ਪੱਤਰ ਪ੍ਰਰੇਰਕ, ਲੋਹੀਆਂ ਖਾਸ : ਹੜ੍ਹ ਮਾਰੇ ਖੇਤਰਾਂ ਦਾ ਦੌਰਾ ਕਰਨ ਉਪਰੰਤ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਹੜ੍ਹ ਪੀੜਤਾਂ ਤੇ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੋਲ ਪਹਿਲਾਂ ਹੀ 475 ਕਰੋੜ ਰੁਪਏ ਹੜ੍ਹ ਪੀੜਤਾਂ ਲਈ ਰੀਲੀਫ ਫੰਡ ਵਜੋਂ ਪਏ ਹੋਏ ਹਨ ਅਤੇ ਕੇਂਦਰ ਸਰਕਾਰ ਸਿੱਧੇ ਤੌਰ 'ਤੇ ਕੁਝ ਨਹੀਂ ਦੇ ਸਕਦੀ, ਜਿਸ ਕਰ ਕੇ ਸੂਬਾ ਸਰਕਾਰ ਵੱਲੋਂ ਮੰਗ ਕੀਤੇ ਜਾਣ 'ਤੇ ਕੇਂਦਰ ਤੋਂ ਮਨਜ਼ੂਰੀ ਲਿਆਉਣੀ ਮੇਰੀ ਜ਼ਿੰਮੇਵਾਰੀ ਹੋਵੇਗੀ। ਉਹ ਆਪਣੇ ਨਾਲ ਦਸ ਟਰੱਕ ਪਸ਼ੂਆਂ ਦਾ ਚਾਰਾ, ਤੂੜੀ, ਚਾਰ ਟਰੱਕ ਇਨਸਾਨਾਂ ਲਈ ਖਾਧ ਸਮੱਗਰੀ, ਤਿੰਨ ਕਿਸ਼ਤੀਆਂ ਤੇ ਕਈ ਕਿਸਮ ਦੀ ਹੋਰ ਰਾਹਤ ਸਮੱਗਰੀ ਵੀ ਲਿਆਏ ਸਨ, ਜਿਸ ਨੂੰ ਲੋੜਵੰਦ ਲੋਕਾਂ ਤਕ ਪਹੁੰਚਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਅਕਾਲੀ ਦਲ ਦੇ ਵਰਕਰਾਂ ਤੇ ਪਤਵੰਤਿਆਂ ਦੀ ਲਗਾਈ। ਇਸ ਮੌਕੇ ਬਿ੍ਜ ਭੁਪਿੰਦਰ ਸਿੰਘ ਲਾਲੀ ਸਾਬਕਾ ਗ੍ਹਿ ਮੰਤਰੀ ਪੰਜਾਬ ਤੇ ਬਚਿੱਤਰ ਸਿੰਘ ਕੋਹਾੜ ਨੇ ਇਲਾਕੇ ਦੇ ਲੋਕਾਂ ਦੀਆਂ ਮੰਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ, ਜਿਸ ਦੇ ਜੁਆਬ ਵਿਚ ਬੀਬੀ ਬਾਦਲ ਵੱਲੋਂ ਹਰ ਸੰਭਵ ਮਦਦ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਅਵਤਾਰ ਸਿੰਘ ਕਲੇਰ ਸੂਚਨਾ ਕਮਿਸ਼ਨਰ ਪੰਜਾਬ, ਬੀਬੀ ਜਗੀਰ ਕੌਰ, ਰਣਜੋਧ ਸਿੰਘ ਪੱਡਾ, ਕੇਵਲ ਸਿੰਘ ਰੂਪੇਵਾਲੀ, ਚਰਨਜੀਤ ਸਿੰਘ, ਸੁਖਚੈਨ ਸਿੰਘ ਆਦਿ ਵੀ ਮੌਜੂਦ ਸਨ ।