ਜਤਿੰਦਰ ਪੰਮੀ, ਜਲੰਧਰ : ਅੰਗਰੇਜ਼ ਹਕੂਮਤ ਵਿਰੁੱਧ ਜੂਝਣ ਵਾਲੀ ਬੱਬਰ ਅਕਾਲੀ ਲਹਿਰ ਦੇ ਬਾਨੀ ਜਲੰਧਰ ਜ਼ਿਲ੍ਹੇ ਦੇ ਪਿੰਡ ਬੜਿੰਗ ਦੇ ਜੰਮਪਲ ਕਿਸ਼ਨ ਸਿੰਘ ਗੜਗੱਜ ਸਨ, ਜਿਨ੍ਹਾਂ ਦਾ ਜਨਮ 1886 ’ਚ ਹੋਇਆ ਸੀ। 1906 ’ਚ ਉਹ ਬਰਤਾਨਵੀ ਫੌਜ ’ਚ ਸਿਪਾਹੀ ਭਰਤੀ ਹੋ ਗਏ ਤੇ 35 ਸਿੱਖ ਬਟਾਲੀਅਨ ’ਚ ਹੌਲਦਾਰ ਦੇ ਅਹੁਦੇ ’ਤੇ ਪੁੱਜੇ। ਫੌਜ ਵਿਚ ਨੌਕਰੀ ਦੌਰਾਨ ਆਜ਼ਾਦੀ ਲਈ ਚੱਲ ਰਹੀਆਂ ਲਹਿਰਾਂ ਨੇ ਉਨ੍ਹਾਂ ਉਪਰ ਡੂੰਘਾ ਅਸਰ ਕੀਤਾ ਸੀ। ਖੁੱਲ੍ਹ ਕੇ ਬੋਲਣ ਕਾਰਨ ਉਨ੍ਹਾਂ ਦਾ ਕੋਰਟ ਮਾਰਸ਼ਲ ਕੀਤਾ ਗਿਆ ਤੇ 28 ਦਿਨ ਫੌਜੀ ਕੈਦ ’ਚ ਰੱਖਿਆ ਗਿਆ।

ਅੰਗਰੇਜ਼ ਸਰਕਾਰ ਵੱਲੋਂ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਦੀ ਕੰਧ ਢਾਹੁਣ, ਕਲਕੱਤਾ ਨੇੜੇ ਬਜਬਜ ਘਾਟ ’ਤੇ ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫਰ ਉਪਰ ਗੋਲੀਆਂ ਚਲਾਉਣ ਤੇ ਜਲ੍ਹਿਆਂਵਾਲਾ ਬਾਗ ਦੀ ਘਟਨਾ ਨੇ ਕਿਸ਼ਨ ਸਿੰਘ ਗੜਗੱਜ ਨੂੰ ਬਰਤਾਨਵੀ ਹਕੂਮਤ ਦਾ ਬਾਗ਼ੀ ਬਣਾ ਦਿੱਤਾ। 1921 ’ਚ ਉਨ੍ਹਾਂ ਬਰਤਾਨਵੀ ਫੌਜ ਤੋਂ ਅਸਤੀਫ਼ਾ ਦੇ ਦਿੱਤਾ ਤੇ ਗੁਰਦੁਆਰਾ ਸੁਧਾਰ ਲਹਿਰ ਵਿਚ ਕੁੱਦੇ। 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਦੇ ਸਾਕੇ ਮਗਰੋਂ ਮਾਰਚ 1921 ਵਿਚ ਹੁਸ਼ਿਆਰਪੁਰ ਵਿਖੇ ਹੋਈ ਸਿੱਖ ਐਜੂਕੇਸ਼ਨਲ ਕਾਨਫਰੰਸ ਮੌਕੇ ਉਨ੍ਹਾਂ ਨੇ ਮਾਸਟਰ ਮੋਤਾ ਸਿੰਘ ਨਾਲ ਗੁਪਤ ਮੀਟਿੰਗ ਕੀਤੀ ਤੇ ਨਨਕਾਣਾ ਸਾਹਿਬ ਦੇ ਸਾਕੇ ਲਈ ਜ਼ਿੰਮੇਵਾਰ ਬਰਤਾਨਵੀ ਅਧਿਕਾਰੀਆਂ ਤੇ ਉਸ ਦੇ ਝੋਲੀਚੁੱਕਾਂ ਨੂੰ ਸੋਧਣ ਦਾ ਫੈਸਲਾ ਕੀਤਾ।

