ਸੰਵਾਦ ਸਹਿਯੋਗੀ, ਜਲੰਧਰ : ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਸਮਰਾਵਾਂ 'ਚ ਫੁੱਟਬਾਲ ਕੋਚ ਨੇ ਪਿਆਰ 'ਚ ਠੁਕਰਾਇਆ ਤਾਂ ਉਸ ਦੀ ਸਾਥੀ ਮਹਿਲਾ ਕੋਚ ਨੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਪੁਲਿਸ ਨੇ ਮਿ੍ਤਕਾ ਕੋਚ ਹਰਦੀਪ ਕੌਰ ਦੀ ਮਾਂ ਕਮਲਜੀਤ ਕੌਰ ਦੇ ਬਿਆਨ 'ਤੇ ਪ੍ਰਰੇਮੀ ਤੇ ਸਾਥੀ ਕੋਚ ਪਿੰਡ ਜੰਡਿਆਲਾ ਵਾਸੀ ਅਰੁਣਦੀਪ ਸਿੰਘ ਉਰਫ ਅਰੁਣ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ ਹੈ। ਅਰੁਣ ਦੀ ਭਾਲ 'ਚ ਪੁਲਿਸ ਨੇ ਦੋ ਟੀਮਾਂ ਬਣਾ ਕੇ ਵੱਖ-ਵੱਖ ਥਾਂ ਭੇਜੀਆਂ ਹਨ। ਉਥੇ ਪੁਲਿਸ ਦੀ ਜਾਂਚ 'ਚ ਸਾਹਮਣੇ ਆਇਆ ਸੀ ਕਿ ਮਹਿਲਾ ਕੋਚ ਨੇ ਖੁਦਕੁਸ਼ੀ ਤੋਂ ਪਹਿਲਾਂ ਮੁਲਜ਼ਮ ਨਾਲ ਮੋਬਾਈਲ ਫੋਨ ਉਤੇ ਗੱਲ ਵੀ ਕੀਤੀ ਸੀ ਤੇ ਮੈਸੇਜ ਵੀ ਹੋਏ ਸਨ। ਜਦੋਂ ਪੁਲਿਸ ਨੇ ਮਿ੍ਤਕਾ ਦਾ ਮੋਬਾਈਲ ਕਬਜ਼ੇ 'ਚ ਲਿਆ ਤਾਂ ਉਸ ਦੇ ਸਾਰੇ ਰਿਕਾਰਡ ਗਾਇਬ ਸਨ। ਅਜਿਹੇ ਵਿਚ ਪੁਲਿਸ ਨੇ ਉਸ ਦਾ ਮੋਬਾਈਲ ਫਾਰੈਂਸਿਕ ਜਾਂਚ ਲਈ ਭੇਜਿਆ ਹੈ, ਜਿਸ ਤੋਂ ਕਈ ਰਾਜ਼ ਖੁੱਲ੍ਹ ਸਕਦੇ ਹਨ। ਥਾਣਾ ਮੁਖੀ ਅਜਾਇਬ ਸਿੰਘ ਨੇ ਦੱਸਿਆ ਕਿ ਮਹਿਲਾ ਕੋਚ ਦੀ ਮਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

-----------------

ਮਾਂ ਦੇ ਬਿਆਨਾਂ 'ਤੇ ਪੁਲਿਸ ਨੇ ਮਾਮਲਾ ਕੀਤਾ ਦਰਜ

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਿ੍ਤਕਾ ਦੀ ਮਾਂ ਨੇ ਕਿਹਾ ਕਿ ਉਸ ਦੀ ਧੀ ਹਰਦੀਪ ਕੌਰ ਸਰਕਾਰੀ ਸਕੂਲ 'ਚ ਫੁੱਟਬਾਲ ਕੋਚ ਸੀ। ਮੁਲਜ਼ਮ ਅਰੁਣਦੀਪ ਵੀ ਉਥੇ ਕੋਚ ਸੀ ਤੇ ਦੋਵੇਂ ਆਪਸ ਵਿਚ ਦੋਸਤ ਸਨ। ਹਰਦੀਪ ਅਰੁਣਦੀਪ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਬੀਤੇ ਕੁਝ ਦਿਨਾਂ ਤੋਂ ਅਰੁਣਦੀਪ ਨੇ ਹਰਦੀਪ ਦਾ ਫੋਨ ਉਠਾਉਣਾ ਬੰਦ ਕਰ ਦਿੱਤਾ ਤੇ ਨਾਲ ਹੀ ਉਸ ਨੂੰ ਮਿਲਣ ਤੋਂ ਵੀ ਮਨ੍ਹਾ ਕਰ ਦਿੱਤਾ। ਇਸੇ ਗੱਲ ਤੋਂ ਦੁਖੀ ਹੋ ਕੇ ਉਸ ਨੇ ਮੰਗਲਵਾਰ ਦੇਰ ਰਾਤ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਸ ਨੂੰ ਇਲਾਜ ਲਈ ਪਿਮਸ ਹਸਪਤਾਲ ਦਾਖਲ ਵੀ ਕਰਵਾਇਆ ਪਰ ਇਲਾਜ ਦੌਰਾਨ ਹਰਦੀਪ ਨੇ ਦਮ ਤੋੜ ਦਿੱਤਾ। ਪੁਲਿਸ ਨੇ ਕਮਲਜੀਤ ਦੇ ਬਿਆਨਾਂ 'ਤੇ ਅਰੁਣ ਖ਼ਿਲਾਫ਼ ਖੁਦਕੁਸ਼ੀ ਦਾ ਮਾਮਲਾ ਦਰਜ ਕਰ ਲਿਆ ਸੀ।