ਮਨਜੀਤ ਸ਼ੇਮਾਰੂ, ਜਲੰਧਰ : ਜੀਵਨ ਤੋਂ ਬਾਅਦ ਅੱਖਾਂ ਦਾ ਦਾਨ ਕਰ ਕੇ ਤੁਸੀਂ ਕਿਸੇ ਵੀ ਨੇਤਰਹੀਣ ਵਿਅਕਤੀ ਦੀ ਜ਼ਿੰਦਗੀ ਨੂੰ ਰੌਸ਼ਨ ਕਰ ਸਕਦੇ ਹੋ। ਸਿਹਤ ਵਿਭਾਗ ਵੱਲੋਂ ਵੱਖ-ਵੱਖ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪੇ੍ਰਿਤ ਕੀਤਾ ਜਾਂਦਾ ਹੈ। ਵੀਰਵਾਰ ਨੂੰ ਆਈ ਮੋਬਾਈਲ ਯੂਨਿਟ ਸਿਵਲ ਹਸਪਤਾਲ ਜਲੰਧਰ ਵਿਖੇ ਵਿਸ਼ਵ ਦਿ੍ਸ਼ਟੀ ਦਿਵਸ ਮੌਕੇ ਮਰੀਜ਼ਾਂ ਦੀਆਂ ਅੱਖਾਂ ਦੀ ਵਿਸ਼ੇਸ਼ ਸਕ੍ਰੀਨਿੰਗ ਕੀਤੀ ਗਈ। ਇਸ ਦੌਰਾਨ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਗੁਰਪ੍ਰਰੀਤ ਕੌਰ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਐੱਸਐੱਮਓ ਡਾ. ਅਨੂ ਦੋਗਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਨ੍ਹੇਪਣ ਅਤੇ ਅੱਖਾਂ ਦੇ ਹੋਰ ਰੋਗਾਂ ਤੋਂ ਬਚਾਓ ਲਈ ਸਾਨੂੰ ਰੂਟੀਨ ਵਿਚ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਅਤੇ ਹਾਈਪਰਟੈਂਸ਼ਨ ਵਾਲੇ ਮਰੀਜ਼ ਨੂੰ ਖਾਸ ਤੌਰ 'ਤੇ ਆਪਣੀਆਂ ਅੱਖਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਸ਼ੂਗਰ ਅਤੇ ਉੱਚ ਰਕਤਚਾਪ ਅੱਖਾਂ 'ਤੇ ਵਧੇਰੇ ਅਸਰ ਪਾਉਂਦਾ ਹੈ। ਇਸ ਦੌਰਾਨ ਮਾਸ ਮੀਡੀਆ ਵਿੰਗ ਵਲੋਂ ਲੋਕਾਂ ਨੂੰ ਜਾਗਰੂਕਤਾ ਪਰਚੇ ਵੀ ਤਕਸੀਮ ਵੀ ਕੀਤੇ ਗਏ। ਇਸ ਮੌਕੇ ਡਾ. ਅਨੂ ਦੁਗਾਲਾ, ਕਿਰਪਾਲ ਸਿੰਘ ਝੱਲੀ, ਰਾਕੇਸ਼ ਸਿੰਘ, ਮਾਨਵ ਸ਼ਰਮਾ, ਨੀਰਜ ਸ਼ਰਮਾ, ਸੀਮਾ, ਨਵਦੀਪ ਕੌਰ, ਰਜਵੰਤ ਕੌਰ, ਅਮਰਜੀਤ ਕੌਰ ਅਤੇ ਰਮਨਦੀਪ ਕੌਰ ਆਦਿ ਮੌਜੂਦ ਸੀ।