ਸੀਨੀਅਰ ਸਟਾਫ ਰਿਪੋਰਟਰ, ਜਲੰਧਰ

ਸਰਕਾਰੀ ਹਸਪਤਾਲਾਂ ਦੀ ਕਾਰਜਪ੍ਰਣਾਲੀ 'ਚ ਸੁਧਾਰ ਕਰਨ ਲਈ ਕਾਇਆਕਲਪ ਪ੍ਰਰਾਜੈਕਟ ਤਹਿਤ ਗਰੇਡਿੰਗ ਨੂੰ ਲੈ ਕੇ ਸਰਕਾਰ ਵੱਲੋਂ ਜਾਂਚ ਪੜਤਾਲ ਕਰਵਾਈ ਜਾ ਰਹੀ ਹੈ। ਸ਼ਨਿੱਚਰਵਾਰ ਨੂੰ ਸਿਵਲ ਹਸਪਤਾਲ 'ਚ ਪੜਤਾਲ ਕਰਨ ਲਈ ਆਈ ਟੀਮ ਪ੍ਰਬੰਧ ਵੇਖ ਕੇ ਭੜਕੀ। ਉਨ੍ਹਾਂ ਨੇ ਹਸਪਤਾਲ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲਾਏ। ਜਾਂਚ ਲਈ ਲੁਧਿਆਣਾ ਤੋਂ ਡਾ. ਸੀਮਾ ਅਤੇ ਡਾ. ਨਿਸ਼ਾ ਦੀ ਟੀਮ ਪੁੱਜੀ। ਉਨ੍ਹਾਂ ਨੇ ਬਲੱਡ ਬੈਂਕ, ਲੈਬ, ਐਕਸਰੇ, ਓਪੀਡੀ, ਵਾਰਡ, ਜੱਚਾ ਬੱਚਾ ਸੈਂਟਰ, ਐਮਰਜੈਂਸੀ, ਟਰੋਮਾ ਸੈਂਟਰ, ਫਾਰਮਸੀ, ਬੱਚਿਆਂ ਦਾ ਵਿਭਾਗ, ਸੀਟੀ ਸਕੈਨ ਤੇ ਆਈਸੀਯੂ ਦਾ ਦੌਰਾ ਕੀਤਾ। ਉਨ੍ਹਾਂ ਨੇ ਹਸਪਤਾਲ 'ਚ ਬਾਇਓਮੈਡੀਕਲ ਵੇਸਟ ਦੇ ਰੱਖ-ਰਖਾਅ ਨੂੰ ਲੈ ਕੇ ਰੰਗੀਨ ਬਾਲਟੀਆਂ ਦੀ ਜਾਂਚ ਕੀਤੀ ਤਾਂ ਉਹ ਨੀਤੀਆਂ 'ਤੇ ਖਰੀ ਨਹੀਂ ਉਤਰੀ। ਉੱਥੇ ਹੀ ਬਲੱਡ ਬੈਂਕ 'ਚ ਅਲਮਾਰੀਆਂ ਦੇ ਬਾਹਰ ਲੱਗੀ ਪੁਰਾਣੀ ਧੂੜ ਨਾਲ ਭਰੀ ਸੂਚੀ ਨੂੰ ਵੀ ਫਾੜ ਕੇ ਸੁੱਟ ਦਿੱਤਾ। ਉਨ੍ਹਾਂ ਨੇ ਅਲਮਾਰੀਆਂ 'ਚ ਪਏ ਸਾਮਾਨ ਦੀ ਜਾਂਚ ਕਰਨ ਦੀ ਗੱਲ ਕਹੀ ਤਾਂ ਸਟਾਫ ਨੇ ਟਾਲ-ਮਟੋਲ ਕਰ ਦਿੱਤੀ। ਵਾਰਡਾਂ 'ਚ ਵੀ ਪਖਾਨਿਆਂ ਦੇ ਪ੍ਰਬੰਧ ਤੇ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਹੂਲਤਾਂ 'ਚ ਕਮੀਆਂ ਉਜਾਗਰ ਕੀਤੀ। ਡਿਊਟੀ 'ਤੇ ਤਾਇਨਾਤ ਸਟਾਫ ਨਾਲ ਵੀ ਗੱਲਬਾਤ ਦੌਰਾਨ ਬੌਧਿਕ ਗਿਆਨ ਤੋਂ ਸੰਤੁਸ਼ਟ ਨਹੀ ਹੋਏ। ਲੰਬੇ ਸਮੇਂ ਤੋਂ ਲਿਫਟ ਦਾ ਕੰਮ ਅੱਧ ਵਿਚਾਲੇ ਲਟਕਣ ਤੇ ਖਰਾਬ ਪਈ ਸੀਟੀ ਸਕੈਨ 'ਤੇ ਨਾਰਾਜ਼ਗੀ ਪ੍ਰਗਟਾਈ। ਸਕੈਨਿੰਗ ਤੇ ਐਕਸਰੇ ਨੂੰ ਲੈ ਕੇ ਮਰੀਜ਼ਾਂ ਨੂੰ ਵੱਧ ਸਮੇਂ ਤਕ ਇੰਤਜ਼ਾਰ ਕਰਨਾ ਪੈ ਰਿਹਾ ਸੀ। ਐਮਰਜੈਂਸੀ 'ਚ ਬੁੱਧਵਾਰ ਨੂੰ ਦੇਰ ਰਾਤ ਹੰਗਾਮੇ 'ਚ ਹੋਈ ਭੰਨ-ਤੋੜ ਨਾਲ ਵੀ ਕਾਇਆਕਲਪ ਦੀ ਪੜਤਾਲ 'ਚ ਅੜਿੱਕਾ ਪਿਆ। ਅਖੀਰ 'ਚ ਰਿਕਾਰਡ ਦੀ ਡੂੰਘੀ ਜਾਂਚ ਪੜਤਾਲ ਕੀਤੀ। ਉਨ੍ਹਾਂ ਨੇ ਰਿਕਾਰਡ 'ਚ ਪਾਈਆਂ ਗਈਆਂ ਕਮੀਆਂ ਨੂੰ ਦੂਰ ਕਰਨ ਦੀਆਂ ਹਦਾਇਤਾਂ ਦਿੱਤੀਆਂ। ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ ਨੇ ਕਿਹਾ ਕਿ ਕਾਇਆਕਲਪ ਪ੍ਰਰਾਜੈਕਟ 'ਚ ਬਿਹਤਰ ਪ੍ਰਦਰਸ਼ਨ ਲਈ ਸਟਾਫ ਨੇ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ। ਪੰਜਾਬ 'ਚ ਸਭ ਤੋਂ ਵੱਡਾ ਸਿਵਲ ਹਸਪਤਾਲ ਹੈ। ਇਸ ਵਿਚ ਸਟਾਫ ਦੀ ਲੰਬੇ ਸਮੇਂ ਤੋਂ ਕਮੀ ਚੱਲ ਰਹੀ ਹੈ। ਇਸ ਦੇ ਬਾਵਜੂਦ ਮਰੀਜ਼ਾਂ ਨੂੰ ਬਿਹਤਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।