ਅਮਰਜੀਤ ਸਿੰਘ ਵੇਹਗਲ, ਜਲੰਧਰ : ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਬਾਹਰ ਵਿਦਿਆਰਥਣਾਂ ਵੱਲੋਂ ਆਪਣੇ ਸਮਰੱਥਕਾਂ ਬਸਪਾ ਆਗੂ ਸੁਖਵਿੰਦਰ ਕੋਟਲੀ , ਘੁੱਗਸ਼ੋਰ, ਜੱਸੀ ਤੱਲਣ ਆਦਿ ਸਮੇਤ ਲਗਾਤਾਰ ਦੂਜੇ ਦਿਨ ਵੀ ਧਰਨਾ ਪ੍ਰਦਰਸ਼ਨ ਜਾਰੀ ਰੱਖਣ 'ਤੇ ਕਾਲਜ ਪ੍ਰਸ਼ਾਸਨ ਨੇ ਦੇਰ ਸ਼ਾਮ ਵਿਦਿਆਰਥਣਾਂ ਨੂੰ ਰੋਲ ਨੰਬਰ ਜਾਰੀ ਕਰ ਦਿੱਤੇ। ਉਪਰੰਤ ਧਰਨਾ ਪ੍ਰਦਰਸ਼ਨ ਸਮਾਪਤ ਕੀਤਾ ਗਿਆ। ਲਗਾਤਾਰ ਦੂਜੇ ਦਿਨ ਧਰਨਾਕਾਰੀਆਂ ਨੇ ਕਾਲਜ ਵਿਚ ਦਾਖ਼ਲ ਹੋਣ ਤੇ ਬਾਹਰ ਦਾ ਜਾਣ ਦਾ ਰਸਤਾ ਬੰਦ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਵੱਲੋਂ ਬੰਦ ਕੀਤੇ ਹੋਏ ਰਸਤੇ ਨੂੰ ਭਾਵੇਂ ਪੁਲਿਸ ਪ੍ਰਸ਼ਾਸਨ ਨੇ ਖੁੱਲ੍ਹਵਾ ਦਿੱਤਾ ਪਰ ਗੁੱਸੇ 'ਚ ਆਏ ਪ੍ਰਦਰਸ਼ਨਕਾਰੀਆਂ ਨੇ ਹੰਸਰਾਜ ਮਹਿਲਾ ਮਹਾਵਿਦਿਆਲਿਆ ਦੇ ਸਾਹਮਣੇ ਪੈਂਦੀ ਪੁਰਾਣੀ ਜੀਟੀ ਰੋਡ 'ਤੇ ਧਰਨਾ ਲਗਾ ਦਿੱਤਾ ਜੋ ਦੇਰ ਸ਼ਾਮ ਤਕ ਜਾਰੀ ਰਿਹਾ ਜਿਸ ਦੌਰਾਨ ਲੰਮਾ ਜਾਮ ਲੱਗ ਗਿਆ। ਭਾਵੇਂ ਪੁਲਿਸ ਨੇ ਰਸਤੇ ਨੂੰ ਬਦਲੀ ਕਰ ਕੇ ਨਵੀਂ ਦਾਣਾ ਮੰਡੀ ਵਿਚੋਂ ਆਵਾਜਾਈ ਬਹਾਲ ਕਰਵਾਈ ਪਰ ਰੁਕ-ਰੁਕ ਕੇ ਚੱਲ ਰਹੀ ਆਵਾਜਾਈ ਨਾਲ ਲੋਕ ਪਰੇਸ਼ਾਨ ਹੁੰਦੇ ਰਹੇ। ਪੁਲਿਸ ਪ੍ਰਸ਼ਾਸਨ ਪ੍ਰਦਰਸ਼ਨਕਾਰੀਆਂ ਨੂੰ ਸੜਕ ਤੋਂ ਹਟਾਉਣ 'ਚ ਨਾਕਾਮਯਾਬ ਰਿਹਾ। ਧਰਨੇ 'ਤੇ ਬੈਠੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਉਹ ਉਦੋਂ ਤਕ ਧਰਨਾ ਜਾਰੀ ਰੱਖਣਗੇ, ਜਦੋਂ ਤਕ ਕਾਲਜ ਵੱਲੋਂ ਵਿਦਿਆਰਥਣਾਂ ਨੂੰ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਂਦੇ ਅਤੇ ਪਿ੍ਰੰਸੀਪਲ ਖ਼ਿਲਾਫ਼ ਪੁਲਿਸ ਕੇਸ ਦਰਜ ਨਹੀਂ ਕਰਦੀ। ਆਖ਼ਰਕਾਰ ਦੇਰ ਸ਼ਾਮ ਕਰੀਬ 160 ਵਿਦਿਆਰਥਣਾਂ ਨੂੰ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਤੇ ਬਾਕੀ ਰਹਿੰਦੀਆਂ ਵਿਦਿਆਰਥਣਾਂ ਨੂੰ ਅਗਲੇ ਦਿਨ ਰੋਲ ਨੰਬਰ ਜਾਰੀ ਹੋਣਗੇ। ਇਸ ਸਬੰਧੀ ਵਿਦਿਆਰਥਣਾਂ ਤੇ ਉਨ੍ਹਾਂ ਦੇ ਸਮਰੱਥਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਹੁਣ ਕੋਈ ਵੀ ਫੀਸ ਨਹੀਂ ਦਿੱਤੀ ਗਈ, ਜਦ ਕਿ ਬਣਦੀ ਫੀਸ ਪਹਿਲਾਂ ਹੀ ਦਿੱਤੀ ਜਾ ਚੁੱਕੀ ਸੀ ਪਰ ਪਿ੍ਰੰਸੀਪਲ ਵੱਲੋਂ ਬਿਨਾਂ ਕਿਸੇ ਕਾਰਨ ਪਰੇਸ਼ਾਨ ਕੀਤਾ ਜਾ ਰਿਹਾ ਸੀ। ਬਸਪਾ ਆਗੂਆਂ ਦਾ ਕਹਿਣਾ ਹੈ ਕਿ ਕਾਲਜ ਪਿ੍ਰੰਸੀਪਲ ਵੱਲੋਂ ਅਪਸ਼ਬਦ ਬੋਲੇ ਜਾਣ ਵਿਰੁੱਧ ਉਹ ਬੁੱਧਵਾਰ ਪੁਲਿਸ ਨੂੰ ਲਿਖਤੀ ਰੂਪ 'ਚ ਸ਼ਿਕਾਇਤ ਦੇਣਗੇ। ਉੱਧਰ ਕਾਲਜ ਪਿ੍ਰੰਸੀਪਲ ਡਾ. ਅਜੇ ਸਰੀਨ ਦਾ ਕਹਿਣਾ ਹੈ ਕਿ ਵਿਦਿਆਰਥਣਾਂ ਨੂੰ ਯੂਨੀਵਰਸਿਟੀ ਫੀਸ ਦੇਣ ਉਪਰੰਤ ਹੀ ਰੋਲ ਨੰਬਰ ਜਾਰੀ ਕੀਤੇ ਗਏ ਹਨ।