ਜਗਦੀਸ਼ ਕੁਮਾਰ, ਜਲੰਧਰ : ਸਰਕਾਰੀ ਹਸਪਤਾਲਾਂ 'ਚ ਮਰੀਜ਼ਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਵੱਲੋਂ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ, ਪਰੰਤੂ ਇਹ ਕੋਸ਼ਿਸ਼ਾਂ ਨਾਕਾਫ਼ੀ ਸਾਬਤ ਹੋ ਰਹੀਆਂ ਹਨ।

ਨੌਜਵਾਨ ਸਪੈਸ਼ਲਿਸਟ ਡਾਕਟਰਾਂ ਨੂੰ ਪੀਸੀਐੱਮਐੱਸ ਕੈਡਰ 'ਚ ਵਾਕ ਇਨ ਇੰਟਰਵਿਊ ਜ਼ਰੀਏ ਪੀਸੀਐੱਮਐੱਸ 'ਚ ਸਿੱਧੀ ਭਰਤੀ ਤੇ ਪੂਰੀ ਤਨਖ਼ਾਹ ਦੇਣ ਦੇ ਬਾਵਜੂਦ ਸੂਬਾ ਸਰਕਾਰ ਉਨ੍ਹਾਂ ਦਾ ਦਿਲ ਜਿੱਤਣ 'ਚ ਕਾਮਯਾਬ ਨਹੀਂ ਹੋਈ।

ਨੌਜਵਾਨ ਸਪੈਸ਼ਲਿਸਟ ਡਾਕਟਰਾਂ ਦੀ ਸਰਕਾਰੀ ਹਸਪਤਾਲਾਂ 'ਚ ਰੁਚੀ ਘੱਟ ਹੋਣ ਦੀ ਵਜ੍ਹਾ ਕਾਰਨ ਸਰਕਾਰ ਨੇ ਹੁਣ ਬਜ਼ੁਰਗ ਸਪੈਸ਼ਲਿਸਟ ਡਾਕਟਰਾਂ ਵੱਲ ਹੱਥ ਵਧਾਇਆ ਹੈ।

ਸਰਕਾਰੀ ਹਸਪਤਾਲਾਂ ਤੋਂ ਸੇਵਾਮੁਕਤ ਹੋ ਚੁੱਕੇ ਤੇ ਨਿੱਜੀ ਹਸਪਤਾਲਾਂ 'ਚ ਤਾਇਨਾਤ ਸੀਨੀਅਰ ਸਪੈਸ਼ਲਿਸਟ ਡਾਕਟਰਾਂ ਨੂੰ ਸਰਕਾਰੀ ਹਸਪਤਾਲਾਂ 'ਚ ਠੇਕੇ 'ਤੇ ਤਾਇਨਾਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਸਿਹਤ ਵਿਭਾਗ ਨੇ ਸਰਕਾਰੀ ਹਸਪਤਾਲਾਂ 'ਚ ਸਪੈਸ਼ਲਿਸਟ ਡਾਕਟਰਾਂ ਦੀਆਂ 482 ਅਸਾਮੀਆਂ ਭਰਨ ਦਾ ਟੀਚਾ ਰੱਖਿਆ ਹੈ।

ਵਾਕ ਇਨ ਇੰਟਰਵਿਊ 23 ਦਸੰਬਰ ਨੂੰ

ਸਿਹਤ ਵਿਭਾਗ ਦੀ ਡਾਇਰੈਕਟ ਡਾ. ਅਵਨੀਤ ਕੌਰ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ 'ਚ ਸਪੈਸ਼ਲਿਸਟ ਡਾਕਟਰਾਂ ਦੀ ਠੇਕੇ 'ਤੇ ਤਾਇਨਾਤੀ ਲਈ ਬਦਲਾਅ ਕੀਤੇ ਸਨ। 58 ਤੋਂ 65 ਸਾਲ ਉਮਰ ਤਕ ਦੇ ਸਪੈਸ਼ਲਿਸਟ ਡਾਕਟਰ ਸੇਵਾਵਾਂ ਦੇ ਸਕਣਗੇ।

