ਜਤਿੰਦਰ ਪੰਮੀ, ਜਲੰਧਰ

15 ਅਗਸਤ 1947 'ਚ ਦੇਸ਼ ਆਜ਼ਾਦ ਹੋਣ ਮੌਕੇ ਜਿਥੇ ਲੋਕਾਂ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤੀ ਮਿਲਣ ਦੀ ਖੁਸ਼ੀ ਮਿਲੀ, ਉਥੇ ਹੀ ਦੇਸ਼ ਵਾਸੀਆਂ ਵਿਸ਼ੇਸ਼ ਕਰ ਕੇ ਪੰਜਾਬ ਦੇ ਬਾਸ਼ਿੰਦਿਆਂ ਨੂੰ ਉਜਾੜੇ ਦਾ ਸਾਹਮਣਾ ਵੀ ਕਰਨਾ ਪਿਆ। ਵੰਡ ਕਾਰਨ ਦੇਸ਼ ਦੇ ਨਾਲ ਪੰਜਾਬ ਦੇ ਵੀ ਦੋ ਟੋਟੇ ਹੋ ਗਏ, ਇਕ ਹਿੱਸਾ ਪਾਕਿਸਤਾਨ 'ਚ ਚਲਾ ਗਿਆ ਤੇ ਦੂਜਾ ਹਿੱਸਾ ਹਿੰਦੋਸਤਾਨ 'ਚ ਰਹਿ ਗਿਆ। ਇਸ ਤਰ੍ਹਾਂ ਸਭ ਤੋਂ ਪੰਜਾਬੀਆਂ ਨੂੰ ਦੇਸ਼ ਦੀ ਵੰਡ ਦਾ ਨੁਕਸਾਨ ਝੱਲਣਾ ਪਿਆ। ਲੋਕਾਂ ਨੂੰ ਵੰਡ ਦੌਰਾਨ ਹੋਏ ਫਿਰਕੂ ਫਸਾਦਾਂ ਕਾਰਨ ਜਿਥੇ ਆਪਣੇ ਪਿਆਰਿਆਂ ਦੀ ਮੌਤ ਦਾ ਸੱਲ ਸਹਿਣਾ ਪਿਆ, ਉਥੇ ਹੀ ਵਸੇ-ਵਸਾਏ ਘਰ, ਜ਼ਮੀਨਾਂ, ਕਾਰੋਬਾਰ ਤੇ ਜਾਇਦਾਦਾਂ ਛੱਡ ਕੇ ਖਾਲ੍ਹੀ ਹੱਥ ਆਉਣਾ ਪਿਆ। ਵੰਡ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਲਾਹੌਰ ਸੀ ਪਰ ਵੰਡ ਕਾਰਨ ਪੰਜਾਬ ਦੇ ਦੋ ਟੋਟੇ ਹੋਣ ਨਾਲ ਭਾਰਤੀ ਪੰਜਾਬ ਦੀ ਰਾਜਧਾਨੀ ਲਾਹੌਰ ਪਾਕਿਸਤਾਨ 'ਚ ਰਹਿ ਗਈ, ਜਿਸ ਕਾਰਨ ਭਾਰਤੀ ਪੰਜਾਬ ਦੀ ਨਵੀਂ ਤੇ ਆਰਜ਼ੀ ਰਾਜਧਾਨੀ ਜਲੰਧਰ ਨੂੰ ਬਣਾਇਆ ਗਿਆ ਸੀ। ਜਲੰਧਰ 'ਚ ਰਾਜਧਾਨੀ ਬਣਾਉਣ ਕਾਰਨ ਪੰਜਾਬ ਦੇ ਮੁੱਖ ਮੰਤਰੀ, ਹੋਰ ਮੰਤਰੀਆਂ ਤੇ ਰਾਜਪਾਲ ਦੇ ਦਫਤਰ ਤੇ ਰਿਹਾਇਸ਼ਾਂ ਵੀ ਇਸੇ ਸ਼ਹਿਰ 'ਚ ਬਣਾਈਆਂ ਗਈਆਂ ਸਨ। ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਮੌਜੂਦਾ ਬੀਐੱਮਸੀ ਚੌਕ ਨੇੜਲੀ ਵਿਸ਼ਾਲ ਤੇ ਆਲੀਸ਼ਾਨ ਇਮਾਰਤ 'ਚ ਬਣਾਈ ਗਈ ਸੀ, ਜਿਥੇ ਅੱਜਕੱਲ੍ਹ ਆਲ ਇੰਡੀਆ ਰੇਡੀਓ ਦਾ ਦਫਤਰ ਚੱਲ ਰਿਹਾ ਹੈ। ਇਹ ਇਮਾਰਤ ਸ਼ਹਿਰ ਦੇ ਅਮੀਰ ਮੁਸਲਮਾਨ ਦੀ ਸੀ। ਇਸੇ ਤਰ੍ਹਾਂ ਰਾਜਪਾਲ ਦੀ ਰਿਹਾਇਸ਼ ਪੁਰਾਣੇ ਜੀਟੀ ਰੋਡ 'ਤੇ ਡੀਏਵੀ ਕਾਲਜ ਨਹਿਰ ਨਾਲ ਬਣੀ ਲਾਲ ਰੰਗ ਦੀ ਵਿਸ਼ਾਲ ਇਮਾਰਤ, ਜਿਸ ਨੂੰ ਲਾਲ ਕੋਠੀ ਤੇ ਬੁਧੀਆ ਨਿਵਾਸ ਕਿਹਾ ਜਾਂਦਾ ਹੈ, 'ਚ ਬਣਾਈ ਗਈ ਸੀ। ਮੁੱਖ ਮੰਤਰੀ ਤੇ ਰਾਜਪਾਲ ਦੀਆਂ ਰਿਹਾਇਸ਼ਾਂ ਦਾ ਪ੍ਰਬੰਧ ਕਰਨ ਦੇ ਨਾਲ ਹੀ ਸ਼ਹਿਰ ਦੇ ਕਪੂਰਥਲਾ ਰੋਡ 'ਤੇ ਸਥਿਤ ਵਿਸ਼ਾਲ ਇਮਾਰਤ, ਜਿਸ ਦੇ ਇਕ ਹਿੱਸੇ 'ਚ ਸਪੋਰਟਸ ਕਾਲਜ, ਸਪੋਰਟਸ ਸਕੂਲ, ਮੈਰੀਟੋਰੀਅਸ ਸਕੂਲ ਤੇ ਦੂਜੇ ਹਿੱਸੇ 'ਚ ਡਾਇਰੈਕਟਰ ਲੈਂਡ ਰਿਕਾਰਡਜ਼ ਦਾ ਦਫਤਰ, ਸਟੇਟ ਪਟਵਾਰ ਟ੍ਰੇਨਿੰਗ ਸਕੂਲ ਤੇ ਕਲੇਮ ਆਫਿਸ ਚੱਲ ਰਿਹਾ ਹੈ, 'ਚ ਪੰਜਾਬ ਸਰਕਾਰ ਦਾ ਸਕੱਤਰੇਤ ਬਣਾਇਆ ਗਿਆ ਸੀ, ਜਿਥੇ ਵਿਧਾਨ ਸਭਾ ਦਾ ਕੰਮਕਾਜ ਚੱਲਦਾ ਸੀ। ਇਸ ਸਕੱਤਰੇਤ ਦੀ ਇਮਾਰਤ 'ਚ ਮੁੱਖ ਮੰਤਰੀ ਦਾ ਦਫਤਰ, ਰਾਜਪਾਲ ਦਾ ਦਫਤਰ, ਮੰਤਰੀਆਂ ਦੇ ਦਫਤਰ ਤੇ ਪੰਜਾਬ ਸਰਕਾਰ ਦੇ ਆਹਲਾ ਅਧਿਕਾਰੀਆਂ ਦੇ ਦਫਤਰ ਕਾਇਮ ਕੀਤੇ ਗਏ ਸਨ। ਜਲੰਧਰ 1947 ਤੋਂ ਲੈ ਕੇ 1953 ਤਕ ਕਰੀਬ 6 ਸਾਲ ਪੰਜਾਬ ਦੀ ਰਾਜਧਾਨੀ ਰਿਹਾ। ਇਥੇ ਰਾਜਧਾਨੀ ਕਾਇਮ ਕਰਨ ਦਾ ਇਕ ਕਾਰਨ ਇਹ ਵੀ ਲੱਗਦਾ ਹੈ ਕਿ ਜਲੰਧਰ ਜ਼ਿਲ੍ਹਾ ਵੰਡ ਤੋਂ ਬਾਅਦ ਹੋਂਦ 'ਚ ਆਏ ਪੂਰਬੀ ਪੰਜਾਬ ਵਿਚਾਲੇ ਹੋਣ ਕਾਰਨ ਬਣਾਇਆ ਗਿਆ ਹੋਵੇਗਾ ਕਿਉਂਕਿ ਪੂਰੇ ਸੂਬੇ 'ਚੋਂ ਜਿਸ 'ਚ ਉਸ ਵੇਲੇ ਹਰਿਆਣਾ ਤੇ ਹਿਮਾਚਲ ਦਾ ਇਲਾਕਾ ਵੀ ਸ਼ਾਮਲ ਸੀ, ਇਥੇ ਆਉਣਾ ਸੌਖਾ ਸੀ। ਸ਼ਹਿਰ ਦੇ ਕੁਝ ਪੁਰਾਣੇ ਲੇਖਕਾਂ, ਜਿਹੜੇ ਕਿ ਇਤਿਹਾਸ ਬਾਰੇ ਕਾਫੀ ਜਾਣਕਾਰੀ ਰੱਖਦੇ ਹਨ, ਦਾ ਕਹਿਣਾ ਹੈ ਕਿ ਕਪੂਰਥਲਾ ਰੋਡ 'ਤੇ ਸਥਿਤ ਉਕਤ ਇਮਾਰਤ ਕਾਫੀ ਵੱਡੀ ਸੀ, ਜਿਸ ਕਾਰਨ ਇਥੇ ਸਕੱਤਰੇਤ ਕਾਇਮ ਕੀਤਾ ਗਿਆ ਸੀ ਤੇ ਇਥੇ ਪੁੱਜਣਾ ਵੀ ਸੁਖਾਲਾ ਸੀ। ਪੰਜਾਬ ਸਕੱਤਰੇਤ ਦੇ ਨਾਲ ਹੀ ਹਿੰਦੋਸਤਾਨ ਦੀ ਸਰਕਾਰ ਵੱਲੋਂ ਇਕ ਇਮਾਰਤ 'ਚ ਕਲੇਮ ਆਫਿਸ ਖੋਲਿ੍ਹਆ ਗਿਆ ਸੀ। ਇਸ ਕਲੇਮ ਆਫਿਸ 'ਚ ਪਾਕਿਸਤਾਨ ਤੋਂ ਉੱਜੜ ਕੇ ਲੋਕ ਆਪਣੇ ਘਰ-ਬਾਰ, ਜ਼ਮੀਨ-ਜਾਇਦਾਦ ਤੇ ਗਹਿਣੇ-ਗੱਟੇ ਬਾਰੇ ਵੇਰਵੇ ਦਿੰਦੇ ਸਨ ਤੇ ਕਲੇਮ ਆਫਿਸ ਸ਼ਰਨਾਰਥੀਆਂ ਵੱਲੋਂ ਦਿੱਤੇ ਗਏ ਵੇਰਵਿਆਂ ਦੇ ਆਧਾਰ 'ਤੇ ਪੜਤਾਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਜ਼ਮੀਨ, ਘਰ ਤੇ ਹੋਰ ਸਾਮਾਨ ਆਦਿ ਅਲਾਟ ਕਰਦਾ ਸੀ। ਜਲੰਧਰ 'ਚ ਕਈ ਥਾਵਾਂ 'ਤੇ ਸ਼ਰਨਾਰਥੀ ਕੈਂਪ ਬਣੇ ਹੋਏ ਸਨ ਤੇ ਇਨ੍ਹਾਂ ਸ਼ਰਨਾਰਥੀ ਕੈਂਪਾਂ 'ਚ ਉਜਾੜੇ ਦਾ ਸ਼ਿਕਾਰ ਲੋਕ ਆਪਣੇ ਰੁਕੇ ਹੋਏ ਕੰਮਾਂ ਲਈ ਇਥੇ ਆਉਂਦੇ ਰਹਿੰਦੇ ਸਨ ਤੇ ਸਕੱਤਰੇਤ ਨਾਲ ਹੀ ਹੋਣ ਕਾਰਨ ਮੰਤਰੀਆਂ ਵੱਲੋਂ ਲੋਕਾਂ ਦੀ ਸੁਣਵਾਈ ਛੇਤੀ ਕਰ ਦਿੱਤੀ ਜਾਂਦੀ ਸੀ। ਇਸ ਇਮਾਰਤ 'ਚ ਪੰਜਾਬ ਸਰਕਾਰ ਨੇ 1990-91 'ਚ ਮਾਲ ਵਿਭਾਗ ਦੇ ਡਾਇਰੈਕਟਰ ਲੈਂਡ ਰਿਕਾਰਡ ਦਾ ਦਫਤਰ ਕਾਇਮ ਕਰ ਦਿੱਤਾ, ਜਿਥੇ ਨਵੇਂ ਭਰਤੀ ਕੀਤੇ ਗਏ ਪਟਵਾਰੀਆਂ ਨੂੰ ਸਿਖਲਾਈ ਦੇਣ ਲਈ ਪਟਵਾਰ ਸਕੂਲ ਵੀ ਚਲਾਇਆ ਜਾਂਦਾ ਹੈ। ਹਾਲਾਂਕਿ ਇਥੇ ਕਲੇਮ ਆਫਿਸ ਉਸੇ ਤਰ੍ਹਾਂ ਕਾਇਮ ਹੈ, ਜਿਥੇ ਪਾਕਿਸਤਾਨ 'ਚੋ ਉੱਜੜ ਆਏ ਲੋਕਾਂ ਨੂੰ ਅਲਾਟ ਕੀਤੀਆਂ ਜ਼ਮੀਨਾਂ-ਜਾਇਦਾਦਾਂ ਦਾ ਰਿਕਾਰਡ ਪਿਆ ਹੋਇਆ ਹੈ। ਹੁਣ ਵੀ ਕਈ ਵਾਰ ਲੋਕ ਉਕਤ ਰਿਕਾਰਡ ਦੀ ਨਕਲ ਹਾਸਲ ਕਰਨ ਲਈ ਆਉਂਦੇ ਰਹਿੰਦੇ ਹਨ। 6 ਸਾਲ ਤਕ ਪੰਜਾਬ ਦਾ ਸਾਰਾ ਕੰਮਕਾਜ ਇਥੋਂ ਹੀ ਚੱਲਦਾ ਰਿਹਾ ਤੇ 1953 ਵਿਚ ਸ਼ਿਮਲਾ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ, ਜਿਸ ਨੂੰ ਅੰਗਰੇਜ਼ ਸਰਕਾਰ ਆਜ਼ਾਦੀ ਤੋਂ ਪਹਿਲਾਂ ਵੀ ਗਰਮੀਆਂ ਦੌਰਾਨ ਪੰਜਾਬ ਦੀ ਰਾਜਧਾਨੀ ਵਜੋਂ ਵਰਤੀ ਸੀ। 1966 'ਚ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਤੇ ਕੁਝ ਹਿੱਸਾ ਹਿਮਾਚਲ ਤੇ ਹਰਿਆਣਾ ਸੂਬਾ ਕਾਇਮ ਹੋਇਆ ਤਾਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਸਥਾਪਤ ਕਰ ਦਿੱਤੀ ਗਈ ਪਰ ਇਹ ਰਾਜਧਾਨੀ ਪੰਜਾਬ ਤੇ ਹਰਿਆਣਾ ਦੀ ਸਾਂਝੀ ਹੈ, ਜੋ ਕਿ ਕੇਂਦਰੀ ਸ਼ਾਸਤ ਇਲਾਕਾ ਹੈ।

