ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੋਰੋਨਾ ਸ਼ਾਂਤ ਹੋਣ ਤੋਂ ਬਾਅਦ ਸਵਾਈਨ ਫਲੂ ਆਪਣੇ ਪੈਰ ਪਸਾਰਨ ਲੱਗਾ ਹੈ। ਵੀਰਵਾਰ ਨੂੰ ਜ਼ਿਲ੍ਹੇ 'ਚ ਇਕ ਜੋੜੇ ਸਮੇਤ ਤਿੰਨ ਜਣਿਆਂ ਨੂੰ ਸਵਾਈਨ ਫਲੂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਰੀਜ਼ ਲੁਧਿਆਣਾ ਦੇ ਡੀਐੱਮਸੀ ਹਸਪਤਾਲ 'ਚ ਦਾਖਲ ਹੈ। ਨਵੇਂ ਮਾਮਲੇ ਸਾਹਮਣੇ ਆਉਣ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਸਿਹਤ ਵਿਭਾਗ ਨੇ ਪ੍ਰਭਾਵਤ ਇਲਾਕਿਆਂ 'ਚ ਸਰਵੇ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਡਲ ਹਾਊਸ ਇਲਾਕੇ 'ਚ ਇਕ ਜੋੜੇ ਨੂੰ ਸਵਾਈਨ ਫਲੂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਇਕ ਮਰੀਜ਼ ਇੰਡਸਟਰੀਅਲ ਏਰੀਏ ਇਲਾਕੇ ਨਾਲ ਸਬੰਧਤ ਹੈ। ਮਰੀਜ਼ਾਂ ਨੂੰ ਪਿਛਲੇ ਹਫਤੇ ਬੁਖਾਰ ਤੇ ਛਾਤੀ ਦੀ ਸਮੱਸਿਆ ਹੋਈ ਸੀ। ਸਥਾਨਕ ਨਿੱਜੀ ਡਾਕਟਰਾਂ ਤੋਂ ਜਾਂਚ ਪੜਤਾਲ ਕਰਵਾਈ। ਸਿਹਤ ਵਿਗੜਨ 'ਤੇ ਡੀਐੱਮਸੀ ਹਸਪਤਾਲ ਲੁਧਿਆਣਾ 'ਚ ਲਿਜਾਇਆ ਗਿਆ। ਜਿੱਥੇ ਜਾਂਚ 'ਚ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ। ਸਿਹਤ ਵਿਭਾਗ ਲੁਧਿਆਣਾ ਵੱਲੋਂ ਉਕਤ ਮਰੀਜ਼ਾਂ ਦੀ ਰਿਪੋਰਟ ਚੰਡੀਗੜ੍ਹ ਭੇਜੀ ਸੀ। ਸਿਵਲ ਸਰਜਨ ਡਾ. ਰਮਨ ਸ਼ਰਮਾ ਦਾ ਕਹਿਣਾ ਹੈ ਕਿ ਵਿਭਾਗ ਨੂੰ ਵੀਰਵਾਰ ਦੇਰ ਸ਼ਾਮ ਸਵਾਈਨ ਫਲੂ ਦੇ ਮਰੀਜ਼ਾਂ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸਬੰਧਤ ਸਟਾਫ ਨੂੰ ਚੌਕਸ ਕਰ ਦਿੱਤਾ ਗਿਆ। ਵਿਭਾਗ ਦੀ ਟੀਮ ਮਰੀਜ਼ਾਂ ਦਾ ਘਰ ਜਾ ਕੇ ਸਰਵੇ ਕਰੇਗੀ। ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਅਤੇ ਉਨ੍ਹਾਂ 'ਤੇ ਨਿਗਰਾਨੀ ਰੱਖੀ ਜਾਵੇਗੀ। ਇਹਤਿਆਤ ਮਰੀਜ਼ਾਂ ਨੂੰ ਦਵਾਈ ਵੀ ਦਿੱਤੀ ਜਾਵੇਗੀ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 6 ਹੋ ਚੁੱਕੀ ਹੈ ਅਤੇ ਇਕ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ 'ਚ 39 ਸ਼ੱਕੀ ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲਿਆਂ ਦਾ ਅੰਕੜਾ 20 ਤਕ ਪੁੱਜ ਗਿਆ ਹੈ। ਜ਼ਿਲ੍ਹੇ ਨਾਲ ਸਬੰਧਤ ਚਾਰ ਮਰੀਜ਼ ਲੁਧਿਆਣੇ ਦੀ ਡੀਐੱਮਸੀ ਹਸਪਤਾਲ 'ਚ ਦਾਖਲ ਹਨ।