ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ ਵਿਚ ਅੱਜ ਅੰਗਰੇਜ਼ੀ ਵਿਭਾਗ ਦੇ ਮੁਖੀ ਅਤੇ ਐਸੋਸੀਏਟ ਪੋ੍ਫੈਸਰ ਸਵੀਟੀ ਮਾਨ ਦੀ ਸੇਵਾ ਮੁਕਤੀ ਮੌਕੇ ਉਨ੍ਹਾਂ ਲਈ ਵਿਦਾਇਗੀ ਸਮਾਰੋਹ ਕਰਵਾਇਆ ਗਿਆ। 1988 ਵਿਚ ਆਪਣੀ ਸੇਵਾ ਇਸੇ ਕਾਲਜ ਵਿਚ ਆਰੰਭ ਕਰਨ ਵਾਲੇ ਸਵੀਟੀ ਮਾਨ ਨੇ ਲਗਾਤਾਰ 34 ਸਾਲ ਪੂਰੀ ਪ੍ਰਤੀਬੱਧਤਾ ਨਾਲ ਆਪਣਾ ਕਾਰਜ ਨਿਭਾਇਆ। ਜ਼ਿਕਰਯੋਗ ਤੱਥ ਇਹ ਹੈ ਕਿ ਇਸੇ ਕਾਲਜ ਨਾਲ ਵਿਦਿਆਰਥੀ ਜੀਵਨ ਤੋਂ ਹੀ 1977 ਤੋਂ ਜੁੜੇ ਹੋਏ ਹਨ। ਇਸ ਦੇ ਨਾਲ ਹੀ ਉਹ ਕਾਲਜ ਦੀਆਂ ਵੱਖ-ਵੱਖ ਕਮੇਟੀਆਂ ਵਿਚ ਗਤੀਸ਼ੀਲ ਰਹੇ। ਕਾਲਜ ਦੇ ਮੈਗਜ਼ੀਨ ਦੇ ਚੀਫ ਐਡੀਟਰ, ਬੋਰਡ ਆਫ ਸਟੱਡੀਜ਼ ਦੇ ਮੈਂਬਰ, ਲੈਂਗੂਏਜ਼ ਫੈਕਲਟੀ ਦੇ ਮੈਂਬਰ, ਐੱਨਸੀਸੀ ਦੇ ਇੰਚਾਰਜ, ਸੱਭਿਆਚਾਰਕ ਗਤੀਵਿਧੀਆਂ ਵਿਚ ਵੀ ਵਿਦਿਆਰਥੀਆਂ ਨੂੰ ਯੋਗ ਅਗਵਾਈ ਦਿੰਦੇ ਰਹੇ ਹਨ। ਪਿੰ੍ਸੀਪਲ ਡਾ. ਨਵਜੋਤ ਨੇ ਇਸ ਰਿਟਾਇਰਮੈਂਟ ਮੌਕੇ ਸਵੀਟੀ ਮਾਨ ਨੂੰ ਜਿੱਥੇ ਵਧਾਈ ਦਿੱਤੀ, ਉਥੇ ਉਨ੍ਹਾਂ ਵੱਲੋਂ ਆਪਣੇ ਕਾਰਜ ਕਾਲ ਦੌਰਾਨ ਨਿਭਾਈਆਂ ਜ਼ਿੰਮੇਵਾਰੀਆਂ ਲਈ ਉਨ੍ਹਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ। ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਬਲਬੀਰ ਕੌਰ ਦੀ ਸਰਪ੍ਰਸਤੀ ਵਿਚ ਤੇ ਪਿੰ੍ਸੀਪਲ ਡਾ. ਨਵਜੋਤ ਵੱਲੋਂ ਸਵੀਟੀ ਮਾਨ ਨੂੰ ਗ੍ਰੈਚੂਟੀ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਸਵੀਟੀ ਮਾਨ ਵੱਲੋਂ ਵੀ ਕਾਲਜ ਕਮੇਟੀ, ਪਿੰ੍ਸੀਪਲ ਤੇ ਸਮੁੱਚੇ ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ ਪਰਿਵਾਰ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਾਥ ਤੇ ਸਹਿਯੋਗ ਵਿਚ ਉਨ੍ਹਾਂ ਨੇ ਆਪਣੇ ਕਾਰਜ ਕਾਲ ਦੀ ਯਾਤਰਾ ਸਫਲਤਾ ਨਾਲ ਮੁਕੰਮਲ ਕੀਤੀ।