬਾਅਦ ਅਸਮਾਨ 'ਤੇ ਬੱਦਲ ਛਾਏ ਹੋਏ ਹਨ। ਇੱਥੇ ਕੁਝ ਦੇਰ ਹਲਕੀ ਗੜੇਮਾਰੀ ਵੀ ਹੋਈ ਹੈ। ਤਾਪਮਾਨ 'ਚ ਗਿਰਾਵਟ ਕਾਰਨ ਠੰਢ ਦਾ ਅਹਿਸਾਸ ਵਧ ਗਿਆ ਹੈ। ਗਰਮ ਕੱਪੜੇ ਇਕ ਵਾਰ ਫਿਰ ਅਲਮਾਰੀਆਂ ਤੋਂ ਬਾਹਰ ਆ ਗਏ ਹਨ।

ਲੁਧਿਆਣਾ 'ਚ ਵੀ ਦੁਪਹਿਰੋਂ ਬਾਅਦ ਜ਼ੋਰਦਾਰ ਬਾਰਿਸ਼ ਹੋਈ। ਸ਼ਨਿਚਰਵਾਰ ਦੁਪਹਿਰੇ ਢਾਈ ਵਜੇ ਤੋਂ ਬਾਅਦ ਦਿਨ 'ਚ ਹੀ ਹਨੇਰਾ ਛਾ ਗਿਆ ਤੇ ਬਾਰਿਸ਼ ਹੋਈ। ਕਈ ਥਾਈਂ ਬਾਰਿਸ਼ ਨਾਲ ਗੜੇ ਵੀ ਪਏ। ਸ਼ਹਿਰ ਦੇ ਕਈ ਹਿੱਸਿਆਂ 'ਚ ਪਾਣੀ ਭਰਨ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਠਿੰਡਾ ਜ਼ਿਲ੍ਹੇ ਅੰਦਰ ਸਵੇਰ ਤੋਂ ਹੀ ਹਲਕੀ ਬਾਰਸ਼ ਹੋ ਰਹੀ ਹੈ ਜਿਸ ਕਾਰਨ ਠੰਢ ਨੇ ਵੀ ਜ਼ੋਰ ਫੜ ਲਿਆ ਹੈ। ਜ਼ਿ ਲ੍ਹੇ ਦੇ ਪਿੰਡ ਬੱਲੂਆਣਾ 'ਚ ਇਕ ਇੱਟਾਂ ਦੇ ਭੱਠੇ ਤੇ ਬਿਜਲੀ ਡਿੱਗਣ ਕਾਰਨ ਤਿੰਨ ਵਿਅਕਤੀ ਗੰਭੀਰ ਰੂਪ ਵਿਚ ਝੁਲਸ ਗਏ ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਜਾ ਰਿਹਾ ਹੈ।

ਜਲੰਧਰ 'ਚ ਸ਼ਨਿਚਰਵਾਰ ਤੜਕੇ ਸ਼ੁਰੂ ਹੋਈ ਬਾਰਿਸ਼ ਲਗਾਤਾਰ ਜਾਰੀ ਹੈ ਜਿਸ ਨਾਲ ਸ਼ਹਿਰ ਦੇ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਸਭ ਤੋਂ ਜ਼ਿਆਦਾ ਪਰੇਸ਼ਾਨੀ ਉਨ੍ਹਾਂ ਬੱਚਿਆਂ ਨੂੰ ਹੋਈ ਜਿਨ੍ਹਾਂ ਨੇ ਫਾਈਨਲ ਐਗਜ਼ਾਮ ਲਈ ਪ੍ਰੀਖਿਆ ਦੇਣ ਜਾਣਾ ਸੀ। ਓਧਰ, ਤੇਜ਼ ਹਵਾਵਾਂ ਤੇ ਬਾਰਿਸ਼ ਕਾਰਨ ਪਾਵਰ ਕੱਟ ਲਗਾ ਦਿੱਤਾ ਗਿਆ। ਬਿਜਲੀ ਗੁਲ ਹੋਣ ਕਾਰਨ ਲੋਕਾਂ ਦੀ ਪਰੇਸ਼ਾਨੀ ਦੁੱਗਣੀ ਹੋ ਗਈ। ਸਵੇਰੇ ਵੇਲੇ ਬਾਰਿਸ਼ ਦੌਰਾਨ ਦਿਨ ਵੇਲੇ ਹੀ ਰਾਤ ਦਾ ਅਹਿਸਾਸ ਹੋ ਰਿਹਾ ਸੀ। ਵਾਹਨ ਚਾਲਕਾਂ ਨੂੰ ਲਾਈਟਾਂ ਆਨ ਕਰ ਕੇ ਮੰਜ਼ਿਲ ਵੱਲ ਵਧਣਾ ਪਿਆ। ਸ਼ਹਿਰ ਦੀਆਂ ਸੜਕਾਂ 'ਤੇ ਪਾਣੀ ਭਰਨ ਨਾਲ ਕਈ ਜਗ੍ਹਾ ਜਾਮ ਲੱਗ ਗਿਆ ਜਿਸ ਨਾਲ ਦਫ਼ਤਰ ਤੇ ਜਲਦੀ ਕੰਮ 'ਤੇ ਪਹੁੰਚਣ ਵਾਲੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਮੋਗਾ 'ਚ ਵੀ ਮੋਹਲੇਧਾਰ ਮੀਂਹ ਪੈ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਸਲੀਣਾ 'ਚ ਅਸਮਾਨੀ ਬਿਜਲੀ ਡਿੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੈ।

