ਗਿਆਨ ਸੈਦਪੁਰੀ, ਸ਼ਾਹਕੋਟ : ਪ੍ਰਰੀ-ਮੌਨਸੂਨ ਦੇ ਮੀਂਹ ਦੇ ਕੁਝ ਦਿਨਾਂ 'ਚ ਹੀ ਸ਼ਾਹਕੋਟ ਬਲਾਕ ਵਿੱਚ ਡੇਂਗੂ ਮੱਛਰ ਦਾ ਪ੍ਰਭਾਵ ਦਿਸਣ ਲੱਗ ਪਿਆ ਹੈ। ਸ਼ਾਹਕੋਟ ਦੇ ਪਿੰਡ ਚੱਕ ਬਾਹਮਣੀਆਂ ਵਿਚ ਡੇਂਗੂ ਪਾਜ਼ੀਟਿਵ ਮਹਿਲਾ ਦੀ ਤਸਦੀਕ ਹੋਈ ਹੈ। ਸਰਕਾਰੀ ਲੈਬੋਰੇਟਰੀ ਤੋਂ ਰਿਪੋਰਟ ਮਿਲਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਵੀਰਵਾਰ ਨੂੰ ਪਿੰਡ ਵਿੱਚ ਸਰਵੇ ਕੀਤਾ। ਇਸ ਮਰੀਜ਼ ਦੇ ਘਰ ਅਤੇ ਆਲੇ-ਦੁਆਲੇ ਦੇ ਘਰਾਂ ਵਿੱਚ ਜਾਂਚ ਕੀਤੀ ਗਈ ਅਤੇ ਸਾਰੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਦੇ ਉਪਾਅ ਕਰਨ ਲਈ ਕਿਹਾ ਗਿਆ। ਨਾਲ ਹੀ ਬਲਾਕ ਦੇ ਹੋਰ ਪਿੰਡਾਂ ਵਿੱਚ ਵੀ ਜਾਂਚ ਮੁਹਿੰਮ ਤੇਜ਼ ਕੀਤੀ ਗਈ ਹੈ।

ਸੀਨੀਅਰ ਮੈਡੀਕਲ ਅਫਸਰ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਲੋਕ ਇਹ ਧਿਆਨ ਰੱਖਣ ਕਿ ਕਿਸੇ ਵੀ ਸਰੋਤ ਵਿੱਚ ਇੱਕ ਹਫ਼ਤੇ ਤੱਕ ਪਾਣੀ ਜਮ੍ਹਾਂ ਨਾ ਰਹੇ। ਗਮਲਿਆਂ, ਪੰਛੀਆਂ ਨੂੰ ਪਾਣੀ ਪਿਲਾਉਣ ਲਈ ਰੱਖੇ ਕਟੋਰਿਆਂ ਆਦਿ ਦਾ ਪਾਣੀ ਵੀ ਬਦਲਦੇ ਰਹੋ। ਬਲਾਕ ਮਾਸ ਮੀਡੀਆ ਅਫਸਰ ਚੰਦਨ ਮਿਸ਼ਰਾ ਨੇ ਦੱਸਿਆ ਕਿ ਪਿੰਡ ਚੱਕ ਬਾਹਮਣੀਆਂ ਵਿਖੇ 32 ਸਾਲ ਦੀ ਇੱਕ ਅੌਰਤ ਦੀ ਰਿਪੋਰਟ ਡੇਂਗੂ ਪਾਜੀਟਿਵ ਆਉਣ ਤੋਂ ਬਾਅਦ ਟੀਮਾਂ ਨੇ ਸਰਵੇ ਕੀਤਾ ਹੈ। ਪਿੰਡ ਦੇ 20 ਘਰਾਂ ਦਾ ਸਰਵੇ ਕੀਤਾ ਗਿਆ। ਇਸ ਦਰਮਿਆਨ ਕਿਸੇ ਵਿਅਕਤੀ 'ਚ ਬੁਖਾਰ ਦੇ ਲੱਛਣ ਨਹੀਂ ਮਿਲੇ ਹਨ। ਟੀਮ 'ਚ ਸ਼ਾਮਲ ਏਐੱਨਐੱਮ ਕਮਲਜੀਤ ਕੌਰ, ਆਸ਼ਾ ਫੈਸੀਲੀਟੇਟਰ ਗੁਰਜੀਤ ਕੌਰ ਤੇ ਆਸ਼ਾ ਵਰਕਰ ਨੇ ਪਿੰਡ ਵਾਲਿਆਂ ਨੂੰ ਬਰਸਾਤ ਦੇ ਦਿਨਾਂ 'ਚ ਸਾਫ-ਸਫਾਈ ਰੱਖਣ ਤੇ ਪੂਰੀ ਬਾਂਹ ਦੇ ਕੱਪੜੇ ਪਾਉਣ, ਮੱਛਰਦਾਨੀ ਲਾਉਣ ਤੇ ਕ੍ਰੀਮ ਆਦਿ ਦੀ ਵਰਤੋਂ ਕਰਦੇ ਰਹਿਣ ਲਈ ਕਿਹਾ।