ਜੇਐੱਨਐੱਨ, ਜਲੰਧਰ : ਨੇਪਾਲ 'ਚ ਚੱਲ ਰਹੀਆਂ ਸਾਊਥ ਏਸ਼ੀਅਨ ਗੇਮਜ਼ (ਸੈਫ ਗੇਮਜ਼) 'ਚ ਭਾਰਤੀ ਟੀਮ 'ਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ 'ਚ ਤਗਮੇ ਜਿੱਤ ਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਬੀਤੇ ਸੋਮਵਾਰ ਇਨ੍ਹਾਂ ਖੇਡਾਂ 'ਚ ਫੈਂਸਿੰਗ ਮੁਕਾਬਲੇ 'ਚ ਭਾਰਤੀ ਟੀਮ 'ਚ ਸ਼ਾਮਲ ਪੰਜਾਬ ਦੀ ਖਿਡਾਰਨ ਤੇ ਪੀਏਪੀ 'ਚ ਸਬ ਇੰਸਪੈਕਟਰ ਕੋਮਲਪ੍ਰਰੀਤ ਕੌਰ ਨੇ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਕੋਮਲਪ੍ਰਰੀਤ ਕੌਰ ਨੂੰ ਇਸ ਸਾਲ ਸੂਬਾ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਸਾਲ 2010 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਬੈਸਟ ਯੂਨੀਵਰਸਿਟੀ ਸਪੋਰਟਸ ਐਵਾਰਡ ਪ੍ਰਰਾਪਤ ਚੁੱਕੀ ਹੈ। ਸਾਲ 2012 ਸੈਫ ਖੇਡਾਂ 'ਚ ਵੀ ਉਸ ਨੇ ਸੋਨ ਤਗਮਾ ਪ੍ਰਰਾਪਤ ਕੀਤਾ ਸੀ। ਕੋਮਲਪ੍ਰਰੀਤ ਹੁਣ ਤਕ ਵੱਖ-ਵੱਖ ਫੈਂਸਿੰਗ ਮੁਕਾਬਲਿਆਂ 'ਚ 25 ਤੋਂ ਵਧ ਤਗਮੇ ਜਿੱਤ ਚੁੱਕੀ ਹੈ। ਕਾਂਸਟੇਬਲ ਅਨਮੋਲਦੀਪ ਸਿੰਘ ਨੇ ਜੂਡੋ 'ਚ 81 ਕਿਲੋਗਰਾਮ 'ਚ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਇਸੇ ਤਰ੍ਹਾਂ ਕਾਂਸਟੇਬਲ ਨਵਪ੍ਰਰੀਤ ਕੌਰ ਨੇ 78 ਕਿਲੋਗਰਾਮ ਭਾਰ ਵਰਗ 'ਚ ਚਾਂਦੀ ਦਾ ਤਗਮਾ ਜਿੱਤਿਆ ਹੈ। ਤਿੰਨੇ ਖਿਡਾਰੀ ਪਹਿਲਾਂ ਵੀ ਕਈ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ 'ਚ ਤਗਮੇ ਜਿੱਤ ਚੁੱਕੇ ਹਨ। ਪੀਏਪੀ ਦੇ ਖੇਡ ਸਕੱਤਰ ਪਦਮਸ਼੍ਰੀ ਬਹਾਦਰ ਸਿੰਘ ਨੇ ਤਗਮਾ ਜੇਤੂ ਖਿਡਾਰੀਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਵਧੀਆ ਪ੍ਰਦਰਸ਼ਨ ਜਾਰੀ ਰੱਖਣ ਲਈ ਪ੍ਰਰੇਰਿਤ ਕੀਤਾ ਹੈ। ਪੀਏਪੀ ਖਿਡਾਰੀ ਭਾਰਤੀ ਟੀਮ 'ਚ ਸ਼ਾਮਲ ਹੋ ਕੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਖਿਡਾਰੀਆਂ ਨੇ ਕੁਸ਼ਤੀ, ਅਥਲੈਟਿਕਸ ਤੇ ਵਾਲੀਬਾਲ 'ਚ ਕਈ ਤਗਮੇ ਆਪਣੇ ਨਾਂ ਕੀਤੇ ਹਨ। ਸਾਲ 2020 'ਚ ਪੁਲਿਸ ਖੇਡਾਂ ਹੋ ਰਹੀਆਂ ਹਨ। ਉਮੀਦ ਹੈ ਕਿ ਖਿਡਾਰੀ ਵਧੀਆ ਪ੍ਰਦਰਸ਼ਨ ਕਰ ਕੇ ਤਗਮੇ ਆਪਣੇ ਨਾਂ ਕਰਨਗੇ।