ਜਤਿੰਦਰ ਪੰਮੀ, ਜਲੰਧਰ : ਆਮ ਆਦਮੀ ਪਾਰਟੀ ਸਰਕਾਰ ਦੇ ਰਾਜ ’ਚ ਹੋਏ ਵਾਰ-ਵਾਰ ਘਪਲਿਆਂ ਨੇ ਕਠਪੁਤਲੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਕਾਬ ਕਰ ਦਿੱਤਾ ਹੈ। ਇਨ੍ਹਾਂ ਘਪਲਿਆਂ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰ ’ਚ ਡੁੱਬੀ ਹੈ। ਇਨ੍ਹਾਂ ਘਪਲਿਆਂ ਨਾਲ ਨੌਜਵਾਨਾਂ ਦਾ ਮਨੋਬਲ ਡਿੱਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਾਈ ਕੋਰਟ ’ਚ ਆਪ ਮੰਨਿਆ ਹੈ ਕਿ ਨਾਇਬ ਤਹਿਸੀਲਦਾਰਾਂ ਦੀ ਭਰਤੀ ’ਚ ਘਪਲੇ ਹੋਏ, ਜਿਸ ਕਾਰਨ ਇਹ ਭਰਤੀ ਪ੍ਰਕਿਰਿਆ ਰੱਦ ਕੀਤੀ ਹੈ।

ਗੁਰੂ ਅਮਰਦਾਸ ਨਗਰ ’ਚ ਅਕਾਲੀ ਆਗੂ ਗੁਰਪ੍ਰੀਤ ਸਿੰਘ ਗੋਪੀ ਰੰਧਾਵਾ ਦੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਇਹ ਸਿਰਫ਼ ਮੈਰਿਟ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਨੌਕਰੀ ਦੇਵੇਗੀ। ਅਜਿਹਾ ਕਰਨ ਦੀ ਤਾਂ ਗੱਲ ਹੀ ਛੱਡੋ, ਜਿਸ ਢੰਗ ਨਾਲ ਸਰਕਾਰ ਨੇ ਭਰਤੀ ਕੀਤੀ ਹੈ, ਉਸ ਨੇ ਨੌਜਵਾਨਾਂ ਦਾ ਮਨੋਬਲ ਡੇਗਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਲੱਖਾਂ ਨੌਕਰੀਆਂ ਦੇ ਵਾਅਦੇ ਕੀਤੇ ਗਏ ਪਰ ‘ਆਪ’ ਸਰਕਾਰ ਨੇ ਸਰਕਾਰੀ ਵਿਭਾਗਾਂ ’ਚ ਵੀ ਖ਼ਾਲੀ ਪਈਆਂ ਆਸਾਮੀਆਂ ਨਹੀਂ ਭਰੀਆਂ। 30 ਹਜ਼ਾਰ ਮੁਲਾਜ਼ਮ ਸੇਵਾਵਾਂ ਰੈਗੂਲਰ ਹੋਣ ਦੀ ਉਡੀਕ ਕਰ ਰਹੇ ਹਨ।

ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡਰਾਮੇਬਾਜ਼ੀ ਕਰਨ ਤੇ ਸਰਕਾਰੀ ਖ਼ਜ਼ਾਨੇ ਦੀ ਕੀਮਤ ’ਤੇ ਨਾਂ ਬਦਲੀ ਮੁਹਿੰਮ ਵਿੱਢਣ ਦੀ ਨਿਖੇਧੀ ਕੀਤੀ। ਪਹਿਲਾਂ ਸੇਵਾ ਕੇਂਦਰਾਂ ਦੇ ਨਾਂ ਮੁਹੱਲਾ ਕਲੀਨਿਕਾਂ ’ਚ ਬਦਲੇ ਗਏ। ਹੁਣ 540 ਪੇਂਡੂ ਡਿਸਪੈਂਸਰੀਆਂ ਦੇ ਨਾਂ ਮੁਹੱਲਾ ਕਲੀਨਿਕ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਮੈਰੀਟੋਰੀਅਸ ਸਕੂਲਾਂ ਦਾ ਨਾਂ ਬਦਲ ਕੇ ਸਕੂਲ ਆਫ ਐਮੀਨੈਂਸ ਕਰਨ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਕਿਵੇਂ ‘ਆਪ’ ਸਰਕਾਰ ਦੀ ਨਵੀਂ ਸਨਅਤੀ ਨੀਤੀ ਉਦਯੋਗ ਖੇਤਰ ਨੇ ਰੱਦ ਕਰ ਦਿੱਤੀ ਹੈ ਤੇ ਇਸ ਕਾਰਨ ਉਦਯੋਗ ਗੁਆਂਢੀ ਰਾਜ ਨੂੰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਨਅਤਕਾਰ ਇਸ ਕਰਕੇ ਵੀ ਉੱਤਰ ਪ੍ਰਦੇਸ਼ ਜਾ ਰਹੇ ਹਨ ਕਿਉਂਕਿ ਪੰਜਾਬ ’ਚ ਕਾਨੂੰਨ ਵਿਵਸਥਾ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਇਸ ਮੌਕੇ ਜਗਬੀਰ ਸਿੰਘ ਬਰਾੜ, ਕੁਲਵੰਤ ਸਿੰਘ ਮੰਨਣ, ਚੰਦਨ ਗਰੇਵਾਲ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ, ਮਨਿੰਦਰਪਾਲ ਸਿੰਘ ਗੁੰਬਰ ਤੇ ਹੋਰ ਵੀ ਮੌਜੂਦ ਸਨ।

Posted By: Jagjit Singh