ਜਤਿੰਦਰ ਪੰਮੀ, ਜਲੰਧਰ : ਪੰਜਾਬ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਕੇਂਦਰੀ ਹਾਈਕਮਾਂਡ ਵੱਲੋਂ ਸੂਬੇ ’ਚ ਪਾਰਟੀ ਨੂੰ, ਵਿਸ਼ੇਸ਼ ਕਰਕੇ ਮਾਝੇ ਤੇ ਦੋਆਬੇ ’ਚ ਮਜ਼ਬੂਤ ਕਰਨ ਲਈ ਕੁਝ ਮਹੀਨਿਆਂ ਤੋਂ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ।

ਇਨ੍ਹਾਂ ਉਪਰਾਲਿਆਂ ਤਹਿਤ ਹੀ ਪਾਰਟੀ ਦੇ ਕਈ ਪੁਰਾਣੇ ਵਿਧਾਇਕ, ਐੱਮਪੀ ਤੇ ਵੱਡੇ ਲੀਡਰਾਂ ਨੂੰ ਮੁੜ ਪਾਰਟੀ ’ਚ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਪਾਰਟੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ‘ਆਪ’ ਨੂੰ ਮਾਝੇ ਇਲਾਕੇ ’ਚ ਮਜ਼ਬੂਤ ਕਰਨ ਲਈ ਪਾਰਟੀ ਹਾਈਕਮਾਂਡ ਦੀ ਨਜ਼ਰ ਪਾਰਟੀ ਦੇ ਸਾਬਕਾ ਸੂਬਾ ਕਨਵੀਨਰ ਰਹਿ ਚੁੱਕੇ ਸੀਨੀਅਰ ਸਿਆਸਤਦਾਨ ਸੁੱਚਾ ਸਿੰਘ ਛੋਟੇਪੁਰ ’ਤੇ ਹੈ।

ਪਾਰਟੀ ਅੰਦਰਲੇ ਸੂਤਰਾਂ ਮੁਤਾਬਕ ਛੋਟੇਪੁਰ ਨੂੰ ਪਾਰਟੀ ’ਚ ਮੁੜ ਸ਼ਾਮਲ ਕਰਨ ਲਈ ਦਿੱਲੀ ਹਾਈਕਮਾਂਡ ਉਨ੍ਹਾਂ ਦੇ ਸੰਪਰਕ ’ਚ ਹੈ ਅਤੇ ਉਨ੍ਹਾਂ ਨੂੰ ਕਿਸੇ ਵੇਲੇ ਵੀ ਪਾਰਟੀ ’ਚ ਮੁੜ ਸ਼ਾਮਲ ਕੀਤਾ ਜਾ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਛੋਟੇਪੁਰ ਦੀ ‘ਆਪ’ ’ਚ ਵਾਪਸੀ ਲਈ ਢੁਕਵੇਂ ਸਮੇਂ ਦੀ ਤਲਾਸ਼ ਹੈ ਕਿਉਂਕਿ ਮੌਜੂਦਾ ਸਮੇਂ ਚੱਲ ਰਹੇ ਕਿਸਾਨੀ ਸੰਘਰਸ਼ ਕਾਰਨ ਅਜਿਹਾ ਨਹੀਂ ਹੋ ਰਿਹਾ ਪਰ ਪਾਰਟੀ ਹਾਈਕਮਾਂਡ ਸਹੀ ਸਮਾਂ ਮਿਲਣ ’ਤੇ ਉਨ੍ਹਾਂ ਨੂੰ ਚੰਡੀਗੜ੍ਹ ਜਾਂ ਦਿੱਲੀ ਵਿਖੇ ਸ਼ਾਮਲ ਕਰ ਸਕਦੀ ਹੈ।


ਦੋ ਵਾਰ ਚੁਣੇ ਗਏ ਆਜ਼ਾਦ ਤੌਰ ’ਤੇ ਵਿਧਾਇਕ

ਦੱਸਣਯੋਗ ਹੈ ਕਿ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਪਿੰਡ ਛੋਟੇਪੁਰ ਦੇ ਰਹਿਣ ਵਾਲੇ ਸੁੱਚਾ ਸਿੰਘ ਛੋਟੇਪੁਰ ਬਰਨਾਲਾ ਸਰਕਾਰ ਵੇਲੇ ਕੈਬਨਿਟ ਮੰਤਰੀ ਸਨ ਅਤੇ ਫਿਰ ਦੋ ਵਾਰ ਆਜ਼ਾਦ ਤੌਰ ’ਤੇ ਵਿਧਾਇਕ ਚੁਣੇ ਗਏ। 2014 ’ਚ ਛੋਟੇਪੁਰ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਰੁਤਬੇ ਤੇ ਸਿਆਸੀ ਤਜਰਬੇ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾਈ ਕਨਵੀਨਰ ਲਾਇਆ ਗਿਆ ਸੀ।