ਤਿੰਨ ਡਿਗਰੀ ਤਕ ਡਿੱਗਿਆ ਤਾਪਮਾਨ

ਬਾਰਿਸ਼ ਕਾਰਨ ਤਾਪਮਾਨ 'ਚ ਤਿੰਨ ਡਿਗਰੀ ਤਕ ਗਿਰਾਵਟ ਦਰਜ ਕੀਤੀ ਗਈ ਹੈ। ਇਸ ਹਫ਼ਤੇ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਨੇੜੇ ਚੱਲ ਰਿਹਾ ਸੀ। ਬਾਰਿਸ਼ ਤੋਂ ਬਾਅਦ ਪਾਰਾ ਡਿੱਗ ਕੇ 22 ਡਿਗਰੀ ਤਕ ਪਹੁੰਚ ਗਿਆ ਹੈ। ਓਧਰ ਮੌਸਮ ਵਿਭਾਗ ਦੇ ਅਨੁਮਾਨ ਮੁਤਾਬਿਕ ਐਤਵਾਰ ਨੂੰ ਵੀ ਅਸਮਾਨ 'ਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਸ਼ਨਿਚਰਵਾਰ ਨੂੰ ਵਧ ਤੋਂ ਵਧ ਤਾਪਮਾਨ 22 ਤੇ ਘੱਟੋ-ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਅਸਮਾਨ 'ਚ ਬੱਦਲ ਛਾਏ ਹੋਏ ਸਨ ਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ।

ਮੁੜ ਗਰਮ ਕੱਪੜਿਆਂ ਦੀ ਲੋੜ ਹੋਈ ਮਹਿਸੂਸ

ਮੌਸਮ 'ਚ ਆਏ ਬਦਲਾਅ ਕਾਰਨ ਲੋਕਾਂ ਨੂੰ ਮੁੜ ਗਰਮ ਕੱਪੜੇ ਪਾਉਣੇ ਪੈ ਰਹੇ ਹਨ। ਹਫ਼ਤਾ ਭਰ ਮੌਸਮ ਸਾਫ਼ ਰਹਿਣ ਤੇ ਤਾਪਮਾਨ ਵਧਣ ਕਾਰਨ ਲੋਕਾਂ ਨੇ ਗਰਮ ਕੱਪੜੇ ਪਾਉਣੇ ਛੱਡ ਦਿੱਤੇ ਸਨ, ਪਰ ਸ਼ਨਿਚਰਵਾਰ ਸਵੇਰੇ ਹੋਈ ਬਾਰਿਸ਼ ਨੇ ਲੋਕਾਂ ਨੂੰ ਮੁੜ ਗਰਮ ਕੱਪੜੇ ਪਾਉਣ ਲਈ ਮਜਬੂਰ ਕਰ ਦਿੱਤਾ।

Posted By: Seema Anand