ਮਦਨ ਭਾਰਦਵਾਜ, ਜਲੰਧਰ

ਸ਼ਹਿਰ ਦੀਆਂ ਸੜਕਾਂ ਪੁੱਟਣ ਕਾਰਨ ਲੋਕ ਪਹਿਲਾਂ ਹੀ ਕਾਫੀ ਪਰੇਸ਼ਾਨੀ ਝੱਲ ਰਹੇ ਹਨ ਤੇ ਹੁਣ ਨਗਰ ਨਿਗਮ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਸੱਤ ਜ਼ੋਨਾਂ 'ਚ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਸੀਵਰ ਦਾ ਕੰਮ ਸ਼ੁਰੂ ਹੋਣ ਨਾਲ ਲੋਕਾਂ ਦੀ ਪਰੇਸ਼ਾਨੀ ਵਧਣ ਦੀ ਸੰਭਾਵਨਾ ਹੈ। ਨਗਰ ਨਿਗਮ ਨੇ ਵਿੱਤ ਤੇ ਠੇਕਾ ਕਮੇਟੀ ਦੀਆਂ ਮੀਟਿੰਗਾਂ ਕਰ ਕੇ ਜਿਹੜੇ ਸੀਵਰੇਜ ਦੇ ਕੰਮ ਪਾਸ ਕੀਤੇ ਸਨ, ਹੁਣ ਉਨ੍ਹਾਂ ਦੇ ਵਰਕ ਆਰਡਰ ਜਾਰੀ ਹੋ ਚੁੱਕੇ ਹਨ।

--

10 ਕਰੋੜ ਦੇ ਟੈਂਡਰਾਂ ਨੂੰ ਦਿੱਤੀ ਮਨਜ਼ੂਰੀ

ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਨੇ ਮੀਟਿੰਗ ਕਰ ਕੇ ਸੱਤ ਜ਼ੋਨਾਂ 'ਚ 10 ਕਰੋੜ ਦੇ ਸੀਵਰੇਜ ਦੇ ਕੰਮਾਂ ਨੂੰ ਮਨਜ਼ੂਰੀ ਦੇ ਰੱਖੀ ਹੈ, ਉਨ੍ਹਾਂ ਦੇ ਕੰਮ ਵੀ ਸ਼ੁਰੂ ਹੋਣ ਜਾ ਰਹੇ ਹਨ। ਸੀਵਰ ਪਾਈਪਾਂ ਪਾਉਣ ਲਈ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਦੀਆਂ ਸੜਕਾਂ ਤੇ ਗਲੀਆਂ ਮੁੜ ਪੁੱਟੀਆਂ ਜਾਣਗੀਆਂ। ਇਸ ਕਾਰਨ ਜਿਥੇ ਲੋਕਾਂ ਦਾ ਘਰ ਜਾਣਾ ਮੁਸ਼ਕਲ ਹੋ ਸਕਦਾ ਹੈ, ਘਰ ਦੇ ਬਾਹਰ ਵਾਹਨ ਖੜ੍ਹੇ ਕਰਨੇ ਅੌਖੇ ਹੋ ਜਾਣਗੇ।

