ਟੈਂਕਰ ਤੇ ਬਾਈਕ ਦੀ ਟੱਕਰ ’ਚ ਇਕ ਦੀ ਮੌਤ
ਤੇਜ਼ ਰਫ਼ਤਾਰ ਟੈਂਕਰ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਰਾਹ ’ਚ ਹੀ ਹੋਈ ਮੌਤ
Publish Date: Tue, 09 Dec 2025 07:53 PM (IST)
Updated Date: Tue, 09 Dec 2025 07:54 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਫਿਲੌਰ-ਨਵਾਂਸ਼ਹਿਰ ਰੋਡ ’ਤੇ ਭਾਰਸਿੰਘਪੁਰ ਨੇੜੇ ਇਕ ਤੇਜ਼ ਰਫ਼ਤਾਰ ਟੈਂਕਰ ਨੇ ਮੋਟਰਸਾਈਕਲ ਸਵਾਰ ਨੂੰ ਪਿਛੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਿਸ ਦੀ ਪਛਾਣ ਲਛਮਣ ਦਾਸ (65) ਵਾਸੀ ਰਾਏਪੁਰ ਅਰਾਈਆ ਵਜੋਂ ਹੋਈ ਹੈ। ਮ੍ਰਿਤਕ ਲਛਮਾਣ ਦਾਸ ਦੇ ਪੁੱਤਰ ਦੀਪਾ ਨੇ ਦੱਸਿਆ ਕਿ ਉਸ ਦੇ ਪਿਤਾ ਫਿਲੌਰ ਵੱਲੋਂ ਆਪਣੇ ਪਿੰਡ ਰਾਏਪੁਰ ਅਰਾਈਆ ਵਾਪਸ ਆ ਰਹੇ ਸਨ ਕਿ ਭਾਰਸਿੰਘਪੁਰ ਪੰਪ ਨੇੜੇ ਪਿਛੋਂ ਆਏ ਤੇਜ਼ ਰਫ਼ਤਾਰ ਟੈਂਕਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤਾ। ਟੱਕਰ ਤੋਂ ਬਾਅਦ ਲਛਮਣ ਦਾਸ ਸੜਕ ’ਤੇ ਡਿੱਗ ਪਏ ਤੇ ਟੈਂਕਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਤੇ ਪਰਿਵਾਰਕ ਮੈਂਬਰਾਂ ਨੇ ਜ਼ਖ਼ਮੀ ਨੂੰ ਪਹਿਲਾਂ ਫਿਲੌਰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਡੀਐੱਮਸੀ ਰੈਫਰ ਕਰ ਦਿੱਤਾ। ਉਥੋਂ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ, ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਪਿੰਡ ਵਾਸੀਆਂ ਨੇ ਟੈਂਕਰ ਦਾ ਪਿੱਛਾ ਕਰਕੇ ਉਸ ਨੂੰ ਇਕ ਥਾਂ ਘੇਰ ਲਿਆ। ਪੁਲਿਸ ਚੌਕੀ ਲਸਾੜਾ ਨੇ ਮੌਕੇ ’ਤੇ ਪਹੁੰਚ ਕੇ ਟੈਂਕਰ ਚਾਲਕ ਕੁਲਦੀਪ ਸਿੰਘ, ਜੋ ਸੀਮੈਂਟ ਸੁੱਟ ਕੇ ਹੁਸ਼ਿਆਰਪੁਰ ਵਾਪਸ ਜਾ ਰਹਾ ਸੀ, ਨੂੰ ਕਾਬੂ ਕਰ ਲਿਆ ਤੇ ਵਾਹਨ ਨੂੰ ਕਬਜ਼ੇ ’ਚ ਲੈ ਲਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭਾਰੀ ਵਾਹਨਾਂ ਦੀ ਬੇਲਗਾਮ ਰਫ਼ਤਾਰ ’ਤੇ ਰੋਕ ਲਗਾਈ ਜਾਵੇ, ਕਿਉਂਕਿ ਰੋਜ਼ਾਨਾ ਤੇਜ਼ ਰਫ਼ਤਾਰੀ ਕਾਰਨ ਹਾਦਸੇ ਵੱਧ ਰਹੇ ਹਨ।