ਰਾਕੇਸ਼ ਗਾਂਧੀ ਜਲੰਧਰ : ਕੋਰੋਨਾ ਵਾਇਰਸ ਦੇ ਕਹਿਰ ਦੇ ਖ਼ਿਲਾਫ਼ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਲੋਕਾਂ ਦੀ ਸੇਵਾ ਵਿਚ ਜੁਟੇ ਡਾਕਟਰਾਂ ਦਾ ਜਿੱਥੇ ਸਾਰਾ ਦੇਸ਼ ਸਨਮਾਨ ਕਰ ਰਿਹਾ ਹੈ ਉੱਥੇ ਕਈ ਲੋਕ ਇਨ੍ਹਾਂ ਡਾਕਟਰਾਂ ਦੇ ਘਰ ਹੀ ਚੋਰੀ ਕਰਨ ਤੋਂ ਬਾਜ ਨਹੀਂ ਆ ਰਹੇ ਅਜਿਹਾ ਹੀ ਇਕ ਵਾਕਿਆ ਥਾਣਾ ਬਸਤੀ ਬਾਵਾ ਖੇਲ ਦੀ ਹੱਦ ਵਿਚ ਪੈਂਦੇ ਗਰੀਨ ਐਵੇਨਿਊ ਇਲਾਕੇ ਵਿਚ ਵਾਪਰਿਆ ਜਿੱਥੇ ਰਹਿਣ ਵਾਲੇ ਡਾਕਟਰ ਦੀ ਡਿਊਟੀ ਕਰੋਨਾ ਵਾਇਰਸ ਕਾਰਨ ਸੁਲਤਾਨਪੁਰ ਦੇ ਇੱਕ ਹਸਪਤਾਲ ਵਿੱਚ ਲੱਗੀ ਹੋਈ ਹੈ ਦੇ ਘਰੋਂ ਸੋਮਵਾਰ ਤੜਕੇ ਦੋ ਨੌਜਵਾਨ ਹਜਾਰਾਂ ਰੁਪਈਆਂ ਦੀ ਨਕਦੀ ਅਤੇ ਸਾਮਾਨ ਚੋਰੀ ਕਰਕੇ ਲੈ ਗਏ। ਉਕਤ ਸਾਰੀ ਘਟਨਾ ਘਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਜਿਨ੍ਹਾਂ ਨੂੰ ਆਨਲਾਈਨ ਚੈੱਕ ਕਰਨ 'ਤੇ ਡਾਕਟਰ ਨੂੰ ਹੀ ਇਸ ਚੋਰੀ ਦਾ ਪਤਾ ਲੱਗਿਆ ਤਾਂ ਉਸ ਨੇ ਇਸ ਦੀ ਸੂਚਨਾ ਆਪਣੇ ਰਿਸ਼ਤੇਦਾਰਾਂ ਨੂੰ ਅਤੇ ਪੁਲਿਸ ਨੂੰ ਦਿੱਤੀ। ਜਾਣਕਾਰੀ ਅਨੁਸਾਰ ਡਾਕਟਰ ਹਰਪ੍ਰਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਗਰੀਨ ਐਵੇਨਿਊ ਬਸਤੀ ਬਾਵਾ ਖੇਲ ਦੀ ਡਿਊਟੀ ਸੁਲਤਾਨਪੁਰ ਲੋਧੀ ਹਸਪਤਾਲ ਵਿੱਚ ਕੋਰੋਨਾ ਵਾਇਰਸ ਕਾਰਨ ਲੱਗੀ ਹੋਈ ਹੈ।ਉਨ੍ਹਾਂ ਨੇ ਆਪਣੇ ਘਰ ਦੇ ਸੀਸੀਟੀਵੀ ਕੈਮਰਿਆਂ ਦੀ ਆਨਲਾਈਨ ਸੈਟਿੰਗ ਆਪਣੇ ਮੋਬਾਈਲ ਵਿੱਚ ਕੀਤੀ ਹੋਈ ਹੈ। ਅੱਜ ਤੜਕੇ ਜਦ ਉਹ ਪਾਣੀ ਪੀਣ ਲਈ ਉੱਠਿਆ ਤਾਂ ਉਸ ਨੇ ਆਪਣੇ ਘਰ ਦੇ ਕੈਮਰੇ ਚੈੱਕ ਕਰਨ ਲਈ ਮੋਬਾਈਲ ਤੇ ਦੇਖਿਆ ਤਾਂ ਉਸ ਵਿੱਚ ਦੇਖਿਆ ਕਿ ਦੋ ਨੌਜਵਾਨ ਤੜਕੇ 3.12 ਵਜੇ ਉਸ ਦੇ ਘਰ ਅੰਦਰ ਦਾਖਲ ਹੋਏ ਹਨ ਅਤੇ 3.42 ਵਜੇ ਘਰੋਂ ਬਾਹਰ ਨਿਕਲੇ ਹਨ। ਉਸ ਨੇ ਤੁਰੰਤ ਇਸ ਦੀ ਸੂਚਨਾ ਆਪਣੇ ਰਿਸ਼ਤੇਦਾਰਾਂ ਨੂੰ ਦਿੱਤੀ ਜੋ ਉਸ ਦੀ ਕੋਠੀ ਪਹੁੰਚੇ ਚੋਰ ਘਰ 'ਚੋਂ 30 ਹਜਾਰ ਦੀ ਨਕਦੀ ,50 ਹਜਾਰ ਦੀਆਂ ਘੜੀਆਂ ,ਇੱਕ ਲੈਪਟਾਪ ਅਤੇ ਬਹੁਤ ਸਾਰਾ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਫਿੰਗਰ ਪਿ੍ੰਟ ਐਕਸਪਰਟ ਦੀ ਟੀਮ ਨਾਲ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।