ਪੰਜਾਬੀ ਜਾਗਰਣ ਕੇਂਦਰ, ਜਲੰਧਰ : ਮੰਗਲਵਾਰ ਨੂੰ 11 ਘੰਟੇ ਮੀਂਹ ਪੈਣ ਦੇ ਬਾਵਜੂਦ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ 'ਚ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦਾ ਉਤਸ਼ਾਹ ਮੱਠਾ ਨਹੀਂ ਪਿਆ। ਅਨੰਤ ਚੌਦਸ ਦੇ ਦੋ ਦਿਨ ਬਾਅਦ ਮੰਗਲਵਾਰ ਨੂੰ ਵੀ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ 'ਚ ਸਾਰਾ ਦਿਨ ਸ਼ਰਧਾਲੂਆਂ ਦੀ ਆਮਦ ਜਾਰੀ ਰਹੀ। ਮੰਦਰ ਕੰਪਲੈਕਸ 'ਚ ਸ਼ਰਧਾਲੂਆਂ ਦੀ ਕਾਫੀ ਭੀੜ ਰਹੀ। ਹਾਲਾਂਕਿ ਮੇਲੇ ਦਾ ਘੇਰਾ ਅੱਧੇ ਕਿਲੋਮੀਟਰ ਤੋਂ ਵੀ ਘੱਟ ਹੋ ਗਿਆ। ਇਸ ਦੌਰਾਨ ਸ਼ਰਧਾਲੂਆਂ ਨੇ ਦੁੱਧ, ਮਠਿਆਈਆਂ, ਫਲ, ਫੁੱਲ ਤੇ ਰੋਟ ਦਾ ਪ੍ਰਸ਼ਾਦ ਚੜ੍ਹਾਇਆ। ਸੋਢਲ ਮੰਦਰ ਟਰੱਸਟ ਤੇ ਚੱਢਾ ਬਰਾਦਰੀ ਵੱਲੋਂ ਤੀਜੇ ਦਿਨ ਵੀ ਮੰਦਰ ਦੀ ਸਫਾਈ, ਪੀਣ ਵਾਲਾ ਪੀਣ ਤੇ ਦਰਬਾਰ 'ਚ ਆਸਾਨੀ ਨਾਲ ਮੱਥਾ ਟੇਕਣ ਲਈ ਕੀਤੇ ਗਏ ਪ੍ਰਬੰਧ ਬਰਕਰਾਰ ਰੱਖੇ। ਬੁੱਧਵਾਰ ਨੂੰ ਵੀ ਮੰਦਰ 'ਚ ਸ਼ਰਧਾਲੂਆਂ ਦੀ ਆਮਦ ਜਾਰੀ ਰਹੇਗੀ। ਚੱਢਾ ਬਰਾਦਰੀ ਦੇ ਪ੍ਰਧਾਨ ਤੇ ਕੌਂਸਲਰ ਵਿਪਨ ਚੱਢਾ ਬੱਬੀ ਨੇ ਦੱਸਿਆ ਕਿ ਮੰਗਲਵਾਰ ਨੂੰ ਵੀ ਸ਼ਰਧਾਲੂਆਂ ਦੀ ਆਮਦ ਜਾਰੀ ਰਹੀ। ਸ਼ਰਧਾਲੂਆਂ ਲਈ ਬਰਾਦਰੀ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਬਰਸਾਤ ਹੋਣ ਕਾਰਨ ਬੁੱਧਵਾਰ ਨੂੰ ਵੀ ਸ਼ਰਧਾਲੂਆਂ ਦੀ ਆਮਦ ਜਾਰੀ ਰਹੇਗੀ। ਜ਼ਿਲ੍ਹੇ 'ਚੋਂ ਹੁਣ ਤਕ ਸਵਾ ਚਾਰ ਲੱਖ ਸ਼ਰਧਾਲੂ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ 'ਚ ਨਤਮਸਤਕ ਹੋ ਚੁੱਕੇ ਹਨ।