2016 ’ਚ ‘ਆਪ’ ਨਾਲੋਂ ਟੁੱਟਿਆ ਰਿਸ਼ਤਾ

ਛੋਟੇਪੁਰ ਨੇ ਕਰੀਬ ਦੋ ਸਾਲਾਂ ਦੇ ਅਰਸੇ ਦੌਰਾਨ ਆਮ ਆਦਮੀ ਪਾਰਟੀ ਦੀ ਸਿਆਸੀ ਦਿੱਖ ਮਜ਼ਬੂਤ ਕਰਨ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਸੀ ਪਰ 2017 ਦੀਆਂ ਚੋਣਾਂ ਤੋਂ ਪਹਿਲਾਂ ਟਿਕਟਾਂ ਦੀ ਵੰਡ ਮੌਕੇ ਉਨ੍ਹਾਂ ਉਪਰ ਕਥਿਤ ਤੌਰ ’ਤੇ ਕਿਸੇ ਨੂੰ ਟਿਕਟ ਦੇਣ ਬਦਲੇ ਰਕਮ ਲੈਣ ਦੀ ਸਟਿੰਗ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਵੱਲੋਂ 26 ਅਗਸਤ 2016 ਪਾਰਟੀ ’ਚੋਂ ਕੱਢ ਦਿੱਤਾ ਗਿਆ।

ਆਪਣਾ ਪੰਜਾਬ ਪਾਰਟੀ ਦਾ ਕੀਤਾ ਗਠਨ

‘ਆਪ’ ਨਾਲੋਂ ਵੱਖ ਹੋਣ ਤੋਂ ਬਾਅਦ ਸੁੱਚਾ ਸਿੰਘ ਛੋਟੇਪੁਰ ਨੇ ਆਪਣੇ ਹਮਾਇਤੀਆਂ ਨੂੰ ਨਾਲ ਲੈ ਕੇ ਆਪਣਾ ਪੰਜਾਬ ਪਾਰਟੀ ਦਾ ਗਠਨ ਕਰ ਕੇ ਵਿਧਾਨ ਸਭਾ ਚੋਣਾਂ ’ਚ ਉਮੀਦਵਾਰ ਖੜ੍ਹੇ ਕਰ ਦਿੱਤੇ। ਛੋਟੇਪੁਰ ਵੱਲੋਂ ਵੱਖਰੀ ਪਾਰਟੀ ਬਣਾ ਲੈਣ ਨਾਲ ‘ਆਪ’ ਨੂੰ ਕਰੀਬ 20 ਸੀਟਾਂ ’ਤੇ ਨੁਕਸਾਨ ਹੋਇਆ ਸੀ।

2017 ਵਿਚ ‘ਆਪ’ ਦੇ ਹੱਕ ’ਚ ਹਵਾ ਹੋਣ ਦੇ ਬਾਵਜੂਦ ਉਸ ਨੂੰ ਮਾਲਵੇ ਵਿਚ ਤਾਂ ਸੀਟਾਂ ਮਿਲ ਗਈਆਂ ਪਰ ਦੋਆਬੇ ਤੇ ਮਾਝੇ ’ਚ ਪਾਰਟੀ ਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆ ਸੀ। ਮਾਝੇ ਤੇ ਦੋਆਬੇ ਵਿਚ ਕਮਜ਼ੋਰ ਰਹਿਣ ਕਾਰਨ ਹੁਣ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੇ ਦੋਵਾਂ ਖਿੱਤਿਆਂ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਰੁੱਸੇ ਆਗੂਆਂ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਹੋਇਆ ਹੈ। ਸੁੱਚਾ ਸਿੰਘ ਛੋਟੇਪੁਰ ਦੀ ਵਾਪਸੀ ਵੀ ਇਸੇ ਅਮਲ ਦਾ ਹਿੱਸਾ ਮੰਨਿਆ ਜਾ ਰਿਹਾ ਹੈ।

ਅਜਿਹੀ ਕੋਈ ਗੱਲ ਨਹੀਂ, ਇਹ ਅਫ਼ਵਾਹਾਂ ਹਨ : ਛੋਟੇਪੁਰ

ਇਸ ਸਬੰਧੀ ਜਦੋਂ ਸੁੱਚਾ ਸਿੰਘ ਛੋਟੇਪੁਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਅਫਵਾਹਾਂ ਹਨ ਅਤੇ ਅਜਿਹੀ ਕੋਈ ਗੱਲ ਨਹੀਂ ਹੈ।


‘ਆਪ’ ਆਗੂਆਂ ਨੇ ਦਿੱਤਾ ਗੋਲ-ਮੋਲ ਜਵਾਬ

ਓਧਰ ਆਪ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ‘ਆਪ’ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਹਨ ਪਰ ਉਹ ਚਾਹੁੰਦੇ ਹਨ ਕਿ ਚਾਹੁੰਦੇ ਹਨ ਕਿ ‘ਆਪ’ ਨਾਲੋਂ ਵੱਖ ਹੋਏ ਸਾਰੇ ਆਗੂ ਆਪਣੀ ਪਾਰਟੀ ’ਚ ਪਰਤ ਆਉਣ। ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਹਾਈਕਮਾਂਡ ਪਾਰਟੀ ਨੂੰ ਮਾਝੇ ’ਚ ਮਜ਼ਬੂਤ ਕਰਨ ਲਈ ਯਤਨ ਕਰ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਉਂਝ ਕਈ ਪੁਰਾਣੇ ਆਗੂਆਂ ਨਾਲ ਸੰਪਰਕ ਬਣਾਇਆ ਹੋਇਆ ਹੈ।

Posted By: Jagjit Singh