ਲਾਲਕਮਲ ਅੱਪਰਾ : ਅੱਪਰਾ ਤੋਂ ਫਿਲੌਰ ਵਾਇਆ ਨਗਰ ਰੋਡ ਜਿੱਥੇ ਫੁੱਟ ਫੁੱਟ ਡੂੰਘੇ ਟੋਇਆਂ ਦੀ ਮਾਰ ਝੱਲ ਰਿਹਾ ਹੈ ਉੱਥੇ ਆਵਾਰਾ ਫਿਰਦੀਆਂ ਗਊਆਂ ਦੀ ਮੁਸੀਬਤ ਲੋਕਾਂ ਦੀ ਜਾਨ ਦਾ ਖੋਅ ਬਣੀ ਹੋਈ ਹੈ। ਇਨ੍ਹਾਂ ਗਊਆਂ ਨਾਲ ਟਕਰਾ ਕੇ ਹੁਣ ਤਕ 20 ਦੇ ਕਰੀਬ ਲੋਕ ਜ਼ਖ਼ਮੀ ਹੋ ਚੁੱਕੇ ਹਨ ਤੇ ਅਨੇਕਾਂ ਗੱਡੀਆਂ ਦਾ ਇਨ੍ਹਾਂ ਅਵਾਰਾ ਗਊਆਂ ਨਾਲ ਟਕਰਾ ਕੇ ਲੱਖਾਂ ਦਾ ਨੁਕਸਾਨ ਹੋ ਚੁੱਕਾ ਹੈ।

ਰਾਤ ਨੂੰ ਜਦੋਂ ਵੀ ਕੋਈ ਫਿਲੌਰ ਤੋਂ ਨਵਾਂਸ਼ਹਿਰ ਤੇ ਅੱਪਰਾ, ਬੰਗਾ ਲਈ ਆਪਣਾ ਸਫ਼ਰ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਟੋਇਆ ਦੇ ਨਾਲ-ਨਾਲ 70 ਦੇ ਕਰੀਬ ਅਵਾਰਾ ਗਊਆਂ ਦੀ ਸੜਕ ਦੇ ਵਿਚਕਾਰ ਕੀਤੀ ਗਈ 'ਨਾਕਾਬੰਦੀ' ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਵਿੱਚੋਂ ਬਹੁਤ ਸਾਰੀਆਂ ਗਊਆਂ ਸੜਕ ਵਿਚਕਾਰ ਬੈਠ ਕੇ ਆਰਾਮ ਫਰਮਾਅ ਰਹੀਆਂ ਨਜ਼ਰੀਂ ਪੈਂਦੀਆਂ ਹਨ ਅਤੇ ਮੁੱਖ ਸੜਕ ਵਿਚਕਾਰ ਬੈਠੀਆਂ ਗਊਆਂ ਤੇ ਅਕਸਰ ਗੱਡੀਆਂ ਚੜ੍ਹ ਜਾਦੀਆਂ ਹਨ।

ਸਮਾਜ ਸੇਵਕ ਅਤੇ ਸਾਬਕਾ ਮੈਂਬਰ ਪੰਚਾਇਤ ਅੱਪਰਾ ਵਿਸ਼ਾਲ ਗੋਇਲ ਨੇ ਮੰਗ ਕੀਤੀ ਕਿ ਜੇ ਬਿਜਲੀ ਦੇ ਬਿੱਲਾਂ ਰਾਹੀਂ ਪੰਜਾਬ ਸਰਕਾਰ ਗਊ ਟੈਕਸ ਸਰਕਾਰ ਲੈ ਰਹੀ ਹੈ ਤਾਂ ਉਸ ਦਾ ਫ਼ਰਜ਼ ਬਣਦਾ ਹੈ ਕਿ ਲੋਕਾਂ ਦੇ ਪੈਸੇ ਨਾਲ ਇਨ੍ਹਾਂ ਗਊਆਂ ਨੂੰ ਕਿਤੇ ਰੱਖਣ ਦਾ ਪ੍ਰਬੰਧ ਕਰੇ ਤਾਂ ਜੋ ਇਨ੍ਹਾਂ ਅਵਾਰਾ ਗਊਆਂ ਕਾਰਨ ਹਾਦਸੇ ਦਾ ਸ਼ਿਕਾਰ ਹੋ ਰਹੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

ਜਦੋਂ ਇਸ ਸਬੰਧ ਵਿਚ ਐੱਸਡੀਐੱਮ ਫਿਲੌਰ ਰਾਜੇਸ਼ ਸ਼ਰਮਾ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਮੱਸਿਆ ਦਾ ਜਲਦੀ ਹੱਲ ਕਰਨਗੇ।