ਰਾਕੇਸ਼ ਗਾਂਧੀ, ਜਲੰਧਰ : ਨਾਕੇਬੰਦੀ ਦੌਰਾਨ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦ ਇਕ ਕਾਰ 'ਚ ਅਫ਼ੀਮ ਦੀ ਸਪਲਾਈ ਦੇਣ ਜਾ ਰਹੇ ਇਕ ਸਪਲਾਇਰ ਨੂੰ ਕਾਬੂ ਕਰ ਕੇ ਭਾਰੀ ਮਾਤਰਾ 'ਚ ਅਫ਼ੀਮ ਬਰਾਮਦ ਕੀਤੀ।

ਐੱਸਪੀ ਇਨਵੈਸਟੀਗੇਸ਼ਨ ਰਾਜਬੀਰ ਸਿੰਘ ਬੋਪਾਰਾਏ, ਡੀਐੱਸਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਤੇ ਡੀਐੱਸਪੀ ਰਨਜੀਤ ਸਿੰਘ ਬੰਦੇਸ਼ਾ ਨੇ ਦੱਸਿਆ ਕਿ ਥਾਣਾ ਮਕਸੂਦਾਂ ਦੇ ਮੁਖੀ ਸਬ-ਇੰਸਪੈਕਟਰ ਜਰਨੈਲ ਸਿੰਘ ਦੀ ਅਗਵਾਈ ਹੇਠ ਸਬ-ਇੰਸਪੈਕਟਰ ਰਘੁਨਾਥ ਸਿੰਘ, ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਪੁਲਿਸ ਸਮੇਤ ਬਿਧੀਪੁਰ ਫਾਟਕ ਲਾਗੇ ਨਾਕੇਬੰਦੀ ਕੀਤੀ ਹੋਈ ਸੀ ਕਿ ਮਾਰੂਤੀ ਨੰਬਰ ਡੀਐੱਲ 8 ਸੀਸੀ 8007 ਪੁਲਿਸ ਪਾਰਟੀ ਦੇਖ ਕੇ ਇਕਦਮ ਰੁਕ ਗਈ ਤੇ ਪਿਛਾਂਹ ਨੂੰ ਮੁੜਨ ਲੱਗੀ। ਸ਼ੱਕ ਪੈਣ 'ਤੇ ਪੁਲਿਸ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਕੇ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਪਿਛਲੀ ਸੀਟ ਹੇਠੋਂ ਚਾਰ ਕਿੱਲੋ ਅਫ਼ੀਮ ਬਰਾਮਦ ਹੋਈ। ਕਾਰ ਸਵਾਰ ਦੀ ਪਛਾਣ ਅੰਗਰੇਜ਼ ਸਿੰਘ ਵਾਸੀ ਪ੍ਰੇਮ ਨਗਰ ਕੋਟਕਪੂਰਾ ਵਜੋਂ ਹੋਈ। ਉਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਹੈ।

ਇਕ ਚੱਕਰ ਦੇ ਲੈਂਦਾ ਸੀ 50 ਹਜ਼ਾਰ

ਮੁੱਢਲੀ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਫੜਿਆ ਗਿਆ ਨੌਜਵਾਨ ਸਿਰਫ ਸਪਲਾਇਰ ਹੈ ਤੇ ਵੈਸਟ ਬੰਗਾਲ ਤੋਂ ਅਫੀਮ ਲਿਆ ਕੇ ਪੰਜਾਬ 'ਚ ਸਪਲਾਈ ਕਰਨ ਲਈ ਉਸ ਨੂੰ ਇਕ ਗੇੜੇ ਦੇ 50 ਹਜ਼ਾਰ ਮਿਲਦੇ ਸਨ। ਇਹ ਅਫੀਮ ਕਿਸ ਨੂੰ ਦੇਣੀ ਹੈ, ਇਸ ਬਾਰੇ ਮੌਕੇ 'ਤੇ ਪੁੱਜ ਕੇ ਫੋਨ ਆਉਂਦਾ ਸੀ ਤੇ ਸਪਲਾਈ ਮਗਰੋਂ ਪੈਸੇ ਮਿਲ ਜਾਂਦੇ ਸਨ।

ਗੱਡੀ ਲੈ ਕੇ ਸਹੁਰੇ ਪਰਿਵਾਰ ਨੂੰ ਮਿਲਣ ਜਾ ਰਿਹਾ ਸੀ

ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਹ ਗੱਡੀ ਲੈ ਕੇ ਅੰਮਿ੍ਤਸਰ ਆਪਣੇ ਸਹੁਰਿਆਂ ਨੂੰ ਮਿਲਣ ਜਾ ਰਿਹਾ ਸੀ ਤੇ ਹੋ ਸਕਦਾ ਹੈ ਕਿ ਸਮੱਗਲਰਾਂ ਨੇ ਇਹ ਸਪਲਾਈ ਅੰਮਿ੍ਤਸਰ 'ਚ ਹੀ ਦੇਣੀ ਹੋਵੇ। ਪੁਲਿਸ ਇਸ ਬਾਰੇ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ। ਪੁਲਿਸ ਅੰਗਰੇਜ਼ ਸਿੰਘ ਦੇ ਮੋਬਾਈਲ ਦੀ ਕਾਲ ਡਿਟੇਲ ਕਢਵਾ ਕੇ ਸਮੱਗਲਰ ਤਕ ਪੁੱਜਣ ਦੀ ਕੋਸ਼ਿਸ਼ ਕਰ ਰਹੀ ਹੈ।

ਚੋਰੀ ਦੇ ਮਾਮਲੇ 'ਚ ਕੱਟ ਚੁੱਕੈ ਸਜ਼ਾ

ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅੰਗਰੇਜ਼ ਸਿੰਘ 'ਤੇ ਇਸ ਤੋਂ ਪਹਿਲਾਂ ਵੀ ਚੋਰੀ ਦਾ ਇਕ ਮਾਮਲਾ ਦਰਜ ਹੋਇਆ ਸੀ ਤੇ ਉਸ ਮਾਮਲੇ 'ਚ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਸੀ। ਸਜ਼ਾ ਕੱਟਣ ਤੋਂ ਬਾਅਦ ਉਹ ਨਸ਼ੇ ਦੀ ਦਲਦਲ 'ਚ ਫਸ ਗਿਆ ਤੇ ਸਪਲਾਇਰ ਬਣ ਗਿਆ। ਐੱਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਉਹ ਹੁਣ ਤਕ ਕਿੰਨੇ ਵਾਰ ਸਪਲਾਈ ਕਰ ਚੁੱਕਿਆ ਹੈ, ਬਾਰੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ।