- ਡੀਸੀਓ ਅਮਰਜੀਤ ਸਿੰਘ ਨੇ ਜਲੰਧਰ-2 ਦਾ ਕੰਮ ਕੀਤਾ ਸ਼ੁਰੂ

---

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸਿਹਤ ਵਿਭਾਗ ਦੇ ਡਰੱਗ ਵਿੰਗ ਦੇ ਮੁਅੱਤਲ ਕੀਤੇ ਗਏ ਡਰੱਗ ਕੰਟਰੋਲ ਅਫਸਰ (ਡੀਸੀਓ) ਰਵੀ ਗੁਪਤਾ ਨੂੰ ਰਿਲੀਵ ਕਰ ਦਿੱਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਵੀਰਵਾਰ ਨੂੰ ਡਰੱਗ ਵਿੰਗ 'ਚ ਕਾਫੀ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਰਿਹਾ। ਉੱਥੇ ਹੀ ਦਵਾਈਆਂ ਦੀ ਮਾਰਕੀਟ 'ਚ ਵੀ ਡੀਸੀਓ ਦੀ ਮੁਅੱਤਲੀ ਦਾ ਮੁੱਦਾ ਚਰਚਾ 'ਚ ਰਿਹਾ। ਓਧਰ ਡਰੱਗ ਦਫ਼ਤਰ ਦੇ ਉੱਚ ਅਧਿਕਾਰੀ ਵੀ ਜ਼ਮੀਨਦੋਜ਼ ਹੋ ਗਏ ਹਨ।

ਸਿਹਤ ਵਿਭਾਗ ਮੁਤਾਬਕ, ਵਿਭਾਗ ਦੇ ਸਕੱਤਰ ਅਜੋਯ ਸ਼ਰਮਾ ਦੇ ਆਦੇਸ਼ਾਂ ਤੋਂ ਬਾਅਦ ਕੰਮ ਕਰਨ ਬਦਲੇ ਰਕਮ ਲੈਣ ਦੇ ਮਾਮਲੇ 'ਚ ਸਰਕਾਰ ਨੂੰ ਮਿਲੀ ਵੀਡੀਓ ਦੇ ਮਾਮਲੇ 'ਚ ਡੀਸੀਓ ਰਵੀ ਗੁਪਤਾ ਨੂੰ ਮੁਅੱਤਲ ਕਰਨ ਤੋਂ ਬਾਅਦ ਜਲੰਧਰ ਦਫ਼ਤਰ ਤੋਂ ਰਿਲੀਵ ਕਰ ਦਿੱਤਾ ਗਿਆ। ਦਫ਼ਤਰ 'ਚੋਂ ਰਵੀ ਗੁਪਤਾ ਦੇ ਅਫਸਰ ਵੀ ਗਾਇਬ ਰਹੇ। ਡੀਸੀਓ ਰਵੀ ਗੁਪਤਾ ਨੇ ਚਾਰਜ ਨਹੀਂ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਡੀਸੀਓ ਵੀਡੀਓ ਮਾਮਲੇ ਨੂੰ ਲੈ ਕੇ ਆਪਣੇ ਬਚਾਅ ਲਈ ਹੱਥ-ਪੈਰ ਮਾਰ ਰਿਹਾ ਹੈ।

ਉੱਥੇ ਹੀ ਡੀਸੀਓ ਅਮਰਜੀਤ ਸਿੰਘ ਨੇ ਸਕੱਤਰ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਜਲੰਧਰ-2 ਦਾ ਕੰਮਕਾਰ ਦੇਖਣਾ ਸ਼ੁਰੂ ਕਰ ਦਿੱਤਾ ਹੈ। ਜ਼ੋਨਲ ਲਾਇਸੈਂਸਿੰਗ ਅਥਾਰਟੀ ਲਖਵੰਤ ਸਿੰਘ ਨਾਲ ਇਸ ਸਬੰਧੀ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਓਧਰ ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਦੱਸਿਆ ਕਿ ਵਿਭਾਗ ਦੇ ਸਕੱਤਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਰਵੀ ਗੁਪਤਾ ਨੂੰ ਰਿਲੀਵ ਕਰ ਦਿੱਤਾ ਗਿਆ ਹੈ। ਮਾਮਲਾ ਗੰਭੀਰ ਹੋਣ ਕਾਰਨ ਉਹ ਖੁਦ ਵੀ ਇਸ ਦੀ ਨਿਗਰਾਨੀ ਕਰ ਰਹੇ ਹਨ।