1921 ਦੇ ਅਖੀਰ ’ਚ ਉਨ੍ਹਾਂ ਨੇ ਗੁਪਤ ਜਥੇਬੰਦੀ ‘ਚੱਕਰਵਰਤੀ ਜੱਥਾ’ ਬਣਾਈ। ਉਸ ਵੇਲੇ ਅੰਗਰੇਜ਼ ਹਕੂਮਤ ਵਿਰੁੱਧ ਲੜਨ ਵਾਲੇ ਕੁਝ ਹੋਰ ਗਰਮ ਧੜੇ ਸਨ, ਜਿਨ੍ਹਾਂ ਨੇ ਸਾਰਿਆਂ ਨੇ ਮਿਲ ਕੇ ਅਕਤੂਬਰ 1922 ਵਿਚ ਬੱਬਰ ਅਕਾਲੀ ਜੱਥਾ ਕਾਇਮ ਕੀਤਾ, ਜਿਸ ਦੇ ਪ੍ਰਧਾਨ ਕਿਸ਼ਨ ਸਿੰਘ, ਸੈਕਟਰੀ ਦਲੀਪ ਸਿੰਘ ਗੋਸਲ ਤੇ ਖਜ਼ਾਨਚੀ ਕਰਮ ਸਿੰਘ ਝਿੜੀਗੜ ਨੂੰ ਬਣਾਇਆ ਗਿਆ। ਨਵੰਬਰ 1921 ਤੋਂ ਲੈ ਕੇ ਅਗਸਤ 1922 ਤਕ ਕਿਸ਼ਨ ਸਿੰਘ ਨੇ ਦੋਆਬੇ ਦੇ ਪਿੰਡਾਂ ’ਚ ਜਾ ਕੇ ਕਈ ਦੀਵਾਨ ਸਜਾਏ ਤੇ ਲੋਕਾਂ ਨੂੰ ਲਾਮਬੰਦ ਕੀਤਾ।

ਉਨ੍ਹਾਂ ਨੇ ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਦੇ ਸਾਕੇ ਲਈ ਜ਼ਿੰਮੇਵਾਰ ਲਾਹੌਰ ਦੇ ਪੁਲਿਸ ਕਪਤਾਨ ਨੂੰ ਸੋਧਣ ਦਾ ਫੈਸਲਾ ਕੀਤਾ ਤੇ 23 ਮਈ 1921 ਨੂੰ ਸਾਥੀਆਂ ਗੰਡਾ ਸਿੰਘ ਤੇ ਬੇਲਾ ਸਿੰਘ ਨੂੰ ਉਸ ਦੀ ਹੱਤਿਆ ਕਰਨ ਲਈ ਭੇਜਿਆ।

ਸੀਆਈਡੀ ਨੂੰ ਇਸ ਦਾ ਪਤਾ ਲੱਗ ਜਾਣ ਕਾਰਨ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਤੇ ਇਸ ਦੇ ਨਤੀਜੇ ਵਜੋਂ ਕੋਟ ਬੜੇ ਖਾਨ ਦੇ ਅਮਰ ਸਿੰਘ, ਨਾਰਾਇਣ ਸਿੰਘ, ਤੋਤਾ ਸਿੰਘ, ਚਤਰ ਸਿੰਘ, ਚੰਚਲ ਸਿੰਘ, ਠਾਕੁਰ ਸਿੰਘ ਤੇ ਸ਼ੰਕਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਜਦੋਂਕਿ ਮਾਸਟਰ ਮੋਤਾ ਸਿੰਘ, ਅਮਰ ਸਿੰਘ ਦਿੱਲੀ, ਵਤਨ ਸਿੰਘ, ਬਿਜਲਾ ਸਿੰਘ, ਕਿਸ਼ਨ ਸਿੰਘ ਤੇ ਗੁਰਬਚਨ ਖ਼ਿਲਾਫ਼ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਹੇਠ ਵਾਰੰਟ ਜਾਰੀ ਕਰ ਦਿੱਤੇ ਗਏ। ਬੱਬਰਾਂ ਨੇ ਅੰਗਰੇਜ਼ ਹਕੂਮਤ ਦੇ ਹੋਰ ਕਈ ਝੋਲੀਚੁੱਕਾਂ ਨੂੰ ਸੋਧਿਆ।

ਅੰਗਰੇਜ਼ ਸਰਕਾਰ ਨੇ ਕਿਸ਼ਨ ਸਿੰਘ ਗੜਗੱਜ ਨੂੰ ਫੜਾਉਣ ਲਈ 2000 ਰੁਪਏ ਇਨਾਮ ਰੱਖ ਦਿੱਤਾ। 26 ਫਰਵਰੀ 1923 ਨੂੰ ਉਨ੍ਹਾਂ ਦੇ ਪਿੰਡ ਵਾਸੀ ਕਾਬੁਲ ਸਿੰਘ ਨੇ ਮੁਖਬਰੀ ਕਰ ਕੇ ਪੰਡੋਰੀ ਮਾਹਲ ਤੋਂ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਵਾ ਦਿੱਤਾ। ਕਿਸ਼ਨ ਸਿੰਘ ਉਪਰ ਬੱਬਰ ਅਕਾਲੀ ਸਾਜ਼ਿਸ਼ ਕੇਸ ਚਲਾਇਆ ਗਿਆ ਜੋ 15 ਅਗਸਤ 1923 ਤੋਂ 28 ਫਰਵਰੀ 1925 ਤਕ ਚੱਲਿਆ। ਉਨ੍ਹਾਂ ਨੇ ਆਪਣੇ 125 ਪੰਨਿਆਂ ਦਾ ਬਿਆਨ ਦਿੱਤਾ ਤੇ ਅਦਾਲਤੀ ਸੁਣਵਾਈਆਂ ’ਚ ਹਿੱਸਾ ਨਾ ਲਿਆ। ਅਦਾਲਤ ਨੇ ਬੱਬਰ ਅਕਾਲੀ ਸਾਜ਼ਿਸ਼ ਕੇਸ ’ਚ 5 ਜਣਿਆਂ ਨੂੰ ਫਾਂਸੀ, 11 ਨੂੰ ਉਮਰ ਕੈਦ ਅਤੇ 38 ਵੱਖ-ਵੱਖ ਤਰ੍ਹਾਂ ਦੀ ਸਜ਼ਾ ਸੁਣਾਈ ਜਦੋਂਕਿ 34 ਨੂੰ ਰਿਹਾਅ ਕਰ ਦਿੱਤਾ ਗਿਆ। ਪੁਲਿਸ ਨੇ ਇਸ ਫੈਸਲੇ ਵਿਰੁੱਧ ਹਾਈ ਕੋਰਟ ’ਚ ਅਪੀਲ ਕੀਤੀ ਤਾਂ ਜੱਜ ਨੇ 19 ਜਨਵਰੀ 1926 ਨੂੰ ਦਿੱਤੇ ਆਪਣੇ ਫੈਸਲੇ ਵਿਚ 6 ਬੱਬਰਾਂ ਨੂੰ ਫਾਂਸੀ, 13 ਨੂੰ ਉਮਰ ਕੈਦ ਅਤੇ 29 ਹੋਰ ਸਜ਼ਾਵਾਂ ਦਿੱਤੀਆਂ ਜਦੋਂਕਿ 40 ਨੂੰ ਰਿਹਾਅ ਕਰ ਦਿੱਤਾ ਗਿਆ।

ਹਾਲਾਂਕਿ 5 ਬੱਬਰਾਂ ਦੀ ਕੇਸ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ। ਅਖ਼ੀਰ 27 ਫਰਵਰੀ 1926 ਨੂੰ ਕਿਸ਼ਨ ਸਿੰਘ ਗੜਗੱਜ, ਬਾਬੂ ਸੰਤਾ ਸਿੰਘ, ਦਲੀਪਾ ਧਮਿਆਣ, ਧਰਮ ਸਿੰਘ ਹਯਾਤਪੁਰ, ਕਰਮ ਸਿੰਘ ਮਣਕੋ ਤੇ ਨੰਦ ਸਿੰਘ ਘੁੜਿਆਲ ਨੂੰ ਫਾਂਸੀ ਦੇ ਦਿੱਤੀ ਗਈ।