ਸੰਵਾਦ ਸੂਤਰ, ਜਲੰਧਰ : ਬੀਐਸਐਫ ਚੌਕ ਵਿਖੇ ਡਿਗਰੀਆਂ ਨਾ ਮਿਲਣ ਕਾਰਨ ਦਾਖ਼ਲਾ ਲੈਣ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਐਸਸੀ ਵਿਦਿਆਰਥੀਆਂ ਨੇ ਜਲੰਧਰ ਦੇ ਬੀਐਸਐਫ ਚੌਕ ਵਿਚ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ। ਪਹਿਲਾਂ ਤਾਂ ਪੁਲਿਸ ਨੇ ਗੱਲਬਾਤ ਕਰ ਕੇ ਉਨ੍ਹਾਂ ਨੂੰ ਉਥੋਂ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਗੱਲ ਨਾ ਬਣੀ ਤਾਂ ਪੁਲਿਸ ਨੇ ਤਾਕਤ ਦੀ ਵਰਤੋਂ ਕੀਤੀ, ਪਹਿਲਾਂ ਉਨ੍ਹਾਂ ਨੂੰ ਥੱਪੜ ਮਾਰਿਆ, ਫਿਰ ਲਾਠੀਚਾਰਜ ਕੀਤਾ ਅਤੇ ਥਾਣੇ ਲਿਜਾ ਕੇ ਨਜ਼ਰਬੰਦ ਕਰ ਦਿੱਤਾ।

ਬੀਐਸਐਫ ਚੌਕ ਵਿਖੇ ਵਿਦਿਆਰਥੀਆਂ ਨੇ ਸਰਕਾਰ ਖ਼ਿਲਾਫ਼ ਧਰਨਾ ਲਗਾ ਕੇ ਚੌਕ ਜਾਮ ਕਰ ਦਿੱਤਾ। ਇਸ ਸਬੰਧੀ ਸੂਚਨਾ ਮਿਲਣ ’ਤੇ ਥਾਣਾ ਬਾਰਾਦਰੀ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਈ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ 80 ਵਿਦਿਆਰਥੀਆਂ ਨਾਲ ਹੱਥੋਪਾਈ ਕੀਤੀ, ਥੱਪੜ ਮਾਰੇ ਤੇ ਲਾਠੀਚਾਰਜ ਕੀਤਾ।

ਪੁਲਿਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਆਗੂ ਨਵਦੀਪ ਦਕੋਹਾ, ਵਿਸ਼ਾਲ ਨੁਸੀ, ਕਮਲਜੀਤ ਕੁਮਾਰ ਅਤੇ 6 ਤੋਂ 7 ਲੜਕੀਆਂ ਨੂੰ ਚੁੱਕ ਕੇ ਲੈ ਗਈ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਮੋਬਾਈਲ ਵੀ ਖੋਹ ਕੇ ਲਏ ਗਏ। ਦਰਅਸਲ, ਐਸਸੀ ਵਿਦਿਆਰਥੀਆਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।.ਜਿਸ ਤੋਂ ਬਾਅਦ ਪੁਲਿਸ ਵੱਲੋਂ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਮਾਹੌਲ ਗਰਮਾ ਗਿਆ।

ਇਕ ਵਿਦਿਆਰਥੀ ਨੇ ਕਿਹਾ ਕਿ ਪੁਲਿਸ ਦਾ ਇਹ ਰਵੱਈਆ ਅਤਿ ਨਿੰਦਣਯੋਗ ਹੈ। ਵਿਦਿਆਰਥੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਅਜੇ ਤਕ ਐੱਸਸੀ ਸਕਾਲਰਸ਼ਿਪ ਦੇ ਪੈਸੇ ਜਾਰੀ ਨਹੀਂ ਕੀਤੇ ਗਏ। ਜਿਸ ਕਾਰਨ ਉਨ੍ਹਾਂ ਨੂੰ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਨਹੀਂ ਮਿਲ ਰਿਹਾ। ਇਸੇ ਤਹਿਤ ਇਹ ਧਰਨਾ ਲਗਾਇਆ ਗਿਆ ਸੀ।

ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦਾ ਪੇਪਰ ਵੀ ਹੈ ਪਰ ਪੁਲਿਸ ਦੇ ਇਸ ਰਵੱਈਏ ਤੋਂ ਬਾਅਦ ਜੇਕਰ ਉਨ੍ਹਾਂ ਦਾ ਇਮਤਿਹਾਨ ਰੱਦ ਹੁੰਦਾ ਹੈ ਤਾਂ ਸਮੂਹ ਵਿਦਿਆਰਥੀਆਂ ਵਿਚ ਭਾਰੀ ਰੋਸ ਹੋਵੇਗਾ। ਇਸ ਦੇ ਨਾਲ ਹੀ ਮਾਮਲੇ ਦੀ ਸੂਚਨਾ ਮਿਲਦੇ ਹੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਵੀ ਥਾਣਾ ਬਾਰਾਂਦਰੀ ਵਿਖੇ ਪੁੱਜੇ। ਇਸ ਦੌਰਾਨ ਪੁਲਿਸ ਨੇ ਥਾਣੇ ਦਾ ਗੇਟ ਬੰਦ ਕਰ ਦਿੱਤਾ। ਸਾਬਕਾ ਵਿਧਾਇਕ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨਾਲ ਪੂਰਾ ਇਨਸਾਫ਼ ਕੀਤਾ ਜਾਵੇਗਾ।

ਮੌਕੇ ’ਤੇ ਮੌਜੂਦ ਏਸੀਪੀ ਨਿਰਮਲ ਸਿੰਘ ਨੇ ਕਿਹਾ ਕਿ ਸਾਰਿਆਂ ਦਾ ਪੱਖ ਸੁਣਿਆ ਜਾ ਰਿਹਾ ਹੈ। ਨਾ ਤਾਂ ਕੋਈ ਲਾਠੀਚਾਰਜ ਹੋਇਆ ਤੇ ਨਾ ਹੀ ਕੋਈ ਲੜਾਈ ਹੋਈ ਹੈ। ਥੋੜ੍ਹੀ-ਬਹੁਤ ਧੱਕਾ-ਮੁੱਕੀ ਹੋਈ ਹੈ।

Posted By: Seema Anand