ਮਹਿੰਦਰ ਰਾਮ ਫੁਗਲਾਣਾ, ਜਲੰਧਰ : ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ, ਪੰਜਾਬ ਦੀ ਜਲੰਧਰ ਜ਼ੋਨ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ 28 ਜੁਲਾਈ ਨੂੰ ਪੂਰੇ ਸੂਬੇ ਵਿਚ ਜ਼ਿਲ੍ਹਾ ਪੱਧਰ 'ਤੇ ਸੂਬਾ ਸਰਕਾਰ ਦੇ 55 ਫ਼ੀਸਦ ਅੰਕਾਂ ਦੀ ਸ਼ਰਤ ਵਾਲ਼ੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ ਤੇ 11 ਅਗਸਤ ਨੂੰ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਸੰਗਰੂਰ ਕੋਠੀ ਦਾ ਘਿਰਾਓ ਕਰਨ ਸਬੰਧੀ ਤਿਆਰੀਆਂ ਲਈ ਚਰਚਾ ਕੀਤੀ ਗਈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ, ਸੂਬਾ ਕਮੇਟੀ ਮੈਂਬਰ ਰਿਸ਼ੂ ਬੰਗਾਂ, ਪੂਨਮ ਰਾਣੀ ਨੇ ਕਿਹਾ ਕਿ ਸਿੱਖਿਆ ਮੰਤਰੀ ਸਿੰਗਲਾ ਨਵੀਂ ਅਧਿਆਪਕ ਭਰਤੀ ਸਬੰਧੀ ਗੰਭੀਰਤਾ ਨਹੀਂ ਵਿਖਾ ਰਹੇ। ਇਕ ਪਾਸੇ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿਚ ਇਸ ਸਾਲ ਕਰੀਬ 52,000 ਵਿਦਿਆਰਥੀਆਂ ਦੇ ਨਵੇਂ ਦਾਖ਼ਲੇ ਕਰ ਕੇ ਵਿਦਿਆਰਥੀਆਂ ਦੀ ਗਿਣਤੀ ਵਧਣ ਦਾ ਦਾਅਵਾ ਕਰ ਰਿਹਾ ਹੈ, ਦੂਜੇ ਪਾਸੇ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ, ਜਦੋਂਕਿ ਸਿੱਖਿਆ ਵਿਭਾਗ ਵਿਚ ਕਰੀਬ 30 ਹਜ਼ਾਰ ਅਸਾਮੀਆਂ ਖ਼ਾਲੀ ਪਈਆ ਹਨ।

ਆਗੂਆਂ ਨੇ ਕਿਹਾ ਕਿ ਪੀਐੱਚਡੀ, ਐੱਮਫਿਲ, ਐੱਮਏ, ਬੀਐੱਡ ਡਿਗਰੀਆਂ ਵਾਲ਼ੇ ਹਜ਼ਾਰਾਂ ਉੱਚ ਯੋਗਤਾ ਪ੍ਰੀਖਿਆਵਾਂ ਪਾਸ ਉਮੀਦਵਾਰ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਦੇ ਰਾਹ ਹਨ। ਜੇ ਸਿੱਖਿਆ ਵਿਭਾਗ ਜਲਦੀ ਭਰਤੀ ਪ੍ਰਕਿਰਿਆ ਨਹੀਂ ਸ਼ੁਰੂ ਕਰਦਾ ਤਾਂ ਉਮੀਦਵਾਰ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕਰਨਗੇ।

ਆਗੂਆਂ ਨੇ ਕਿਹਾ ਕਿ ਸਾਡੀਆਂ ਮੰਗਾਂ ਮੁਤਾਬਕ ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਕ 2500 ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ, ਮਾਸਟਰ ਕਾਡਰ ਦੀ ਭਰਤੀ ਲਈ ਗ੍ਰੈਜੂਏਸ਼ਨ ਵਿੱਚੋਂ 55 ਫ਼ੀਸਦ ਅੰਕਾਂ ਦੀ ਸ਼ਰਤ ਖ਼ਤਮ ਕੀਤੇ ਜਾਵੇ ਤੇ 2 ਸਾਲ ਐਕਸ਼ਟੈਨਸ਼ਨ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਤੁਰੰਤ ਸੇਵਾਮੁਕਤ ਕਰਕੇ ਨਵੇਂ ਉਮੀਦਵਾਰਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਮੰਗ ਸ਼ਾਮਲ ਹੈ। ਮੀਟਿੰਗ ਦੌਰਾਨ ਲੱਛਮੀ ਪੁਆਰ, ਸੰਦੀਪ ਕੁਮਾਰ, ਮਨੋਜ ਕੁਮਾਰ, ਗੁਰਚਰਨ ਸਿੰਘ, ਪਵਨਦੀਪ, ਹਨੀ, ਮਨਜੀਤ ਕੌਰ, ਮਨਪ੍ਰਰੀਤ ਕੌਰ, ਅਮਨਦੀਪ ਕੌਰ, ਰਮਨ ਤੇ ਹੋਰ ਹਾਜ਼ਰ ਸਨ।