ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਵਿਧਾਨ ਸਭਾ ਚੋਣਾਂ 2022 ਲਈ ਸ਼ੋ੍ਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਸਪਾ ਨਾਲ ਕੀਤੇ ਸਮਝੌਤੇ ਵਿੱਚ ਵਿਧਾਨ ਸਭਾ ਹਲਕਾ ਕਰਤਾਰਪੁਰ ਦੀ ਸੀਟ ਬਸਪਾ ਦੀ ਝੋਲੀ ਪਾਈ ਹੈ ਜਿਸ ਤਹਿਤ ਹਲਕਾ ਕਰਤਾਰਪੁਰ ਤੋਂ ਸ਼ੋ੍ਮਣੀ ਅਕਾਲੀ ਦਲ ਦੇ ਇੰਚਾਰਜ ਸੇਠ ਸਤਪਾਲ ਮੱਲ, ਜ਼ਿਲ੍ਹਾ ਜਥੇਦਾਰ ਤੇ ਹਲਕਾ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨਾਲ ਸਰਕਲ ਪਚਰੰਗਾ ਦੇ ਜਥੇਦਾਰ ਕਮਲਜੀਤ ਸਿੰਘ ਘੁੰਮਣ ਸਮੇਤ ਵੱਖ-ਵੱਖ ਸਰਕਲਾਂ ਤੋ ਥਾਪੇ ਜਥੇਦਾਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਸਰਕਲ ਪਚਰੰਗਾ ਅਧੀਨ ਆਉਂਦੇ 28 ਪਿੰਡਾਂ ਵਿੱਚ ਜਥੇਦਾਰ ਕਮਲਜੀਤ ਸਿੰਘ ਘੁੰਮਣ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਡਟ ਕੇ ਕੰਮ ਕਰਨ ਦਾ ਥਾਪੜਾ ਦਿੱਤਾ ਅਤੇ ਹਲਕਾ ਕਰਤਾਰਪੁਰ ਤੋਂ ਸ਼ੋ੍ਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਜਿੱਤ ਯਕੀਨੀ ਬਣਾਉਣ ਲਈ ਸੀਨੀਅਰ ਲੀਡਰਸ਼ਿਪ ਨਾਲ ਤਾਲਮੇਲ ਕਰਦਿਆਂ ਪਿੰਡਾਂ ਵਿਚ ਤਕੜੇ ਹੋ ਕੇ ਕੰਮ ਕਰਨ ਲਈ ਆਖਿਆ ਗਿਆ। ਸਰਕਲ ਜਥੇਦਾਰ ਕਮਲਜੀਤ ਸਿੰਘ ਘੁੰਮਣ ਨੇ ਪਾਰਟੀ ਪ੍ਰਧਾਨ ਨੂੰ ਯਕੀਨ ਦਿਵਾਇਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਰਕਲ ਪਚਰੰਗਾ ਅਧੀਨ ਆਉਂਦੇ ਪਿੰਡਾਂ ਵਿੱਚ ਸ਼ੋ੍ਮਣੀ ਅਕਾਲੀ ਦਲ ਤੇ ਬਸਪਾ ਆਗੂਆਂ/ਵਰਕਰਾਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਜਾਣਗੀਆਂ ਤੇ ਕਰਤਾਰਪੁਰ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਈ ਜਾਵੇਗੀ। ਘੁੰਮਣ ਨੇ ਕਿਹਾ ਕਿ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਹੋਇਆ ਸਮਝੌਤਾ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਗੱਠਜੋੜ ਪੰਜਾਬ ਦੀ ਰਾਜਨੀਤੀ 'ਚ ਨਵਾਂ ਇਤਿਹਾਸ ਸਿਰਜੇਗਾ।