ਅਮਰਜੀਤ ਸਿੰਘ ਵੇਹਗਲ, ਜਲੰਧਰ

ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਬੀਤੇ ਦਿਨੀਂ ਪਟਿਆਲਾ ਵਿਖੇ ਹੋਏ ਟਕਰਾਅ ਦੇ ਮਾਮਲੇ 'ਚ ਪੁਲਿਸ ਵਲੋਂ ਤੰਗ ਕੀਤੇ ਜਾ ਰਹੇ ਨੌਜਵਾਨਾਂ ਦੇ ਹੱਕ ਵਿਚ ਪ੍ਰਰੈੱਸ ਕਾਨਫ਼ਰੰਸ ਕਰਕੇ ਨਿਤਰਨ ਦਾ ਐਲਾਨ ਕੀਤਾ ਹੈ। ਪ੍ਰਰੈੱਸ ਕਾਨਫਰੰਸ ਵਿਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੋਂ ਇਲਾਵਾ ਪਟਿਆਲਾ ਦੁਖਦਾਈ ਕਾਂਡ ਲਈ ਮਾਸਟਰ ਮਾਈਂਡ ਮੰਨੇ ਜਾਂਦੇ ਬਰਜਿੰਦਰ ਸਿੰਘ ਪਰਵਾਨਾ ਦੀ ਪਤਨੀ ਰਮਨਦੀਪ ਕੌਰ, ਸਿੱਖ ਅਲਾਇੰਸ ਜਥੇਬੰਦੀ ਦੇ ਸੁਖਦੇਵ ਸਿੰਘ ਫਗਵਾੜਾ, ਸ੍ਰੀ ਅਕਾਲ ਤਖ਼ਤ ਸਹਿਬ ਵੱਲੋਂ ਪਟਿਆਲਾ ਦੁਖਦਾਈ ਕਾਂਡ ਲਈ ਬਣਾਈ ਗਈ ਕਮੇਟੀ ਦੇ ਨੁਮਾਇੰਦੇ ਪਰਮਪਾਲ ਸਿੰਘ ਸਭਰਾ, ਗੁਰਨਾਮ ਸਿੰਘ ਮੋਨਕਾ, ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਢਾ ਵੱਲੋਂ ਸਿੱਖ ਨੌਜਵਾਨਾਂ ਨੂੰ ਤੰਗ ਕਰਨ ਅਤੇ ਬਰਜਿੰਦਰ ਸਿੰਘ ਪਰਵਾਨਾ ਨੂੰ ਨਾਜਾਇਜ਼ ਪੁਲਿਸ ਹਿਰਾਸਤ ਵਿਚ ਰੱਖਣ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਨਾਜਾਇਜ਼ ਹਿਰਾਸਤ ਵਿਚ ਰੱਖੇ ਗਏ ਬਰਜਿੰਦਰ ਸਿੰਘ ਪਰਵਾਨਾ ਤੇ ਹੋਰ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਬਿਨਾਂ ਕਿਸੇ ਵਜ੍ਹਾ ਹੋਰ ਨੌਜਵਾਨਾਂ ਨੂੰ ਤੰਗ ਨਾ ਕੀਤਾ ਜਾਵੇ। ਸਰਕਾਰ ਨੂੰ ਚਾਹੀਦਾ ਸੀ ਕਿ ਜਾਂਚ ਕਰ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਨਾ ਕਿ ਬੇਦੋਸ਼ਿਆਂ ਨੂੰ ਕਾਬੂ ਕਰ ਕੇ ਤੰਗ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਬਰਜਿੰਦਰ ਸਿੰਘ ਪਰਵਾਨਾ ਉਸ ਵਕਤ ਪ੍ਰਸ਼ਾਸਨ ਨਾਲ ਕੀਤੇ ਵਾਅਦੇ ਅਨੁਸਾਰ ਗੁਰਦੁਆਰਾ ਸਾਹਿਬ 'ਚ ਹੀ ਰਹੇ ਹਨ। ਉਹ ਤਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਹੀ ਨਹੀਂ ਨਿਕਲੇ ਤਾਂ ਫਿਰ ਉਨ੍ਹਾਂ ਦਾ ਇਸ ਘਟਨਾ ਨਾਲ ਕੋਈ ਵਾਸਤਾ ਹੋਣਾ ਮੰਨਿਆ ਨਹੀਂ ਜਾ ਸਕਦਾ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ। ਬਰਜਿੰਦਰ ਸਿੰਘ ਪਰਵਾਨਾ ਦੀ ਪਤਨੀ ਰਮਨਦੀਪ ਕੌਰ ਨੇ ਕਿਹਾ ਕਿ ਘਟਨਾ ਦੀ ਜੁਡੀਸ਼ਲ ਜਾਂਚ ਹੋਣੀ ਚਾਹੀਦੀ ਹੈ। ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਦਿਨੀਂ ਨਿਜ਼ਾਮਪੁਰ ਕਤਲ ਕਾਂਡ ਵਿੱਚ ਨਾਮਜ਼ਦ ਕੀਤੇ ਬਰਜਿੰਦਰ ਸਿੰਘ ਪਰਵਾਨਾ ਦੀ ਪਤਨੀ ਜੋ ਇਨਸਾਫ ਦੀ ਅਪੀਲ ਕੀਤੀ ਹੈ ਉਸ ਸਬੰਧੀ ਵੀ ਜੇ ਐੱਸਐੱਸਪੀ ਕਪੂਰਥਲਾ ਵੱਲੋਂ ਇਨਸਾਫ ਨਹੀਂ ਦਿੱਤਾ ਜਾਂਦਾ ਤਾਂ ਉਹ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ ਤੇ ਜੇ ਫਿਰ ਵੀ ਇਨਸਾਫ਼ ਨਹੀਂ ਮਿਲਦਾ ਤਾਂ ਉਹ ਜ਼ਿਲ੍ਹਾ ਪੱਧਰੀ ਧਰਨਾ ਪ੍ਰਦਰਸ਼ਨ ਕਰਨਗੇ। ਇਸੇ ਨਾਲ ਹੀ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਬੇਨਤੀ ਕੀਤੀ ਕੇ ਬਰਜਿੰਦਰ ਸਿੰਘ ਪਰਵਾਨਾ ਤੇ ਹੋਰ ਨੌਜਵਾਨਾਂ ਨੂੰ ਇਨਸਾਫ ਦਿੱਤਾ ਜਾਵੇ। ਉਹ ਡੀਜੀਪੀ ਤੱਕ ਵੀ ਪਹੁੰਚ ਕਰਨਗੇ। ਕਈ ਰਾਜਨੀਤਿਕ ਪਾਰਟੀਆਂ ਇਸ ਨੂੰ ਧਾਰਮਿਕ ਰੰਗਤ ਦੇ ਕੇ ਲਾਹਾ ਲੈਣਾ ਚਾਹੁੰਦੀਆਂ ਹਨ ਜਿਸ ਨਾਲ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋ ਰਹੀ ਹੈ। ਸੱਚਾਈ ਇਹ ਹੈ ਕਿ ਜਦੋਂ ਹਰੀਸ਼ ਸਿੰਗਲੇ ਵੱਲੋਂ ਸੋਸ਼ਲ ਮੀਡੀਆ 'ਤੇ ਖਾਲਿਸਤਾਨ ਵਿਰੋਧੀ ਮਾਰਚ ਕੱਢਣ ਦਾ ਐਲਾਨ ਕੀਤਾ ਸੀ ਤਾਂ ਪ੍ਰਸ਼ਾਸਨ ਨੂੰ ਹਰਕਤ ਵਿੱਚ ਆਉਣਾ ਚਾਹੀਦਾ ਸੀ ਪਰ ਪ੍ਰਸ਼ਾਸਨ ਵੱਲੋਂ ਿਢੱਲ ਮੱਠ ਵਰਤਣ ਦੌਰਾਨ ਹੀ ਅਜਿਹੀ ਮੰਦਭਾਗੀ ਘਟਨਾ ਵਾਪਰ ਗਈ। ਇਸ ਤੋਂ ਇਲਾਵਾ ਸਿੱਖ ਅਲਾਇੰਸ ਜਥੇਬੰਦੀ ਦੇ ਮੁਖੀ ਸੁਖਦੇਵ ਸਿੰਘ ਫਗਵਾੜਾ ਨੇ ਕਿਹਾ ਕਿ ਪੁਲਿਸ ਵਲੋਂ ਸਮਾਣਾ ਤੋਂ ਕਾਬੂ ਕੀਤੇ ਗਏ ਜਗਜੀਤ ਸਿੰਘ 'ਤੇ ਇੰਨਾ ਅੱਤਿਆਚਾਰ ਕੀਤਾ ਕਿ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਇਸ ਤੋਂ ਇਲਾਵਾ ਉੁਨ੍ਹਾਂ ਕਿਹਾ ਕਿ 12ਵੀਂ ਕਲਾਸ ਵਿਚ ਪੜ੍ਹਦੇ ਵਿਦਿਆਰਥੀ ਜਸ਼ਨਦੀਪ ਨੂੰ ਇਮਤਿਹਾਨ ਦੇਣ ਤੋਂ ਰੋਕ ਕੇ ਪੁਲਿਸ ਵੱਲੋਂ ਪਟਿਆਲਾ ਵਿਖੇ ਵਾਪਰੀ ਦੁਖਦਾਈ ਘਟਨਾ ਨਾਲ ਜੋੜ ਕੇ ਕਾਬੂ ਕਰਨਾ ਮੰਦਭਾਗਾ ਹੈ। ਹਰ ਇਕ ਘਟਨਾ ਵਿੱਚ ਸਿੱਖ ਨੌਜਵਾਨਾਂ ਨੂੰ ਅਪਰਾਧੀ ਮਨਣ ਲਾਲ ਨੌਜਵਾਨ ਸਿੱਧੇ ਰਸਤੇ ਚੱਲਣ ਤੋਂ ਹਟ ਕੇ ਅਪਰਾਧੀ ਹੀ ਬਣਨਗੇ। ਉਨਾਂ੍ਹ ਮੰਗ ਕੀਤੀ ਕਿ ਕਾਬੂ ਕੀਤੇ ਗਏ ਨੌਜਵਾਨਾਂ ਨੂੰ ਜਲਦ ਤੋਂ ਜਲਦ ਇਨਸਾਫ਼ ਦਿੱਤਾ ਜਾਵੇ।