--

ਪੁਲਿਸ ਮੁਲਾਜ਼ਮਾਂ ਦੀ ਗਿਣਤੀ ਘਟੀ, ਸਿਹਤ ਕੈਂਪ ਬੰਦ

ਮੰਗਲਵਾਰ ਨੂੰ ਪ੍ਰਸ਼ਾਸਨ ਨੇ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਘਟਾ ਦਿੱਤੀ ਹੈ। ਉਥੇ ਹੀ ਸਿਹਤ ਵਿਭਾਗ ਨੇ ਮੇਲੇ ਵਾਲੀ ਥਾਂ 'ਤੇ ਲਾਇਆ ਕੈਂਪ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮੰਦਰ ਨੂੰ ਜਾਣ ਵਾਲੇ ਸਾਰੇ ਰਸਤਿਆ 'ਤੇ ਆਵਾਜਾਈ ਆਮ ਵਾਂਗ ਹੋ ਗਈ ਹੈ। ਇਸ ਸਬੰਧੀ ਡੀਸੀਪੀ ਟ੍ਰੈਫਿਕ ਨਰੇਸ਼ ਡੋਗਾਰ ਦਾ ਕਹਿਣਾ ਹੈ ਕਿ ਕਿਸ਼ਨਪੁਰਾ ਚੌਕ, ਟਾਂਡਾ ਰੋਡ, ਹੁਸ਼ਿਆਰਪੁਰ ਰੋਡ, ਰਾਮ ਨਗਰ, ਪਟੇਲ ਚੌਕ, ਵਰਕਸ਼ਾਪ ਚੌਕ ਸਮੇਤ ਦੂਰ ਦੇ ਰੂਟ ਦੁਪਹਿਰ ਨੂੰ ਖੋਲ੍ਹ ਦਿੱਤੇ ਗਏ ਹਨ। ਹਾਲਾਂਕਿ ਮੰਦਰ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਹਾਲੇ ਗੱਡੀਆ ਤੇ ਭਾਰੀ ਵਾਹਨਾਂ ਦੇ ਦਾਖਲੇ 'ਤੇ ਰੋਕ ਬਰਕਰਾਰ ਰੱਖੀ ਗਈ ਹੈ।

--

ਦੋ ਦਿਨ ਬਾਅਦ ਸ਼ੁਰੂ ਹੋਵੇਗੀ ਚੜ੍ਹਾਵੇ ਦੀ ਗਿਣਤੀ

ਸ਼੍ਰੀ ਸਿੱਧੂ ਬਾਬਾ ਸੋਢਲ ਮੇਲੇ ਦੌਰਾਨ ਚੱਢਾ ਬਰਾਦਰੀ, ਆਨੰਦ ਬਰਾਦਰੀ ਸਮੇਤ ਮੰਨਤਾਂ ਪੂਰੀਆ ਹੋਣ 'ਤੇ ਦੇਸ਼ ਭਰ ਤੋਂ ਸ਼ਰਧਾਲੂ ਇਥੇ ਮੱਥਾ ਟੇਕਣ ਲਈ ਆਉਂਦੇ ਹਨ। ਜੋ ਮੰਨਤਾਂ ਪੂਰੀਆ ਹੋਣ 'ਤੇ ਦਾਨ ਦੀ ਰਾਸ਼ੀ ਚੜ੍ਹਾਵੇ ਵਜੋਂ ਅਰਪਿਤ ਕਰਦੇ ਹਨ। ਮੇਲੇ 'ਚ ਹੋਣ ਵਾਲੇ ਚੜ੍ਹਾਵੇ ਦੀ ਗਿਣਤੀ ਇਸ ਵਾਰ ਦੋ ਦਿਨਾਂ ਬਾਅਦ ਸ਼ੁਰੂ ਹੋਵੇਗੀ। ਟਰੱਸਟ ਦੇ ਕੈਸ਼ੀਅਰ ਸੁਰੇਸ਼ ਚੱਢਾ ਨਿੱਜੀ ਕਾਰਨਾਂ ਕਰ ਕੇ ਮੰਦਰ 'ਚ ਨਹੀਂ ਆ ਰਹੇ ਜਿਸ ਕਾਰਨ ਹੁਣ ਦੋ ਦਿਨਾਂ ਬਾਅਦ ਚੜ੍ਹਾਵੇ ਦੀ ਗਿਣਤੀ ਸ਼ੁਰੂ ਹੋਵੇਗੀ।