ਉਕਤ ਜਗ੍ਹਾਂ 'ਤੇ ਕਲੇਮ ਆਫਿਸ ਤਾਂ ਉਸੇ ਤਰ੍ਹਾਂ ਹੀ ਚੱਲਦਾ ਰਿਹਾ ਪਰ ਬਾਕੀ ਇਮਾਰਤ ਕੁਝ ਸਾਲ ਖਾਲੀ ਰਹਿਣ ਤੋਂ ਬਾਅਦ 1961 'ਚ ਇਥੇ ਸਪੋਰਟਸ ਸਕੂਲ ਤੇ ਸਪੋਰਟਸ ਕਾਲਜ ਬਣਾਇਆ ਗਿਆ, ਜੋ ਏਸ਼ੀਆ ਦਾ ਪਹਿਲਾ ਤੇ ਇਕੋ-ਇਕ ਅਜਿਹਾ ਖੇਡਾਂ ਦੀ ਸਿਖਲਾਈ ਦੇ ਨਾਲ਼-ਨਾਲ਼ ਵਿੱਦਿਆ ਦੇਣ ਵਾਲਾ ਅਦਾਰਾ ਸੀ। ਇਸ ਕਾਲਜ ਤੋਂ ਸਿਖਲਾਈ ਲੈ ਕੇ ਪੰਜਾਬ ਦੇ ਬਹੁਤ ਸਾਰੇ ਖਿਡਾਰੀਆਂ ਨੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਪ੍ਰਸਿੱਧੀ ਹਾਸਲ ਕੀਤੀ। ਪਿਛਲੇ ਕੁਝ ਸਾਲਾਂ ਦੌਰਾਨ ਸਪੋਰਟਸ ਕਾਲਜ ਦੀ ਪੁਰਾਣੀ ਇਮਾਰਤ, ਜਿਥੇ ਸਕੱਤਰੇਤ ਚੱਲਦਾ ਹੁੰਦਾ ਸੀ, ਹੌਲ਼ੀ-ਹੌਲ਼ੀ ਸਮੇਂ ਦੇ ਨਾਲ਼ ਖਸਤਾ ਹੁੰਦੀ ਗਈ ਤੇ ਅਖੀਰ ਆਧੁਨਿਕਤਾ ਦੀ ਭੇਟ ਚੜ੍ਹ ਗਈ। ਪੁਰਾਣੀ ਇਮਾਰਤ ਢਾਹ ਕੇ ਇਥੇ ਨਵੀਆਂ ਇਮਾਰਤਾਂ ਬਣਾ ਦਿੱਤੀਆਂ ਗਈਆਂ ਹਨ, ਜਿਥੇ ਸਪੋਰਟਸ ਤੇ ਆਰਟਸ ਕਾਲਜ ਦੇ ਇਨਡੋਰ ਸਟੇਡੀਅਮ, ਪ੍ਰਸ਼ਾਸਨਿਕ ਇਮਾਰਤਾਂ ਤੇ ਹੋਰ ਇਮਾਰਤਾਂ ਹਨ। ਇਥੇ ਇਸ ਵੇਲੇ ਸਪੋਰਟਸ ਕਾਲਜ ਤੇ ਸਕੂਲ ਤੋਂ ਇਲਾਵਾ ਮੈਰੀਟੋਰੀਅਸ ਸਕੂਲ ਵੀ ਚਲਾਇਆ ਜਾ ਰਿਹਾ ਹੈ। ਜੇ ਸਰਕਾਰਾਂ ਨੇ ਇਸ ਇਮਾਰਤ ਵੱਲ ਧਿਆਨ ਦਿੱਤਾ ਹੁੰਦਾ ਤਾਂ ਅੱਜ ਲੋਕ ਪੰਜਾਬ ਦੀ ਰਾਜਧਾਨੀ ਬਣੇ ਜਲੰਧਰ ਦੇ ਸਕੱਤਰੇਤ ਦੀਆਂ ਯਾਦਾਂ ਨੂੰ ਤਾਜ਼ਾ ਰੱਖ ਸਕਦੇ ਸਨ।