ਜਲੰਧਰ : ਪੰਜਾਬ 'ਚ ਸਵਾਈਨ ਫਲੂ ਦੀ ਦਸਤਕ ਤੋਂ ਬਾਅਦ ਸਿਹਤ ਵਿਭਾਗ ਨੇ ਸਾਰੇ ਜ਼ਿਲਿ੍ਹਆਂ ਨੂੰ ਅਲਰਟ ਕਰ ਦਿੱਤਾ ਹੈ ਪਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸੂਬੇ 'ਚ ਸਭ ਤੋਂ ਵੱਡੇ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਦੀ ਨੀਂਦ ਨਹੀਂ ਟੁੱਟੀ ਹੈ। ਹਸਪਤਾਲ ਪ੍ਰਸ਼ਾਸਨ ਅੱਗ ਲੱਗਣ ਤੋਂ ਬਾਅਦ ਹੀ ਖੂਹ ਪੁੱਟਣ 'ਚ ਵਿਸ਼ਵਾਸ ਰੱਖਦਾ ਹੈ। ਹਸਪਤਾਲ ਦੀ ਲਾਪਰਵਾਹੀ ਮਰੀਜ਼ਾਂ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ। ਹਸਪਤਾਲ ਪ੍ਰਸ਼ਾਸਨ ਨੇ ਹਫੜਾ-ਦਫੜੀ 'ਚ ਸਵਾਈਨ ਫਲੂ ਦੇ ਮਰੀਜ਼ਾਂ ਲਈ ਆਈਸੋਲੇਸ਼ਨ ਵਾਰਡ ਤਿਆਰ ਕਰਵਾਉਣ ਦਾ ਮਨ ਬਣਾਇਆ ਜੋ ਪਹਿਲਾਂ ਤੋਂ ਹੀ 'ਬਿਮਾਰ' ਚੱਲ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਨੇ ਪੁਰਾਣੀ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਈਐੱਨਟੀ ਵਾਰਡ ਨੂੰ ਸਵਾਈਨ ਫਲੂ ਦੇ ਮਰੀਜ਼ਾਂ ਲਈ ਵਾਰਡ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਚਾਰ ਦਿਨ ਪਹਿਲਾਂ ਅਧਿਕਾਰੀਆਂ ਨੇ ਦੌਰਾ ਕਰਕੇ ਮੋਹਰ ਲਗਾ ਦਿੱਤੀ ਪਰ ਵਾਰਡ ਦੀ ਹਾਲਤ ਸੁਧਾਰਨ ਲਈ ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤੀ। ਹਸਪਤਾਲ ਦੀ ਐੱਮਐੱਸ ਹੁਣੇ ਜਿਹੇ ਹੀ ਲੰਬੀ ਛੁੱਟੀ ਤੋਂ ਵਾਪਸ ਆਉਣ ਦੀ ਗੱਲ ਕਹਿ ਕੇ ਪੱਲਾ ਝਾੜ ਰਹੀ ਹੈ ਤੇ ਦੂਜੇ ਅਧਿਕਾਰੀ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੇ ਹਨ।

ਜ਼ਿਕਰਯੋਗ ਹੈ ਕਿ ਸਾਲ 2009 'ਚ ਪਹਿਲੀ ਵਾਰ ਜਲੰਧਰ ਤੋਂ ਹੀ ਸਵਾਈਨ ਫਲੂ ਦੇ ਮਰੀਜ਼ ਪਹਿਲੀ ਵਾਰ ਰਿਪੋਰਟ ਹੋਏ ਸਨ। ਸਵਾਈਨ ਫਲੂ ਲਈ ਬਣਾਏ ਗਏ ਵਾਰਡ ਪੜਤਾਲ 'ਚ ਪਾਇਆ ਗਿਆ ਕਿ ਉੱਥੇ ਰੱਖੇ ਗਏ ਬੈੱਡ 'ਤੇ ਵਿਛਾਏ ਗੱਦੇ ਪਾਟੇ ਹੋਏ ਹਨ ਤੇ ਉਨ੍ਹਾਂ 'ਤੇ ਚਾਦਰਾਂ ਵੀ ਨਹੀਂ ਵਿਛਾਈਆਂ ਗਈਆਂ ਹਨ। 25 ਬੈੱਡਾਂ ਦੀ ਸਮਰੱਥਾ ਵਾਲੇ ਵਾਰਡ 'ਚ ਮਿੱਟੀ ਤੇ ਗੰਦਗੀ ਦਾ ਆਲਮ ਬਰਕਰਾਰ ਹੈ, ਜੋ ਮਰੀਜ਼ਾਂ ਨੂੰ ਠੀਕ ਕਰਨ ਦੀ ਬਜਾਏ ਉਨ੍ਹਾਂ ਦੀ ਇਨਫੈਕਸ਼ਨ ਨੂੰ ਵਧਾਉਣ 'ਚ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਵਾਰਡ 'ਚ ਲਾਈਟਾਂ ਦੀ ਵਿਵਸਥਾ ਵੀ ਵਿਗੜ ਚੁੱਕੀ ਹੈ। ਅੱਧੀਆਂ ਤੋਂ ਵੀ ਜ਼ਿਆਦਾ ਲਾਈਟਾਂ ਬੰਦ ਹਨ। ਵਾਰਡ ਦੇ ਪਖਾਨਿਆਂ ਦੀ ਸੀਵਰੇਜ ਵਿਵਸਥਾ ਖ਼ਰਾਬ ਹੋਣ ਲਈ ਬਲਾਕੇਜ ਨੂੰ ਵੀ ਠੀਕ ਨਹੀਂ ਕਰਵਾਇਆ ਗਿਆ ਹੈ। ਉੱਥੇ ਵਾਰਡ ਲਈ ਸਟਾਫ ਦੀ ਤਾਇਨਾਤੀ ਬਾਰੇ 'ਚ ਵੀ ਵਿਚਾਰ ਨਹੀਂ ਕੀਤਾ ਗਿਆ ਹੈ। ਡੇਂਗੂ ਦੇ ਦਿਨਾਂ 'ਚ ਵੀ ਇਸ ਵਾਰਡ 'ਚ ਡੇਂਗੂ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਰੱਖਿਆ ਗਿਆ ਸੀ ਤਾਂ ਉਨ੍ਹਾਂ ਨੂੰ ਗਰਮੀ 'ਚ ਪੱਖੇ ਦੀ ਹਵਾ ਤੇ ਪੀਣ ਲਈ ਪਾਣੀ ਨਸੀਬ ਨਹੀਂ ਹੋਇਆ ਸੀ।

ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਜਸਮੀਤ ਕੌਰ ਬਾਵਾ ਦਾ ਕਹਿਣਾ ਹੈ ਕਿ ਉਹ ਹਾਲ ਹੀ 'ਚ ਲੰਬੀ ਛੁੱਟੀ ਤੋਂ ਬਾਅਦ ਡਿਊਟੀ 'ਤੇ ਆਈ ਹੈ। ਉਨ੍ਹਾਂ ਸਮੱਸਿਆ ਨੂੰ ਗੰਭੀਰ ਕਰਾਰ ਦਿੱਤਾ ਹੈ। ਉਨ੍ਹਾਂ ਵਾਰਡ ਦਾ ਦੌਰਾ ਕਰਕੇ ਸਾਰੀਆਂ ਕਮੀਆਂ ਨੂੰ ਦੂਰ ਕਰਵਾਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਵਾਰਡ 'ਚ ਮਰੀਜ਼ ਨੂੰ ਸ਼ਿਫਟ ਕਰਨ ਤੋਂ ਪਹਿਲਾਂ ਓਪੀਡੀ ਕੰਪਲੈਕਸ 'ਚ ਫੀਵਰ ਕਾਰਨਰ ਬਣਾਇਆ ਜਾਵੇਗਾ। ਜਿੱਥੇ ਸਵਾਈਨ ਫਲੂ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਜਾਂਚ ਪੜਤਾਲ ਕੀਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਵਾਰਡ 'ਚ ਸ਼ਿਫਟ ਕੀਤਾ ਜਾਵੇਗਾ।

ਸਾਲ - ਸਵਾਈਨ ਫਲੂ ਦੇ ਮਰੀਜ਼

2017 - 19

2018 - 01

-ਇਸ ਤਰ੍ਹਾਂ ਕਰੋ

-ਖਾਂਸੀ ਤੇ ਿਛੱਕਣ ਵੇਲੇ ਮੂੰਹ ਤੇ ਨੱਕ ਨੂੰ ਸਾਫ਼ ਕੱਪੜੇ ਨਾਲ ਢੱਕੋ।

-ਆਪਣੇ ਨੱਕ, ਮੂੰਹ ਤੇ ਅੱਖਾਂ ਨੂੰ ਛੂਹਣ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ।

-ਭੀੜਭਾੜ ਵਾਲੇ ਇਲਾਕੇ 'ਚ ਨਾ ਜਾਓ।

-ਖਾਂਸੀ, ਨੱਕ ਵਗਣਾ, ਿਛੱਕਾਂ ਤੇ ਬੁਖਾਰ ਨਾਲ ਪੀੜਤ ਮਰੀਜ਼ਾਂ ਤੋਂ ਇਕ ਮੀਟਰ ਦੀ ਦੂਰੀ ਰੱਖੋ।

-ਪੂਰੀ ਨੀਂਦ ਸੌਣਾ ਚਾਹੀਦਾ, ਸਰੀਰਕ ਤੌਰ 'ਤੇ ਚੁਸਤ ਰਹੋ ਤੇ ਤਣਾਅ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕਰੋ।

-ਪਾਣੀ ਦਾ ਜ਼ਿਆਦਾ ਇਸਤੇਮਾਲ ਕਰੋ ਤੇ ਪੌਸ਼ਟਿਕ ਖੁਰਾਕ ਲਵੋ।

-ਗਰਭਵਤੀ ਅੌਰਤਾਂ, 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਖਾਸ ਪ੍ਰਹੇਜ਼ ਕਰੋ।

-ਗਰਮ ਪਾਣੀ 'ਚ ਲੂਣ ਪਾ ਕੇ ਪੀਓ।

-ਕੀ ਨਾ ਕਰੀਏ

-ਹੱਥ ਨਾ ਮਿਲਾਓ, ਗਲੇ ਨਾ ਮਿਲੋ, ਮੂੰਹ ਨਾ ਚੁੰਮੋ ਤੇ ਕਿਸੇ ਤਰ੍ਹਾਂ ਦਾ ਦੂਜਿਆਂ ਨਾਲ ਸੰਪਰਕ ਨਾ ਕਰੋ।

-ਬਿਨਾਂ ਜਾਂਚ ਦੇ ਦਵਾਈ ਨਾ ਖਾਓ।