ਪੰਜਾਬੀ ਜਾਗਰਣ ਕੇਂਦਰ, ਜਲੰਧਰ : ਜ਼ਮੀਨੀ ਪੱਧਰ 'ਤੇ ਸਿਹਤਮੰਦ ਖੇਡ ਸੱਭਿਆਚਾਰ ਨੂੰ ਵਿਕਸਿਤ ਕਰਨ ਲਈ ਪੰਜਾਬ ਸਰਕਾਰ ਦੀ ਦਿ੍ੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਿਧਾਇਕ ਪਰਗਟ ਸਿੰਘ ਨੇ ਐਤਵਾਰ ਨੂੰ ਪਿੰਡ ਸਮਰਾਏ ਦੇ ਖੇਡ ਮੈਦਾਨ ਵਿਖੇ ਉੱਭਰ ਰਹੇ 100 ਫੁੱਟਬਾਲ ਅਤੇ ਹਾਕੀ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਪਰਗਟ ਸਿੰਘ ਨੇ ਦੱਸਿਆ ਕਿ 2.25 ਲੱਖ ਰੁਪਏ ਦੀ ਕੀਮਤ ਦੀਆਂ 100 ਕਿੱਟਾਂ ਵਿਚ ਟਰੈਕ ਸੂਟ, ਫੁੱਟਬਾਲਾਂ, ਬੂਟ ਅਤੇ ਹਾਕੀ ਸਟਿੱਕਸ ਤੋਂ ਇਲਾਵਾ ਹੋਰ ਸਾਮਾਨ ਖੇਡ ਦੇ ਮੈਦਾਨ ਵਿਚ ਵੰਡਿਆ ਗਿਆ ਹੈ। ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਉਨ੍ਹਾਂ ਨੂੰ ਆਪੋ ਆਪਣੀ ਖੇਡ 'ਚ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ, ਤਾਂ ਜੋ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਉਨ੍ਹਾਂ ਦਾ, ਸੂਬੇ ਅਤੇ ਦੇਸ਼ ਦਾ ਨਾਂ ਉੱਚਾ ਹੋ ਸਕੇ। ਉਨ੍ਹਾਂ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਵੱਲੋਂ ਖਿਡਾਰੀਆਂ ਨੂੰ ਹਰ ਸੰਭਵ ਸਹਾਇਤਾ ਅਤੇ ਮਾਰਗ ਦਰਸ਼ਨ ਦਿੱਤਾ ਜਾਵੇਗਾ, ਤਾਂ ਜੋ ਉਹ ਭਵਿੱਖ ਵਿਚ ਉਪਲਬਧੀਆਂ ਹਾਸਲ ਕਰ ਸਕਣ। ਪਿੰਡ ਸਮਰਾਏ ਵਿਖੇ ਖੇਡ ਪ੍ਰਰੋਗਰਾਮਾਂ ਨੂੰ ਉਤਸ਼ਾਹਿਤ ਕਰਨ 'ਤੇ ਤਸੱਲੀ ਪ੍ਰਗਟ ਕਰਦਿਆਂ ਵਿਧਾਇਕ ਨੇ ਕਿਹਾ ਕਿ ਖੇਡ ਮੈਦਾਨ 'ਚ ਰੋਜ਼ਾਨਾ ਸ਼ਾਮ ਦੇ ਅਭਿਆਸ ਦਾ ਸੱਭਿਆਚਾਰ ਨਾ ਸਿਰਫ ਉਨ੍ਹਾਂ ਦੇ ਖੇਤਰਾਂ ਵਿਚ ਲੋੜੀਂਦੀ ਤਬਦੀਲੀ ਨੂੰ ਯਕੀਨੀ ਬਣਾਏਗਾ, ਬਲਕਿ ਇਨ੍ਹਾਂ ਖਿਡਾਰੀਆਂ ਦੇ ਆਤਮ-ਵਿਸ਼ਵਾਸ ਨੂੰ ਵੀ ਵਧਾਏਗਾ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰਰੇਰਿਤ ਕਰਨ ਲਈ ਕਲੱਬਾਂ ਅਤੇ ਨੌਜਵਾਨਾਂ ਨੂੰ ਖੇਡ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿਚ ਇਕ ਟੀਮ ਦੀ ਭਾਵਨਾ ਪੈਦਾ ਕਰਨ ਵਿਚ ਮਦਦ ਕਰਦੀਆਂ ਹਨ। ਖੇਡਾਂ ਸਿਹਤਮੰਦ ਸਮਾਜ ਦੀ ਸਿਰਜਣਾ ਤੋਂ ਇਲਾਵਾ ਜੀਵਨ ਵਿਚ ਉੱਤਮ ਬਣਨ ਵਿਚ ਵੀ ਸਹਾਇਤਾ ਕਰ ਸਕਦੀਆਂ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੀ ਊਰਜਾ ਨੂੰ ਖੇਡਾਂ ਵਿਚ ਲਾਉਣ ਅਤੇ ਆਪਣੇ ਕਰੀਅਰ ਵਿਚ ਨਵੀਂਆਂ ਬੁਲੰਦੀਆਂ ਨੂੰ ਹਾਸਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਉਭਰ ਰਹੇ ਖਿਡਾਰੀਆਂ ਨੂੰ ਆਪਣੀ ਸ਼ਖ਼ਸੀਅਤ ਦੇ ਚਹੁੰਮੁਖੀ ਵਿਕਾਸ ਲਈ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵੱਲ ਵੀ ਉਚਿਤ ਧਿਆਨ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਨੌਜਵਾਨ ਖਿਡਾਰੀਆਂ ਵਿਚ ਹੋਰ ਖੇਡ ਕਿੱਟਾਂ ਵੰਡੀਆਂ ਜਾਣਗੀਆਂ, ਤਾਂ ਜੋ ਉਨ੍ਹਾਂ ਨੂੰ ਸੁਚੱਜੇ ਢੰਗ ਨਾਲ ਅਭਿਆਸ ਕਰਨ ਵਿਚ ਮਦਦ ਮਿਲ ਸਕੇ।

ਖੇਡਾਂ ਪ੍ਰਤੀ ਆਪਣੀ ਵਚਨਬੱਧਤਾ ਲਈ ਵਿਧਾਇਕ ਪਰਗਟ ਸਿੰਘ ਦਾ ਧੰਨਵਾਦ ਕਰਦਿਆਂ ਪਿੰਡ ਜੰਡਿਆਲਾ ਦੇ ਸਰਪੰਚ ਮੱਖਣ ਪਲਹਣ, ਪੰਡੋਰੀ ਦੇ ਸਰਪੰਚ ਕਮਲ, ਸਮਰਾਏ ਦੇ ਸਰਪੰਚ ਦੀਪਾ ਨੇ ਕਿਹਾ ਕਿ ਜਲੰਧਰ ਕੈਂਟ ਹਲਕੇ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਖੇਡ ਬੁਨਿਆਦੀ ਢਾਂਚੇ ਵਿਚ ਵੱਡੇ ਪੈਮਾਨੇ 'ਤੇ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਖੇਡ ਕਿੱਟਾਂ ਦੀ ਵੰਡ ਨਾਲ ਨੌਜਵਾਨ ਖਿਡਾਰੀਆਂ ਲਈ ਵਧੀਆ ਅਭਿਆਸ ਵਾਤਾਵਰਨ ਯਕੀਨੀ ਬਣੇਗਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਭੁਪਿੰਦਰ ਸਿੰਘ ਸਮਰਾ, ਰਾਜਿੰਦਰ ਸਰਮਾ, ਪੰਮਾ, ਕਮਲਜੀਤ ਸਿੰਘ, ਮੱਖਣ ਸਿੰਘ ਅਤੇ ਰਿੰਕੂ ਮੌਜੂਦ ਸਨ।