ਜਤਿੰਦਰ ਪੰਮੀ, ਜਲੰਧਰ : ਅੱਜ ਮਹਾਨਗਰ ਦੇ ਰੂਪ ਧਾਰ ਚੁੱਕੇ ਸ਼ਹਿਰ ਦੇ ਅੰਦਰ ਗਗਨਚੁੰਭੀ ਇਮਾਰਤਾਂ ਇੰਜ ਲੱਗਦੀਆਂ ਹਨ, ਜਿਵੇਂ ਕੰਕਰੀਟ ਦਾ ਜੰਗਲ ਹੀ ਉੱਗ ਗਿਆ ਹੋਵੇ ਪਰ ਕਦੇ ਉਹ ਵੀ ਵੇਲਾ ਸੀ ਜਦੋਂ ਸ਼ਹਿਰ ਅੰਦਰ ਇਥੋਂ ਦੇ ਬਾਸ਼ਿੰਦਿਆਂ ਦੇ ਸਾਂਝੇ ਕਾਰਜਾਂ, ਰੈਲੀਆਂ, ਇਕੱਠਾਂ ਤੇ ਜਲਸਿਆਂ ਲਈ ਮੈਦਾਨ ਹੁੰਦੇ ਸਨ। ਇਥੋਂ ਦੇ ਇਤਿਹਾਸ ਦੀ ਜਾਣਕਾਰੀ ਰੱਖਣ ਵਾਲਿਆਂ ਮੁਤਾਬਕ ਕਦੇ ਉਹ ਵੀ ਸਮਾਂ ਸੀ ਜਦੋਂ ਸ਼ਹਿਰ ਵਿਚ 43 ਦੇ ਕਰੀਬ ਮੈਦਾਨ ਹੁੰਦੇ ਸਨ ਜੋ ਕਿ ਸਾਂਝੇ ਕੰਮਾਂ ਲਈ ਵਰਤੇ ਜਾਂਦੇ ਸਨ ਅਤੇ ਕਈ ਵਾਰ ਲੋਕ ਵਿਆਹ ਤੇ ਹੋਰ ਸਮਾਗਮ ਵੀ ਇਨ੍ਹਾਂ ਮੈਦਾਨਾਂ ਵਿਚ ਕਰਦੇ ਸਨ। ਇਨ੍ਹਾਂ ਵਿਚੋਂ ਕੁਝ ਮੈਦਾਨਾਂ ਵਿਚ ਰਾਮਲੀਲ੍ਹਾ ਹੁੰਦੀ ਸੀ ਤੇ ਦੁਸਹਿਰੇ ਦਾ ਤਿਉਹਾਰ ਵੀ ਮਨਾਇਆ ਜਾਂਦਾ ਸੀ। ਆਜ਼ਾਦੀ ਤੋਂ ਬਾਅਦ ਹੋਂਦ ਵਿਚ ਆਏ ਗਾਂਧੀ ਵਨਿਤਾ ਆਸ਼ਰਮ ਦੇ ਸਾਹਮਣੇ ਵਾਲਾ ਇਲਾਕਾ ਖੁੱਲ੍ਹਾ ਮੈਦਾਨ ਹੁੰਦਾ ਸੀ, ਜਿਥੇ ਅੱਜ ਆਦਰਸ਼ ਨਗਰ ਵੱਸਿਆ ਹੋਇਆ ਹੈ। ਇਸ ਮੈਦਾਨ ਵਿਚ ਆਜ਼ਾਦੀ ਤੋਂ ਬਾਅਦ ਕਈ ਜਲਸੇ ਹੁੰਦੇ ਰਹੇ ਸਨ, ਜਿਨ੍ਹਾਂ ਵਿਚੋਂ ਸਭ ਤੋਂ ਵੱਡਾ ਤੇ ਪਹਿਲਾ ਜਲਸਾ 1950 ਦੇ ਦਹਾਕੇ ਦੌਰਾਨ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਕੀਤਾ ਗਿਆ ਸੀ। ਇਸ ਮੈਦਾਨ 'ਚ ਹੋਏ ਜਲਸੇ ਦੌਰਾਨ ਹੀ ਪੰਡਤ ਨਹਿਰੂ ਨੇ ਜੰਮੂ-ਕਸ਼ਮੀਰ ਦੇ ਸਿਆਸਤਦਾਨ ਸ਼ੇਖ ਅਬਦੁੱਲਾ ਨੂੰ ਸ਼ੇਰੇ-ਕਸ਼ਮੀਰ ਕਿਹਾ ਸੀ। ਇਸ ਮੈਦਾਨ 'ਤੇ ਆਰਐੱਸਐੱਸ ਦੇ ਆਗੂ ਸੀ. ਰਾਜਗੋਪਾਲ ਅਚਾਰੀਆ, ਅਕਾਲੀ ਆਗੂ ਮਾਸਟਰ ਤਾਰਾ ਸਿੰਘ ਤੇ ਲੋਹੀਆ ਨੇ ਜਲਸੇ ਕੀਤੇ ਸਨ। ਸੈਂਟਰਲ ਟਾਊਨ 'ਚ ਖੁੱਲ੍ਹਾ ਮੈਦਾਨ ਹੁੰਦਾ ਸੀ, ਜਿਥੇ ਆਜ਼ਾਦੀ ਤੋਂ ਪਹਿਲਾਂ ਵੀ ਜਲਸੇ ਹੁੰਦੇ ਰਹੇ ਸਨ ਤੇ ਇਥੇ ਸੁਤੰਤਰਤਾ ਸੈਨਾਨੀ ਸੈਫੂਦੀਨ ਕਿਚਲੂ ਨੇ ਵੀ ਜਲਸਾ ਕੀਤਾ ਸੀ। ਉਨ੍ਹਾਂ ਤੋਂ ਇਲਾਵਾ ਸੀਤਾ ਦੇਵੀ ਜੋ ਕਿ ਵਿਧਾਇਕ ਵੀ ਬਣੀ, ਨੇ ਵੀ ਜਲਸਾ ਕੀਤਾ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਵੀ ਇਕ ਵਾਰ ਇਥੇ ਜਲਸਾ ਕਰਵਾਇਆ ਸੀ ਜਿਸ ਵਿਚ ਹੋਰਨਾਂ ਆਗੂਆਂ ਤੋਂ ਇਲਾਵਾ ਜੋਗਿੰਦਰ ਬਾਹਰਲਾ ਵੀ ਪੁੱਜੇ ਸਨ। ਪ੍ਰਤਾਪ ਬਾਗ਼ ਜਿਥੇ ਕਿ ਇਸ ਵੇਲੇ ਪਾਰਕ ਬਣਿਆ ਹੋਇਆ ਹੈ, ਕੁਝ ਸਾਲ ਪਹਿਲਾਂ ਤਕ ਇਹ ਖੁੱਲ੍ਹਾ ਮੈਦਾਨ ਸੀ। ਇਥੇ ਰਾਮਲੀਲ੍ਹਾ ਹੋਇਆ ਕਰਦੀ ਸੀ ਤੇ ਹਰ ਸਾਲ ਦੁਸਹਿਰਾ ਵੀ ਲੱਗਦਾ ਸੀ ਪਰ ਹੁਣ ਇਹ ਹਰੇ-ਭਰੇ ਪਾਰਕ ਦਾ ਰੂਪ ਧਾਰ ਚੁੱਕਾ ਹੈ। ਇਥੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਅੱਟਲ ਬਿਹਾਰੀ ਵਾਜਪਾਈ ਨੇ ਤਿੰਨ ਜਲਸੇ ਕੀਤੇ ਸਨ। ਸ਼ਹਿਰ ਦੇ ਮਸਤ ਰਾਮ ਪਾਰਕ ਵਿਚ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਰਹੇ ਚੌਧਰੀ ਬਲਬੀਰ ਸਿੰਘ ਨੇ ਇਥੇ ਜਲਸਾ ਕੀਤਾ ਸੀ ਅਤੇ ਐਮਰਜੈਂਸੀ ਦੌਰਾਨ ਸਵਾਮੀ ਅਗਨੀਵੇਸ਼ ਨੇ ਵੀ ਇਥੇ ਜਲਸਾ ਕੀਤਾ ਸੀ। ਕੰਪਨੀ ਬਾਗ਼ ਜਿਸ ਨੂੰ ਨਹਿਰੂ ਗਾਰਡਨ ਵੀ ਕਿਹਾ ਜਾਂਦਾ ਹੈ, ਵਿਖੇ ਸਾਬਕਾ ਰਾਸ਼ਟਰਪਤੀ ਮੁਰਾਰਜੀ ਦੇਸਾਈ, ਵਿਜੇ ਲਕਸ਼ਮੀ ਪੰਡਤ, ਜਨਸੰਘ ਦੇ ਆਗੂ ਜੈ ਪ੍ਰਕਾਸ਼ ਨਾਰਾਇਣ, ਵਿਨੋਭਾ ਭਾਵੇ, ਪੰਡਤ ਜਵਾਹਰ ਲਾਲ ਨਹਿਰੂ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਜਲਸਾ ਕੀਤਾ ਸੀ। ਰੇਲਵੇ ਸਟੇਸ਼ਨ ਨਾਲ ਲੱਗਦੀ ਮੰਡੀ ਫੈਂਟਨਗੰਜ ਦੇ ਅੰਦਰ ਬਣੇ ਮੈਦਾਨ 'ਚ ਆਲ਼ੇ-ਦੁਆਲ਼ੇ ਦੇ ਦੁਕਾਨਦਾਰਾਂ ਤੇ ਸਭਾ-ਸੁਸਾਇਟੀਆਂ ਵੱਲੋਂ ਧਾਰਮਿਕ ਸਮਾਗਮ ਕਰਵਾਏ ਜਾਂਦੇ ਰਹੇ ਹਨ ਜਿਨ੍ਹਾਂ ਵਿਚੋਂ ਧਾਰਮਿਕ ਗਾਇਕ ਨਰਿੰਦਰ ਚੰਚਲ ਨੂੰ ਬੁਲਾ ਕੇ ਕਰਵਾਇਆ ਗਿਆ ਜਗਰਾਤਾ ਬਹੁਤ ਹੀ ਯਾਦਗਾਰੀ ਕਿਹਾ ਜਾਂਦਾ ਹੈ।

ਨਕੋਦਰ ਰੋਡ 'ਤੇ ਸਥਿਤ ਲਾਇਲਪੁਰ ਖ਼ਾਲਸਾ ਸਕੂਲ ਦਾ ਮੈਦਾਨ ਜਿਥੇ ਅਕਸਰ ਹੀ ਵਪਾਰਕ ਮੇਲੇ ਲੱਗਦੇ ਹਨ, ਵਿਚ ਬਹੁਤ ਸਮੇਂ ਤੋਂ ਸਰਕਸ ਵੀ ਲੱਗਦੀ ਰਹੀ ਹੈ ਤੇ ਹੁਣ ਵੀ ਸਾਲ-ਦੋ ਸਾਲ ਬਾਅਦ ਸਰਕਸ ਲੱਗ ਜਾਂਦੀ ਹੈ। ਪਠਾਨਕੋਟ ਚੌਕ ਨੇੜੇ ਸਥਿਤ ਖੁੱਲ੍ਹੇ ਮੈਦਾਨ ਵਿਚ ਤਾਂ ਹੁਣ ਵੀ ਸਰਕਸ ਲੱਗਦੀ ਹੈ। ਦੁਆਬਾ ਚੌਕ ਨੇੜੇ ਸਥਿਤ ਲੱਭੂ ਰਾਮ ਦੁਆਬਾ ਸਕੂਲ ਦਾ ਮੈਦਾਨ ਜਨਤਕ ਇਕੱਠਾਂ ਲਈ ਵਰਤਿਆ ਜਾਂਦਾ ਰਿਹਾ ਹੈ। ਇਥੇ ਦੇਵੀ ਤਾਲਾਬ ਕਮੇਟੀ ਵੱਲੋਂ ਰਾਮਲੀਲ੍ਹਾ ਵੀ ਕੀਤੀ ਜਾਂਦੀ ਰਹੀ ਹੈ, ਜਦੋਂਕਿ ਦੁਸਹਿਰੇ ਦਾ ਤਿਉਹਾਰ ਦੁਆਬਾ ਕਾਲਜ ਦੇ ਮੈਦਾਨ ਵਿਚ ਲੱਗਦਾ ਰਿਹਾ ਹੈ ਤੇ ਹਾਲੇ ਵੀ ਇਥੇ ਦੁਸਹਿਰਾ ਮਨਾਇਆ ਜਾਂਦਾ ਹੈ। ਕਿਸ਼ਨਪੁਰਾ ਚੌਕ ਤੋਂ ਦੋਮੋਰੀਆ ਪੁਲ਼ ਨੂੰ ਆਉਂਦਿਆਂ ਰਾਹ ਵਿਚ ਬ੍ਹਮ ਕੁੰਡ ਮੈਦਾਨ ਵੀ ਰਾਮਲੀਲ੍ਹਾ ਤੇ ਧਾਰਮਿਕ ਸਮਾਗਮਾਂ ਲਈ ਵਰਤਿਆ ਜਾਂਦਾ ਰਿਹਾ ਹੈ, ਭਾਵੇਂਕਿ ਪਿਛਲੇ ਕੁਝ ਸਮੇਂ ਦੌਰਾਨ ਇਹ ਵਿਵਾਦਾਂ ਵਿਚ ਿਘਰਿਆ ਰਿਹਾ ਹੈ। ਇਸ 'ਤੇ ਕੁਝ ਲੋਕਾਂ ਵੱਲੋਂ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਜਿਸ ਦਾ ਆਲ਼ੇ-ਦੁਆਲ਼ੇ ਦੇ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਹੈ। ਮਾਡਲ ਟਾਊਨ ਇਲਾਕੇ ਵਿਚ ਸਥਿਤ ਗੀਤਾ ਮੰਦਰ ਦੇ ਪਿਛਲੇ ਪਾਸੇ ਵੀ ਮੈਦਾਨ ਹੁੰਦਾ ਸੀ, ਜਿਥੇ ਅੱਜਕੱਲ੍ਹ ਪਾਰਕ ਬਣਿਆ ਹੋਇਆ ਹੈ। ਇਥੇ ਮਾਡਲ ਟਾਊਨ ਦਾ ਦੁਸਹਿਰਾ ਲੱਗਾ ਸੀ। ਪਟੇਲ ਚੌਕ ਨੇੜੇ ਸਥਿਤ ਸਾਈਂ ਦਾਸ ਸਕੂਲ ਦੇ ਖੇਡ ਮੈਦਾਨ 'ਤੇ ਵੀ ਧਾਰਮਿਕ ਤੇ ਸਮਾਜਿਕ ਸਮਾਗਮ ਕਰਵਾਏ ਜਾਂਦੇ ਰਹੇ ਹਨ। ਇਥੇ ਰਾਮਲੀਲ੍ਹਾ ਵੀ ਕਰਵਾਈ ਜਾਂਦੀ ਹੈ ਤੇ ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵੱਲੋਂ ਵੀ ਇਥੇ ਹਰ ਸਾਲ ਵੱਡੇ-ਵੱਡੇ ਸਮਾਗਮ ਕਰਵਾਏ ਜਾਂਦੇ ਹਨ। ਬਸਤੀ ਸ਼ੇਖ ਇਲਾਕੇ ਵਿਚ ਲਾਲ ਪਹਾੜੀ ਮੈਦਾਨ ਕਾਫੀ ਪ੍ਰਸਿੱਧ ਹੈ, ਜਿਥੇ ਰਾਮਲੀਲ੍ਹਾ ਤੇ ਦੁਸਹਿਰੇ ਤੋਂ ਇਲਾਵਾ ਹੋਰ ਵੀ ਕਈ ਸਮਾਗਮ ਹੁੰਦੇ ਰਹਿੰਦੇ ਸਨ। ਭਾਰਗੋ ਕੈਂਪ, ਗਾਂਧੀ ਕੈਂਪ ਤੇ ਹੋਰਨਾਂ ਮੈਦਾਨਾਂ ਦੀ ਵਰਤੋਂ ਆਜ਼ਾਦੀ ਤੋਂ ਬਾਅਦ ਉੱਜੜ ਕੇ ਆਏ ਸ਼ਰਨਾਰਥੀਆਂ ਦੇ ਆਰਜ਼ੀ ਰੈਣ-ਬਸੇਰੇ ਲਈ ਕੀਤੀ ਗਈ ਅਤੇ ਇਥੇ ਸ਼ਰਨਾਰਥੀ ਕੈਂਪ ਬਣਾਏ ਗਏ ਸਨ। ਇਨ੍ਹਾਂ ਕੈਂਪਾਂ ਵਿਚ ਠਹਿਰਣ ਵਾਲੇ ਸ਼ਰਨਾਰਥੀ ਮੁੜ ਵਸੇਬਾ ਹੋਣ ਕਰ ਕੇ ਹੌਲ਼ੀ-ਹੌਲ਼ੀ ਇਥੋਂ ਚਲੇ ਗਏ ਤੇ ਮੁੜ ਇਹ ਮੈਦਾਨ ਜਨਤਕ ਜਲਸਿਆਂ ਲਈ ਵਰਤੇ ਜਾਣ ਲੱਗੇ ਸਨ। ਵਿਕਾਸ ਦੇ ਨਾਂ 'ਤੇ ਸ਼ਹਿਰ ਵਿਚ ਕੰਕਰੀਟ ਦੀ ਇਮਾਰਤਾਂ ਦੀ ਗਿਣਤੀ ਵਧਦੀ ਹੀ ਗਈ ਤੇ ਜਿਉਂ-ਜਿਉਂ ਸ਼ਹਿਰ ਨੇ ਮਹਾਨਗਰ ਦਾ ਰੂਪ ਧਾਰਿਆ ਹੈ, ਇਨ੍ਹਾਂ ਮੈਦਾਨਾਂ ਦੀ ਥਾਂ ਇਮਾਰਤਾਂ ਖੜ੍ਹੀਆਂ ਹੋ ਗਈਆਂ ਹਨ, ਜਿਨ੍ਹਾਂ 'ਚ ਬਹੁਮੰਜ਼ਲੀ ਹੋਟਲ, ਮੈਰਿਜ ਪੈਲੇਸ ਤੇ ਰੈਸਟੋਰੈਂਟ ਸ਼ਾਮਲ ਹੋ ਗਏ ਹਨ। ਪਹੁੰਚ ਵਾਲੇ ਲੋਕ ਤਾਂ ਇਨ੍ਹਾਂ ਆਧੁਨਿਕ ਸਹੂਲਤਾਂ ਵਾਲੀਆਂ ਥਾਵਾਂ 'ਤੇ ਆਪਣੇ ਘਰੇਲੂ ਤੇ ਸਮਾਜਿਕ ਸਮਾਗਮ ਕਰ ਲੈਂਦੇ ਹਨ ਪਰ ਆਮ ਲੋਕ ਮੈਦਾਨ ਨਾ ਹੋਣ ਕਾਰਨ ਅਕਸਰ ਹੀ ਗਲੀਆਂ ਵਿਚ ਸਮਾਗਮ ਕਰਵਾਉਂਦੇ ਹਨ, ਜਿਸ ਨਾਲ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਲਸੇ, ਮਾਰਚ ਤੇ ਰੈਲੀਆਂ ਕਰਨ ਲਈ ਥਾਵਾਂ ਦੀ ਘਾਟ ਰੜਕਦੀ ਹੈ। ਸਰਕਾਰ ਤੇ ਪ੍ਰਸ਼ਾਸਨ ਨੂੰ ਜਨਤਕ ਇਕੱਠਾਂ ਲਈ ਖੁੱਲ੍ਹੀਆਂ ਥਾਵਾਂ ਨਿਰਧਾਰਤ ਕਰਨੀਆਂ ਚਾਹੀਦੀਆਂ ਹਨ, ਤਾਂ ਜੋ ਲੋਕ ਸਾਂਝੇ ਸਮਾਗਮ ਇਨ੍ਹਾਂ ਥਾਵਾਂ 'ਤੇ ਕਰ ਸਕਣ।