--

ਰਾਮਾ ਮੰਡੀ ਤੇ ਹੋਰ ਹਲਕਿਆਂ 'ਚ ਸ਼ੁਰੂ ਹੋ ਸਕਦੈ ਕੰਮ : ਸਤਿੰਦਰ ਕੁਮਾਰ

ਇਸ ਦੌਰਾਨ ਨਗਰ ਨਿਗਮ ਦੇ ਓਐਂਡਐੱਮ ਦੇ ਐੱਸਈ ਸਤਿੰਦਰ ਕੁਮਾਰ ਨੇ ਵੀ ਮੰਨਿਆ ਹੈ ਕਿ ਸੀਵਰੇਜ ਪਾਉਣ ਦੇ ਕੰਮਾਂ ਲਈ ਟੈਂਡਰਾਂ ਦੇ ਵਰਕ ਆਰਡਰ ਵੀ ਅਲਾਟ ਹੋ ਚੁੱਕੇ ਹਨ। ਜ਼ੋਨਲ ਆਧਾਰ 'ਤੇ ਸੀਵਰ ਪਾਉਣ ਦੇ ਵਧੇਰੇ ਕੰਮਾਂ ਨੂੰ ਮਨਜ਼ੂਰੀ ਮਿਲੀ ਹੋਈ ਹੈ, ਦਾ ਕੰਮ ਸ਼ੁੂਰੂ ਹੋ ਸਕਦਾ ਹੈ। ਸੀਵਰ ਦਾ ਕੰਮ ਸ਼ੁਰੂ ਹੋਣ ਵਾਲੇ ਇਲਾਕਿਆਂ 'ਚ ਰਾਮਾ ਮੰਡੀ ਦੇ ਕੁਝ ਇਲਾਕੇ, ਬਸਤੀਆਂ ਖੇਤਰ ਤੇ ਨਾਰਥ ਹਲਕੇ ਕੇ ਕੁਝ ਏਰੀਏ ਵੀ ਸ਼ਾਮਲ ਹਨ। ਉਕਤ ਖੇਤਰਾਂ 'ਚ ਕਈ ਥਾਵਾਂ 'ਤੇ 5, ਕਈ 'ਤੇ 10 ਲੱਖ ਤੇ ਕਈ ਥਾਵਾਂ 'ਤੇ ਪੁਰਾਣਾ ਸੀਵਰ ਨਕਾਰਾ ਹੋਣ 'ਤੇ ਨਵੇਂ ਸਿਰਿਓਂ ਸੀਵਰ ਪਾਉਣ ਦੇ ਕੰਮ ਸ਼ਾਮਲ ਹਨ ਪਰ ਲੈਦਰ ਕੰਪਲੈਕਸ ਵਰਗੇ ਇਲਾਕਿਆਂ 'ਚ ਨਗਰ ਨਿਗਮ ਕੋਲੋਂ ਸੀਵਰੇਜ ਬੰਦ ਹੋਣ ਦੀਆਂ ਸਮੱਸਿਆਵਾਂ ਹੱਲ ਨਹੀਂ ਹੋ ਰਹੀਆਂ ਹਨ।

--

10 ਕਰੋੜ ਦੇ ਕੰਮਾਂ ਦੇ ਆਰਡਰ ਹੋ ਚੁੱਕੇ ਨੇ ਜਾਰੀ

ਨਿਗਮ ਦੇ 7 ਜ਼ੋਨਾਂ 'ਚ ਸੀਵਰ ਪਾਉਣ ਦੇ 10 ਕਰੋੜ ਦੇ ਕੰਮਾਂ ਦੇ ਟੈਂਡਰ ਲੱਗਣ ਤੋਂ ਬਾਅਦ ਠੇਕੇਦਾਰਾਂ ਨੂੰ ਵਰਕ ਆਰਡਰ ਜਾਰੀ ਹੋ ਚੁੱਕੇ ਹਨ। ਇਸ ਲਈ ਹੁਣ ਕਿਸੇ ਵੀ ਸਮੇਂ ਸੀਵਰ ਪਾਉਣ ਦੇ ਕੰਮ ਕਰਨ ਲਈ ਸੜਕਾਂ ਪੁੱਟਣ ਦਾ ਕੰਮ ਸ਼ੁਰੂ ਹੋ ਸਕਦਾ ਹੈ।

--

ਅੱਗਾ ਦੌੜ ਤੇ ਪਿੱਛਾ ਚੌੜ

ਨਗਰ ਨਿਗਮ ਦੀ ਸਥਿਤੀ 'ਅੱਗਾ ਦੌੜ ਤੇ ਪਿੱਛਾ ਚੌੜ' ਵਾਲੀ ਬਣੀ ਹੋਈ ਹੈ, ਮਤਲਬ ਪਹਿਲਾਂ ਪੁੱਟੀਆਂ ਸੜਕਾਂ ਤਾਂ ਬਣ ਨਹੀਂ ਰਹੀਆਂ ਤੇ ਹੁਣ ਸੀਵਰ ਪਾਉਣ ਲਈ ਹੋਰ ਸੜਕਾਂ ਪੁੱਟ ਕੇ ਲੋਕਾਂ ਦੀਆਂ ਮੁਸੀਬਤਾਂ 'ਚ ਵਾਧਾ ਕਰਨ ਲਈ ਤਿਆਰ ਹੈ। ਸ਼ਹਿਰ 'ਚ ਤਾਂ ਪਹਿਲਾਂ ਹੀ ਡੇਢ ਦਰਜਨ ਤੋਂ ਵੱਧ ਸੜਕਾਂ ਪੁੱਟੀਆਂ ਹੋਈਆਂ ਹਨ।