ਪੰਜਾਬੀ ਜਾਗਰਣ ਕੇਂਦਰ, ਜਲੰਧਰ : ਚੀਫ਼ ਜੂਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ. ਗਗਨਦੀਪ ਕੌਰ ਨੇ ਦੱਸਿਆ ਕਿ ਕਾਨੂੰਨ ਦੇ ਖੇਤਰ ਵਿਚ ਭਵਿੱਖ ਬਹੁਤ ਹੀ ਸੁਰੱਖਿਅਤ ਹੈ। ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਸਪਾਰਕ ਮੇਲੇ ਦੌਰਾਨ 'ਕਰੀਅਰ ਇਨਟੂ ਪੀਸੀਐੱਸ (ਜੁਡੀਸ਼ੀਅਲ) ਅਤੇ ਹੋਰ ਕਾਨੂੰਨੀ ਸੇਵਾਵਾਂ' ਵਿਸ਼ੇ 'ਤੇ ਵਿਦਿਆਰਥੀਆਂ ਦੇ ਰੂ-ਬਰੂ ਹੁੰਦਿਆਂ ਦੱਸਿਆ ਕਿ ਜੇਕਰ ਕੋਈ ਜੱਜ ਜਾਂ ਵਕੀਲ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਬਾਰ੍ਹਵੀਂ ਤੋਂ ਬਾਅਦ 5 ਸਾਲਾ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਤਿੰਨ ਸਾਲਾ ਐੱਲਐੱਲਬੀ ਡਿਗਰੀ ਕੋਰਸ ਕਰਨਾ ਪਵੇਗਾ।

ਸੀਜੇਐੱਮ ਨੇ ਦੱਸਿਆ ਕਿ ਲਾਅ ਦੇ ਗ੍ਰੈਜੂਏਟ ਨੂੰ ਜੂਡੀਸ਼ਰੀ ਦਾ ਹਿੱਸਾ ਬਣਨ ਲਈ ਪੰਜਾਬ ਸਿਵਲ ਸਰਵਿਸ (ਜੁਡੀਸ਼ੀਅਲ) ਦੇ ਇਮਤਿਹਾਨ ਨੂੰ ਪਾਸ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕਾਨੂੰਨੀ ਪੇਸ਼ਾ ਵਿਸ਼ਵ ਵਿਆਪੀ ਕਿੱਤਾ ਹੈ ਅਤੇ ਭਵਿੱਖ ਵਿਚ ਵਿਸ਼ਵ ਵਿਚ ਜ਼ਿਆਦਾ ਕਾਬਲੀਅਤ ਵਾਲੇ ਵਕੀਲਾਂ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਦੱਸਿਆ ਕਿ ਕਾਨੂੰਨੀ ਪੇਸ਼ੇ ਨੂੰ ਸਮਾਜ ਵਿੱਚ ਉੱਚ ਸਨਮਾਨ ਨਾਲ ਦੇਖਿਆ ਜਾਂਦਾ ਹੈ ਜੋ ਕਿ ਲੋਕਾਂ ਨੂੰ ਸੰਵਿਧਾਨਕ ਹੱਕ ਅਦਾਲਤਾਂ ਰਾਹੀਂ ਦਿਵਾਉਣ ਵਿਚ ਵੱਡਮੁੱਲੀਆਂ ਸੇਵਾਵਾਂ ਨਿਭਾ ਰਹੇ ਹਨ। ਡਾ. ਗਗਨਦੀਪ ਕੌਰ ਨੇ ਕਿਹਾ ਕਿ ਜੇਕਰ ਇਮਾਨਦਾਰੀ, ਉਸਾਰੂ ਸੋਚ ਅਤੇ ਲਗਨ ਨਾਲ ਮਿਹਨਤ ਕੀਤੀ ਜਾਵੇ ਤਾਂ ਨਿਸ਼ਚਿਤ ਕੀਤੇ ਗਏ ਟੀਚੇ ਨੂੰ ਹਾਸਲ ਕਰਨਾ ਅਸੰਭਵ ਨਹੀਂ ਹੈ।