ਵਿਭਾਗ ਵੱਲੋਂ 23 ਦਸੰਬਰ ਨੂੰ ਵਾਕ ਇਨ ਇੰਟਰਵਿਊ ਕੀਤੀ ਜਾਵੇਗੀ। ਸਰਕਾਰ ਵੱਲੋਂ ਇਨ੍ਹਾਂ ਡਾਕਟਰਾਂ ਨੂੰ ਤਨਖ਼ਾਹ ਵੀ ਵਧੀਆ ਦਿੱਤੀ ਜਾ ਰਹੀ ਹੈ ਅਤੇ ਬਦਲੀਆਂ ਵੀ ਨਹੀਂ ਹੋਣਗੀਆਂ। ਵਿਭਾਗ ਦੀ ਸ਼ਰਤ ਅਨੁਸਾਰ ਇਹ ਡਾਕਟਰ ਨਿੱਜੀ ਪ੍ਰਰੈਕਟਿਸ ਨਹੀਂ ਕਰ ਸਕਣਗੇ। ਪਹਿਲਾਂ ਠੇਕੇ 'ਤੇ ਉਨ੍ਹਾਂ ਨੂੰ ਇਕ ਸਾਲ ਲਈ ਨਿਯੁਕਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਸੇਵਾਵਾਂ ਦੀ ਰਿਪੋਰਟ ਦੇ ਆਧਾਰ 'ਤੇ ਸਰਵਿਸ 'ਚ ਵਾਧਾ ਕੀਤਾ ਜਾਵੇਗਾ। ਇਸ ਨਾਲ ਸਰਕਾਰੀ ਹਸਪਤਾਲਾਂ 'ਚ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਪੂਰੀ ਹੋਵੇਗੀ ਅਤੇ ਮਰੀਜ਼ਾਂ ਨੂੰ ਫਾਇਦਾ ਹੋਵੇਗਾ।

ਮਰੀਜ਼ਾਂ ਨੂੰ ਮਿਲੇਗਾ ਲਾਭ : ਡਾ. ਅਸ਼ੋਕ

ਪੀਸੀਐੱਮਐੱਸ ਸਪੈਸ਼ਲਿਸਟ ਡਾਕਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਨੌਜਵਾਨ ਸਪੈਸ਼ਲਿਸਟ ਡਾਕਟਰਾਂ 'ਚ ਸਰਕਾਰੀ ਹਸਪਤਾਲਾਂ 'ਚ ਸੇਵਾਵਾਂ ਦੇਣ ਦੀ ਰੁਚੀ ਘੱਟ ਹੈ। ਪਿਛਲੇ ਦਸ ਸਾਲ ਤੋਂ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਰਕਾਰੀ ਹਸਪਤਾਲਾਂ 'ਚ ਖ਼ਾਲੀ ਪਏ ਅਹੁਦੇ ਭਰੇ ਨਹੀਂ ਜਾ ਸਕੇ। ਹੁਣ ਸੇਵਾਮੁਕਤ ਸੀਨੀਅਰ ਸਪੈਸ਼ਲਿਸਟ ਡਾਕਟਰਾਂ ਦੀਆਂ ਸੇਵਾਵਾਂ ਨਾਲ ਮਰੀਜ਼ਾਂ ਨੂੰ ਲਾਭ ਮਿਲੇਗਾ। ਸੀਨੀਅਰ ਡਾਕਟਰਾਂ 'ਚ ਮਰੀਜ਼ਾਂ ਦੀ ਸੇਵਾ ਭਾਵਨਾ ਦਾ ਜਜ਼ਬਾ ਵੱਧ ਹੁੰਦਾ ਹੈ।

ਸਪੈਸ਼ਲਿਸਟ ਅਸਾਮੀਆਂ

ਅਨੈਸਥੀਸੀਆ 22

ਬਲੱਡ ਟ੍ਰਾਂਸਫਿਊਜ਼ਨ ਅਫਸਰ : 07

ਚੈਸਟ ਐਂਡ ਟੀਬੀ 07

ਚਮੜੀ ਰੋਗ 12

ਈਐੱਨਟੀ 10

ਐੱਸਪੀਐੱਮ 08

ਜਨਰਲ ਸਰਜਰੀ 69

ਗਾਇਨੋਕੋਲੋਜਿਸਟ 79

ਮੈਡੀਸਨ 73

ਅੱਖਾਂ ਦੇ ਮਾਹਰ 12

ਹੱਡੀ ਰੋਗ ਮਾਹਰ 17

ਬਾਲ ਰੋਗ ਮਾਹਰ 100

ਪੈਥੋਲੋਜੀ 15

ਮਨੋਰੋਗਾਂ ਦੇ ਮਾਹਰ 06

ਰੇਡੀਓਲੋਜਿਸਟ 26

ਕੁੱਲ 482