ਜੇਐੱਨਐੱਨ, ਜਲੰਧਰ : ਸਫਾਈ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 9 ਦਿਨਾਂ ਤੋਂ ਚੱਲ ਰਹੀ ਹੜਤਾਲ ਅੱਜ ਸ਼ਾਮ ਨੂੰ ਖਤਮ ਹੋ ਗਈ ਜਦੋਂ ਠੇਕੇਦਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਅਤੇ ਉਨ੍ਹਾਂ ਦੀ ਦੋ ਮਹੀਨਿਆਂ ਦੀ ਤਨਖਾਹ ਦਾ ਚੈੱਕ ਸੌਂਪਿਆ ਗਿਆ ਤੇ ਕੁਝ ਦੇ ਬੈਂਕ ਖਾਤਿਆਂ ਵਿਚ ਪੈਸੇ ਭੇਜ ਦਿੱਤੇ ਜਾਣ ਤੋਂ ਬਾਅਦ ਸਫਾਈ ਸੇਵਕਾਂ ਨੇ ਹੜਤਾਲ ਖਤਮ ਕਰ ਦਿੱਤੀ ਅਤੇ ਬੁੱਧਵਾਰ ਤੋਂ ਕਰਤਾਰਪੁਰ ਦੀ ਸਫਾਈ ਵਿਵਸਥਾ ਸੁਚਾਰੂ ਰੂਪ ਵਿਚ ਸ਼ੁਰੂ ਹੋ ਜਾਵੇਗੀ।

ਇਸ ਹੜਤਾਲ ਨੂੰ ਖਤਮ ਕਰਨ ਲਈ ਨਗਰ ਕੌਂਸਲ ਦੇ ਕੌਂਸਲਰਾਂ ਵੱਲੋਂ ਕਈ ਦਿਨਾਂ ਤੋਂ ਯਤਨ ਕੀਤੇ ਜਾ ਰਹੇ ਸਨ ਪਰ ਠੇਕੇਦਾਰ ਵੱਲੋਂ ਕੋਈ ਕਦਮ ਨਾ ਚੁੱਕੇ ਜਾਣ ਕਾਰਨ ਹੜਤਾਲ ਅੱਗੇ ਵਧਦੀ ਜਾ ਰਹੀ ਸੀ ਅਤੇ ਸਾਰੇ ਸ਼ਹਿਰ ਵਿਚ ਗੰਦਗੀ ਹੀ ਗੰਦਗੀ ਫੈਲਾ ਹੋਈ ਸੀ ਜਿਸ ਕਾਰਨ ਗੰਦਗੀ ਨਾਲ ਉਠਦੂ ਬਦਬੂ ਕਾਰਨ ਲੋਕ ਬਿਮਾਰ ਹੋ ਰਹੇ ਸਨ ਤੇ ਸਾਰਾ ਸ਼ਹਿਰ ਨਗਰ ਕੌਂਸਲ ਨੂੰ ਕੋਸ ਰਿਹਾ ਸੀ ਜਦਕਿ ਗਲਤੀ ਸਫਾਈ ਠੇਕੇਦਾਰ ਦੀ ਸੀ ਅਤੇ ਅੱਜ ਹੜਤਾਲ ਖਤਮ ਹੋਣ ਤੋਂ ਬਾਅਦ ਕਰਤਾਰਪੁਰ ਵਾਸੀਆਂ ਤੇ ਨਗਰ ਕੌਂਸਲ ਦੇ ਕੌਂਸਲਰਾਂ ਅਤੇ ਅਧਿਕਾਰੀਆਂ ਨੇ ਰਾਹਤ ਦਾ ਸਾਹ ਲਿਆ।

ਯਾਦ ਰਹੇ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਸਫਾਈ ਲਈ ਠੇਕਾ ਪ੍ਰਰਾਈਵੇਟ ਹੱਥਾਂ ਵਿਚ ਦਿੱਤਾ ਗਿਆ ਸੀ। ਉਕਤ ਠੇਕੇਦਾਰ ਵੱਲੋਂ ਸਫਾਈ ਕਰਨ ਵਾਲੇ ਮੁਲਾਜ਼ਮਾਂ ਦਾ ਈਪੀਐੱਫ ਜਮ੍ਹਾਂ ਨਾ ਕਰਵਾਉਣ ਤੇ ਦੋ ਮਹੀਨਿਆਂ ਤੋਂ ਤਨਖ਼ਾਹ ਨਾ ਦੇਣ ਕਾਰਨ ਸਫਾਈ ਮੁਲਾਜ਼ਮਾਂ ਨੇ ਕੰਮ ਬੰਦ ਕਰ ਕੇ ਹੜਤਾਲ ਸ਼ੁਰੂ ਕਰ ਦਿੱਤੀ ਸੀ। ਇਸ ਮਾਮਲੇ ਨੂੰ ਖਤਮ ਕਰਨ ਲਈ ਸ਼ੁੱਕਰਵਾਰ ਨੂੰ ਨਗਰ ਕੌਂਸਲ ਦੇ ਈਓ ਤੇ ਕੌਂਸਲਰਾਂ ਨੇ ਠੇਕੇਦਾਰ ਨੂੰ ਨਗਰ ਕੌਂਸਲ 'ਚ ਬੁਲਾਇਆ ਸੀ। ਉਥੇ ਵੀ ਠੇਕੇਦਾਰ ਕੌਂਸਲ ਦਫਤਰ ਨਹੀਂ ਪਹੁੰਚਿਆ। ਇਸ ਕਾਰਨ ਸ਼ਹਿਰ ਵਿਚ ਸਫਾਈ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਗਈ। ਅੱਜ 9 ਦਿਨਾਂ ਦੀ ਹੜਤਾਲ ਤੋਂ ਬਾਅਦ ਠੇਕੇਦਾਰ ਵੱਲੋਂ ਸਾਰੀਆਂ ਮੰਗਾਂ ਮੰਨਣ ਤੇ ਤਨਖ਼ਾਹ ਦੇਣ ਤੋਂ ਬਾਅਦ ਹੜਤਾਲ ਖਤਮ ਹੋਈ।

ਬਾਕਸ

ਬੁੱਧਵਾਰ ਤੋਂ ਸ਼ੁਰੂ ਹੋਵੇਗੀ ਸਫਾਈ : ਅਮਰਜੀਤ ਕੌਰ

ਇਸ ਸਬੰਧੀ ਨਗਰ ਕੌਂਸਲ ਦੀ ਸੀਨੀਅਰ ਵਾਈਸ ਪ੍ਰਧਾਨ ਅਮਰਜੀਤ ਕੌਰ ਨੇ ਕਿਹਾ ਕਿ ਠੇਕੇਦਾਰ ਵੱਲੋਂ ਸਫਾਈ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਇਸ ਸਬੰਧੀ ਸਾਰੇ ਕੌਂਸਲਰਾਂ ਦੇ ਯਤਨਾਂ ਤੋਂ ਬਾਅਦ ਅੱਜ ਸਫਾਈ ਮੁਲਾਜ਼ਮਾਂ ਦੀ ਹੜਤਾਲ ਖਤਮ ਹੋ ਗਈ ਹੈ ਅਤੇ ਬੁੱਧਵਾਰ ਤੋਂ ਸ਼ਹਿਰ ਦੀ ਸਫਾਈ ਦਾ ਕੰਮ ਸ਼ੁਰੂ ਹੋ ਜਾਵੇਗਾ।