ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਵੀਰਵਾਰ ਨੂੰ ਹੜਤਾਲ ਕਰ ਦਿੱਤੀ ਗਈ, ਜਿਸ ਕਾਰਨ ਸ਼ਹਿਰ 'ਚੋਂ ਕੂੜੇ ਦੀ ਢੁਆਈ ਨਹੀਂ ਹੋ ਸਕੀ। ਡੰਪਾਂ 'ਤੇ ਕੂੜੇ ਦੇ ਢੇਰ ਲੱਗੇ ਰਹੇ, ਜਿਸ ਕਾਰਨ ਸ਼ਹਿਰ ਦਾ ਵਾਤਾਵਰਨ ਦੂਸ਼ਿਤ ਰਿਹਾ। ਹੜਤਾਲ ਕਾਰਨ ਨਗਰ ਨਿਗਮ ਦੀ ਹੈਲਥ ਬ੍ਾਂਚ ਦੀਆਂ ਗੱਡੀਆਂ ਲੰਮਾ ਪਿੰਡ ਵਰਕਸ਼ਾਪ 'ਚ ਖੜ੍ਹੀਆਂ ਰਹੀਆਂ। ਕੂੜੇ ਦੀ ਢੁਆਈ ਨਾ ਹੋਣ ਕਾਰਨ ਸ਼ਹਿਰ 'ਚ ਇਕ ਵਾਰ ਫਿਰ 500 ਮੀਟਿ੍ਕ ਟਨ ਤੋਂ ਵੱਧ ਕੂੜਾ ਇਕੱਠਾ ਹੋ ਗਿਆ। ਇਸ ਤੋਂ ਪਹਿਲਾਂ ਵੀ ਡਰਾਈਵਰ ਤੇ ਟੈਕਨੀਕਲ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੇ ਜਾਣ ਕਾਰਨ 3 ਦਿਨ ਤਕ ਕੂੜੇ ਦੀ ਢੁਆਈ ਨਹੀਂ ਹੋਈ ਸੀ, ਜਿਸ ਕਾਰਨ ਸ਼ਹਿਰ 'ਚ ਹਜ਼ਾਰਾਂ ਟਨ ਕੂੜਾ ਇਕੱਠਾ ਹੋ ਗਿਆ ਸੀ ਅਤੇ ਉਸ ਕੂੜੇ ਦੀ ਢੁਆਈ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਸੀ ਕਿ ਵੀਰਵਾਰ ਨੂੰ ਮੁੜ ਹੜਤਾਲ ਹੋ ਗਈ, ਜਿਸ ਕਾਰਨ ਸ਼ਹਿਰ ਦੇ ਡੰਪਾਂ ਤੋਂ ਕੂੜਾ ਨਹੀਂ ਚੁੱਕਿਆ ਗਿਆ, ਜਿਸ ਕਾਰਨ ਸ਼ਹਿਰ ਦਾ ਵਾਤਾਵਰਨ ਦੂਸ਼ਿਤ ਹੋ ਗਿਆ।

ਵਰਨਣਯੋਗ ਹੈ ਕਿ ਬੁੱਧਵਾਰ ਨੂੰ ਡਰਾਈਵਰਾਂ ਨੇ ਇਸ ਲਈ ਹੜਤਾਲ ਕਰ ਦਿੱਤੀ ਕਿਉਂਕਿ ਕਿ ਬੁੱਧਵਾਰ ਨੂੰ ਮਾਈ ਹੀਰਾ ਗੇਟ ਵਿਖੇ ਹੋਏ ਝਗੜੇ ਦੀ ਦੁਕਾਨਦਾਰ ਵਿਰੁੱਧ ਐੱਫਆਈਆਰ ਦਰਜ ਨਹੀਂ ਹੋਈ। ਦੇਖਣਾ ਇਹ ਹੈ ਕਿ ਜੇ ਐੱਫਆਈਆਰ ਨਹੀਂ ਹੁੰਦੀ ਤਾਂ ਫਿਰ ਸ਼ੁੱਕਰਵਾਰ ਨੂੰ ਕੂੜੇ ਦੀ ਢੁਆਈ ਦੀ ਕੀ ਸਥਿਤੀ ਰਹੇਗੀ। ਜ਼ਿਕਰਯੋਗ ਹੈ ਕਿ ਬਰਸਾਤ ਦਾ ਮਹੀਨਾ ਹੋਣ ਕਾਰਨ ਕੂੜਾ ਖਿਲਰਨ ਕਾਰਨ ਬਦਬੂ ਦਾ ਵਾਤਾਵਰਨ ਬਣਿਆ ਰਹਿੰਦਾ ਹੈ ਜਿਸ ਕਾਰਨ ਮਹਾਮਾਰੀ ਫੈਸਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।