ਜਤਿੰਦਰ ਪੰਮੀ, ਜਲੰਧਰ: ਸ਼ਹਿਰ ਦੀ ਇਕ ਕੁੜੀ ਦਾ ਪਰਿਵਾਰਕ ਵਿਵਾਦ ਸੁਲਝਾਉਣ ਅਤੇ ਉਸ ਨੂੰ ਇਨਸਾਫ ਦਵਾਉਣ ਦੇ ਲਈ ਸੋਮਵਾਰ ਨੂੰ ਪੰਜਾਬ ਰਾਜ ਮਹਿਲਾ ਆਯੋਗ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਜਲੰਧਰ ਪੁੱਜੀ ਅਤੇ ਪੁਲਿਸ ਲਾਈਨ ’ਚ ਇਸ ਮਾਮਲੇ ਦੀ ਸੁਣਵਾਈ ਦੇ ਲਈ ਸਪੈਸ਼ਲ ਕੋਰਟ ਲਗਾਈ। ਆਯੋਗ ਨੇ ਪਤੀ-ਪਤਨੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਉਨ੍ਹਾਂ ਦਾ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕੀਤੀ।

ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਟਾਂਡਾ ’ਚ 6 ਸਾਲਾ ਬੱਚੀ ਦੇ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ’ਚ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸ ਮਾਮਲੇ ਦਾ ਰਾਜਨੀਤੀਕਰਨ ਕਰਨਾ ਨਿੰਦਣਯੋਗ ਹੈ।

ਉਨ੍ਹਾਂ ਕਿਹਾ ਕਿ ਕੁੱਝ ਲੋਕ ਇਸ ਮਾਮਲੇ ਦੀ ਹਾਥਰਸ ਵਾਲੇ ਮਾਮਲੇ ਨਾਲ ਤੁਲਣਾ ਕਰ ਰਹੇ ਹਨ, ਜੋ ਪੂਰੀ ਤਰ੍ਹਾਂ ਰਾਜਨੀਤੀ ਨਾਲ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮਾਮਲੇ ਅਲੱਗ ਹਨ ਇਸ ਲਈ ਇਨ੍ਹਾਂ ਦੀ ਤੁਲਣਾ ਨਹੀਂ ਹੋਣੀ ਚਾਹੀਦੀ।

ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਹ ਆਯੋਗ ਵੱਲੋਂ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਪੰਜਵੀਂ ਜਮਾਤ ਤੋਂ ਕੁੜੀਆਂ ਨੂੰ ਸੈਲਫ ਡਿਫੈਂਸ ਦੀ ਟਰੇਨਿੰਗ ਦੇਣ, ਬੱਚਿਆਂ ਦੇ ਸਲੇਬਸ ’ਚ ਔਰਤਾਂ ਨਾਲ ਜੁੜੇ ਕਾਨੂੰਨਾਂ ਦੀ ਜਾਣਕਾਰੀ ਸ਼ਾਮਲ ਕਰਨ ਅਤੇ ਸਾਈਬਰ ਕ੍ਰਾਈਮ ਦੇ ਬਾਰੇ ’ਚ ਜਾਗਰੂਕ ਕਰਨ ਦੇ ਲਈ ਸਰਕਾਰ ਨੂੰ ਅਪੀਲ ਕਰਨਗੇ ਤਾਂ ਜੋ ਛੋਟੀ ਉਮਰ ’ਚ ਹੀ ਬੱਚਿਆਂ ਨੂੰ ਇਸ ਤਰ੍ਹਾਂ ਦੇ ਮਾਮਲਿਆਂ ਦੇ ਬਾਰੇ ’ਚ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਨੇ ਪੰਜਾਬੀ ਗੀਤਾਂ ’ਚ ਔਰਤਾਂ ਪ੍ਰਤੀ ਅਸ਼ਲੀਲ ਸ਼ਬਦਾਵਲੀ ਵਰਤੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ’ਚ ਸਰਕਾਰ ਤੋਂ ਸੂਬਾ ਪੱਧਰ ’ਤੇ ਇਕ ਸੈਂਸਰ ਬੋਰਡ ਬਣਾਉਣ ਦੀ ਮੰਗ ਕਰਦੀਆਂ ਹਨ, ਜਿਸ ’ਚ ਮਹਿਲਾ ਯੋਗ ਦਾ ਵੀ ਇਕ ਪ੍ਰਤੀਨਿਧ ਹੋਣਾ ਚਾਹੀਦਾ ਹੈ ਤਾਂ ਜੋ ਇਸ ਤਰ੍ਹਾਂ ਦੇ ਗੀਤਾਂ ਦੇ ਜਨਤਕ ਹੋਣ ਤੋਂ ਪਹਿਲਾਂ ਇਨ੍ਹਾਂ ਦੇ ਕੰਟੈਂਟ ਦੀ ਜਾਂਚ ਹੋ ਸਕੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਥਾਨਕ ਪੁਲਿਸ ਅਧਿਕਾਰੀਆਂ ਦੇ ਨਾਲ ਨਾਲ ਔਰਤਾਂ ਦੇ ਵਿਰੁੱਧ ਅਪਰਾਧਾਂ ਨਾਲ ਜੁੜੇ ਮਾਮਲਿਆਂ ਦੀ ਸਮੀਖਿਆ ਦੇ ਲਈ ਇਕ ਮੀਟਿੰਗ ਕੀਤੀ, ਜਿਸ ’ਚ ਸੁਲਝਾਏ ਗਏ ਕੇਸਾਂ ਅਤੇ ਪੈਂਡਿੰਗ ਕੇਸਾਂ ਦਾ ਰਿਵਿਊ ਕੀਤਾ। ਮਹਿਲਾ ਆਯੋਗ ਦੀ ਚੇਅਰਪਰਸਨ ਨੇ ਕਿਹਾ ਕਿ ਲਾਕਡਾਊਨ ਦੇ ਦਰਮਿਆਨ ਔਰਤਾਂ ਖਿਲਾਫ ਹਿੰਸਾ ਦੇ ਮਾਮਲਿਆਂ ’ਚ ਵਾਧਾ ਹੋਇਆ ਹੈ ਅਤੇ ਇਨ੍ਹਾਂ ਸ਼ਕਾਇਤਾਂ ਦੇ ਨਿਪਟਾਰੇ ਦੇ ਲਈ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।

Posted By: Jagjit Singh