ਜਤਿੰਦਰ ਪੰਮੀ, ਜਲੰਧਰ

ਦਲਿਤ ਵਿਦਿਆਰਥੀਆਂ ਵੱਲੋਂ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ ਦੇ ਰੋਸ ਵਜੋਂ ਐੱਚਐੱਮਵੀ ਕਾਲਜ ਦੇ ਬਾਹਰ ਚਾਰ ਘੰਟੇ ਧਰਨਾ ਲਾਉਣ ਉਪਰੰਤ ਪ੍ਰਸ਼ਾਸਨ ਵੱਲੋਂ ਗੱਲ ਨਾ ਸੁਣੇ ਜਾਣ ਕਰਕੇ ਵਰਕਸ਼ਾਪ ਵਿਚ ਧਰਨਾ ਲਾ ਕੇ ਟ੍ਰੈਫਿਕ ਜਾਮ ਕਰ ਦਿੱਤਾ। ਵਿਦਿਆਰਥੀਆਂ ਦਾ ਦੋਸ਼ ਸੀ ਕਿ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਨਾਲ ਹੋਈ ਮੀਟਿੰਗ ਵਿਚ ਸਾਰੇ ਕਾਲਜਾਂ ਨੇ ਦਲਿਤ ਵਿਦਿਆਰਥੀਆਂ ਕੋਲੋਂ ਫੀਸ ਨਾ ਮੰਗਣ ਦਾ ਭਰੋਸਾ ਦਿੱਤਾ ਸੀ ਪਰ ਅੱਜ ਫਿਰ ਫੀਸ ਨਾ ਦੇਣ ਵਾਲੀਆਂ ਦਲਿਤ ਵਿਦਿਆਰਥਣਾਂ ਨੂੰ ਕਾਲਜ ਵਿਚੋਂ ਬਾਹਰ ਕੱਢ ਦਿੱਤਾ ਗਿਆ। ਇਸ ਦੇ ਰੋਸ ਵਜੋਂ ਦਲਿਤ ਵਿਦਿਆਰਥੀਆਂ ਨੇ ਵਿਦਿਅਰਥੀ ਆਗੂ ਦੀਪਕ ਬਾਲੀ ਤੇ ਨਵਦੀਪ ਦਕੋਹਾ ਦੀ ਅਗਵਾਈ ਵਿਚ ਐੱਚਐੱਮਵੀ ਦੇ ਬਾਹਰ ਕਰੀਬ 10 ਵਜੇ ਧਰਨਾ ਲਾ ਦਿੱਤਾ। ਥਾਣਾ ਡਵੀਜ਼ਨ ਨੰਬਰ ਦੋ ਦੇ ਮੁਖੀ ਸੁਖਬੀਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਨਾ ਕੀਤੇ ਜਾਣ ਕਾਰਨ ਰੋਹ ਵਿਚ ਆਏ ਵਿਦਿਆਰਥੀਆਂ ਨੇ ਕਰੀਬ ਦੋ ਵਜੇ ਵਰਕਸ਼ਾਪ ਚੌਕ ਵਿਚ ਧਰਨਾ ਲਾ ਦਿੱਤਾ। ਚੌਕ ਜਾਮ ਹੋਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਉਪਰੰਤ ਵਿਦਿਆਰਥੀ ਰੋਸ ਮਾਰਚ ਕਰਦੇ ਹੋਏ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਰਿਹਾਇਸ਼ ਦੇ ਬਾਹਰ ਪੁੱਜੇ, ਜਿਥੇ ਐੱਮਪੀ ਚੌਧਰੀ ਕੋਰੋਨਾ ਪਾਜ਼ੇਟਿਵ ਆਉਣ ਕਰਕੇ ਹੋਮ ਕੁਆਰੰਟੀਨ ਹੋਣ ਕਾਰਨ ਨਾ ਮਿਲ ਸਕੇ ਪਰ ਉਨ੍ਹਾਂ ਦੀ ਪਤਨੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਪਕ ਬਾਲੀ ਨੇ ਦੱਸਿਆ ਕਿ ਸੰਸਦ ਮੈਂਬਰ ਦੀ ਪਤਨੀ ਨੇ ਆਪ ਤੇ ਚੌਧਰੀ ਕੋਲੋਂ ਵੀ ਡਿਪਟੀ ਕਮਿਸ਼ਨਰ ਨੂੰ ਫੋਨ ਕੀਤਾ। ਡੀਸੀ ਘਨਸ਼ਿਆਮ ਥੋਰੀ ਨੇ ਵਿਦਿਆਰਥੀਆਂ ਨੂੰ ਸੋਮਵਾਰ ਮੀਟਿੰਗ ਲਈ ਬੁਲਾਇਆ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੱਢ ਦਿੱਤਾ ਜਾਵੇਗਾ। ਵਿਦਿਆਰਥੀ ਆਗੂ ਦੀਪਕ ਬਾਲੀ ਨੇ ਕਿਹਾ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਨੂੰ ਲੈ ਕੇ ਦਲਿਤ ਵਿਦਿਆਰਥੀਆਂ 'ਚ ਭੰਬਲਭੂਸਾ ਬਣਿਆ ਹੋਇਆ ਹੈ ਤੇ ਉਨ੍ਹਾਂ ਨੂੰ ਆਪਣਾ ਭਵਿੱਖ ਡੁੱਬਦਾ ਜਾਪ ਰਿਹਾ ਹੈ। ਸਰਕਾਰ ਵੱਲੋਂ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਦਾ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤਾ ਗਿਆ ਹੈ ਪਰ ਇਸ ਨੂੰ ਲਾਗੂ ਕਰਨ ਲਈ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੋਈ ਠੋਸ ਹੱਲ ਨਹੀਂ ਕੀਤਾ ਜਾ ਰਿਹਾ।