ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਭਾਵੇਂ ਸ਼ਹਿਰ ਵਿਚ ਕੋਰੋਨਾ ਮਹਾਮਾਰੀ ਦਾ ਖੋਫ਼ ਵਧਦਾ ਜਾ ਰਿਹਾ ਹੈ ਪਰ ਸੰਡੇ ਬਾਜ਼ਾਰ 'ਚ ਖ਼ਰੀਦਦਾਰੀ ਕਰਨ ਜਾਣ ਵਾਲਿਆਂ 'ਚ ਇਸ ਦਾ ਕੋਈ ਖੌਫ਼ ਨਜ਼ਰ ਨਹੀਂ ਆ ਰਿਹਾ ਹੈ। ਐਤਵਾਰ ਨੂੰ ਪੁਲਿਸ ਨੇ ਜੋਤੀ ਚੌਕ ਤੋਂ ਰੈਣਕ ਬਾਜ਼ਾਰ ਵਿਚਕਾਰ ਲੱਗਣ ਵਾਲੇ ਸੰਡੇ ਬਾਜ਼ਾਰ ਵਿਚ ਜਾਣ ਵਾਲਿਆਂ ਨੂੰ ਮਾਸਕ ਪਾਉਣ ਲਈ ਪ੍ਰਰੇਰਿਤ ਕੀਤਾ ਅਤੇ ਕਈਆਂ ਦੇ ਚਲਾਨ ਵੀ ਕੀਤੇ ਪਰ ਕੀਤੇ ਗਏ ਚਲਾਨਾਂ ਦੀ ਗਿਣਤੀ ਬਾਰੇ ਪਤਾ ਨਹੀਂ ਚੱਲ ਸਕਿਆ ਹੈ। ਇਸ ਦੌਰਾਨ ਇਕ ਨਵ-ਵਿਆਹੀ ਦੇ ਉਸ ਸਮੇਂ ਹੰਝੂ ਨਿਕਲ ਆਏ, ਜਦੋਂ ਉਸ ਨੂੰ ਮਾਸਕ ਨਾ ਪਾਉਣ 'ਤੇ ਹਜ਼ਾਰ ਰੁਪਏ ਦਾ ਪੁਲਿਸ ਵੱਲੋਂ ਚਲਾਨ ਕਟਵਾਉਣ ਲਈ ਕਿਹਾ ਗਿਆ। ਭਾਵੇਂ ਸੰਡੇ ਬਾਜ਼ਾਰ ਨਗਰ ਨਿਗਮ ਦੀ ਮਨਜ਼੍ੂਰੀ ਦੇ ਬਿਨਾਂ ਹੀ ਲੱਗ ਰਿਹਾ ਹੈ ਪਰ ਉਸ ਵਿਚ ਆਉਣ ਵਾਲੇ ਲੋਕ ਬਿਨਾਂ ਕੋਰੋਨਾ ਦੇ ਖੌਫ ਦੇ ਖਰੀਦੋ ਫਰੋਖ਼ਤ ਕਰਦੇ ਨਜ਼ਰ ਆਏ, ਜਿਨ੍ਹਾਂ ਵਿਚੋਂ ਵਧੇਰਿਆਂ ਨੇ ਮਾਸਕ ਤਕ ਨਹੀਂ ਪਾ ਰੱਖੇ ਸਨ। ਉਕਤ ਬਾਜ਼ਾਰ ਵਿਚ ਮਰਦ ਅਤੇ ਅੌਰਤਾਂ ਦੇ ਨਾਲ-ਨਾਲ ਬੱਚੇ ਵੀ ਵੱਡੀ ਗਿਣਤੀ ਵਿਚ ਜਾਂਦੇ ਹਨ। ਅਖਬਾਰਾਂ ਵਿਚ ਸੰਡੇ ਬਾਜ਼ਾਰ ਦੀ ਖਬਰ ਛਪਣ ਕਾਰਨ ਪੁਲਿਸ ਨੂੰ ਵੀ ਸਖ਼ਤੀ ਦਿਖਾਉਣ ਲਈ ਮਜਬੂਰ ਹੋਣਾ ਪਿਆ।

----------------

ਜਦੋਂ ਚਲਾਨ ਦੇ ਡਰੋਂ ਨਵ-ਵਿਆਹੀ ਦੇ ਨਿਕਲੇ ਹੰਝੂ

ਜੋਤੀ ਚੌਕ ਤੋਂ ਰੈਣਕ ਬਾਜ਼ਾਰ 'ਚ ਲੱਗੇ ਸੰਡੇ ਬਾਜ਼ਾਰ 'ਚ ਬਿਨਾਂ ਮਾਸਕ ਦੇ ਇਕ ਦਿਹਾਤੀ ਨਵ-ਵਿਆਹੀ ਮੁਟਿਆਰ ਦਾਖ਼ਲ ਹੋਈ ਤਾਂ ਉਸ ਨੂੰ ਮਹਿਲਾ ਪੁਲਿਸ ਨੇ ਰੋਕ ਲਿਆ। ਮਾਸਕ ਨਾ ਪਾਉਣ 'ਤੇ ਉਸ ਦਾ ਚਲਾਨ ਕਰਨ ਅਤੇ ਹਜ਼ਾਰ ਰੁਪਏ ਜੁਰਮਾਨੇ ਦੀ ਗੱਲ ਕੀਤੀ ਤਾਂ ਉਸ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਆਏ। ਉਸ ਨੇ ਕਿਹਾ ਕਿ ਉਹ ਇਕ ਪਿੰਡ ਤੋਂ ਸ਼ਹਿਰ 'ਚ ਖਰੀਦੋ ਫ਼ਰੋਖ਼ਤ ਕਰਨ ਆਈ ਸੀ ਅਤੇ ਪਿੰਡ ਵਿਚ ਕੋਈ ਵੀ ਮਾਸਕ ਨਹੀਂ ਪਾਉਂਦਾ। ਇਸ ਲਈ ਉਹ ਬਿਨਾਂ ਮਾਸਕ ਦੇ ਸ਼ਹਿਰ ਆ ਗਈ। ਇਸ ਦੌਰਾਨ ਉਸ ਦੀਆਂ ਅੱਖਾਂ ਵਿਚ ਨਿਕਲੇ ਹੰਝੂ ਦੇਖ ਕੇ ਮਹਿਲਾ ਪੁਲਿਸ ਨੇ ਚਿਤਾਵਨੀ ਦੇ ਕੇ ਛੱਡ ਦਿੱਤਾ ਤੇ ਕਿਹਾ ਕਿ ਉਹ ਭਵਿੱਖ ਵਿਚ ਸ਼ਹਿਰ ਆਉਣ ਤੋਂ ਪਹਿਲਾਂ ਮਾਸਕ ਲਾ ਕੇ ਆਏ।