ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰ. ਦੋ ਦੀ ਪੁਲਿਸ ਨੇ ਦੀਵਾਲੀ ਵਾਲੀ ਰਾਤ ਸੰਗਤ ਸਿੰਘ ਨਗਰ 'ਚ ਜੱਸਾ ਕਤਲਕਾਂਡ ਨੂੰ ਅੰਜਾਮ ਦੇਣ ਵਾਲੇ ਅਜੇਪਾਲ ਕਾਲੂ ਦੇ ਮਾਂ-ਪਿਓ 'ਤੇ ਗੋਲ਼ੀ ਚਲਾਉਣ ਵਾਲੇ ਗਿਰੋਹ ਦੇ ਇਕ ਹੋਰ ਮੈਂਬਰ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਸੁਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੰਗਤ ਸਿੰਘ ਨਗਰ 'ਚ ਦੀਵਾਲੀ ਦੀ ਰਾਤ ਗੋਲ਼ੀਆਂ ਚਲਾਉਣ ਵਾਲੇ ਗਿਰੋਹ ਦਾ ਇਕ ਮੈਂਬਰ ਸੂਰਜ ਕੁਮਾਰ ਜੇਲ੍ਹ ਚੌਕ ਲਾਗੇ ਕਿਸੇ ਦੀ ਉਡੀਕ ਕਰ ਰਿਹਾ ਹੈ ਜਿਸ 'ਤੇ ਤੁਰੰਤ ਪੁਲਿਸ ਪਾਰਟੀ ਨੇ ਛਾਪੇਮਾਰੀ ਕਰ ਕੇ ਉਸ ਨੂੰ ਕਾਬੂ ਕਰ ਲਿਆ। ਮੁੱਢਲੀ ਪੁੱਛਗਿੱਛ ਵਿਚ ਸੂਰਜ ਨੇ ਦੱਸਿਆ ਕਿ ਉਹ ਬਸਤੀਆਤ ਖੇਤਰ ਵਿਚ ਰਹਿਣ ਵਾਲੇ ਪਿ੍ਰੰਸ ਬਿੱਲਾ ਅਤੇ ਸਾਗਰ ਦਾ ਦੋਸਤ ਹੈ ਅਤੇ ਦੀਵਾਲੀ ਤੋਂ ਦੋ ਦਿਨ ਪਹਿਲਾਂ ਪਿ੍ਰੰਸ ਬਿੱਲਾ ਨੇ ਉਸ ਨੂੰ ਆਪਣੇ ਘਰ ਬੁਲਾਇਆ ਸੀ ਜਿੱਥੇ ਸਾਗਰ, ਜੱਸੇ ਦਾ ਭਾਣਜਾ ਪਿ੍ਰੰਸ ਰੰਧਾਵਾ ਤੇ ਗੁਰਪ੍ਰਰੀਤ ਸਿੰਘ ਗੋਪੀ ਬੈਠੇ ਹੋਏ ਸਨ। ਰਾਤ ਵੇਲੇ ਸ਼ਰਾਬ ਪੀਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਜੱਸੇ ਦਾ ਬਦਲਾ ਲੈਣ ਲਈ ਸੰਗਤ ਸਿੰਘ ਨਗਰ ਵਿਚ ਰਹਿੰਦੇ ਕਾਲੂ ਦੇ ਮਾਂ ਪਿਉ ਦਾ ਕਤਲ ਕਰ ਦੇਣਗੇ ਜਿਸ ਤੋਂ ਕਾਲੂ ਨੂੰ ਪਤਾ ਲੱਗੇਗਾ ਕਿ ਆਪਣਿਆਂ ਤੋਂ ਵਿੱਛੜਣ ਦਾ ਦੁੱਖ ਕੀ ਹੁੰਦਾ ਹੈ। ਉਸ ਨੇ ਦੱਸਿਆ ਕਿ ਪਿ੍ਰੰਸ ਬਿੱਲਾ ਕੋਲ ਪਹਿਲਾਂ ਹੀ ਨਾਜਾਇਜ਼ ਪਿਸਟਲ ਸੀ। ਉਨ੍ਹਾਂ ਸਾਰਿਆਂ ਨੇ ਮਿਲ ਕੇ ਦੀਵਾਲੀ ਵਾਲੀ ਰਾਤ ਸੰਗਤ ਸਿੰਘ ਨਗਰ ਵਿਚ ਕਾਲੂ ਦੇ ਘਰ ਜਾ ਕੇ ਗੋਲ਼ੀਆਂ ਚਲਾਈਆਂ ਸਨ। ਪਰ ਕਾਲੂ ਦੇ ਮਾਂ ਪਿਉ ਵਾਲ-ਵਾਲ ਬਚ ਗਏ ਸਨ। ਇੰਸਪੈਕਟਰ ਸੁਖਵੀਰ ਸਿੰਘ ਨੇ ਦੱਸਿਆ ਕਿ ਹਾਲੇ ਇਸ ਮਾਮਲੇ ਵਿਚ ਹੋਰ ਵੀ ਮੁਲਜ਼ਮ ਫ਼ਰਾਰ ਹਨ ਜਿਨ੍ਹਾਂ ਦੀ ਤਲਾਸ਼ ਵਿਚ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।