ਜਾ.ਸ, ਜਲੰਧਰ : ਪਿਛਲੇ ਦੋ ਸਾਲਾਂ ਤੋਂ ਕੋਰੋਨਾ ਮਹਾਮਾਰੀ ਕਾਰਨ ਬਾਜ਼ਾਰਾਂ ਦੇ ਨਾਲ-ਨਾਲ ਦੁਸਹਿਰਾ ਗਰਾਊਂਡਾਂ 'ਚ ਛਾਈ ਮਾਯੂਸੀ ਵੀ ਇਸ ਵਾਰ ਸੜ ਗਈ। ਬਿਨਾਂ ਕਿਸੇ ਡਰ ਦੇ ਦੁਸਹਿਰਾ ਗਰਾਊਂਡਾਂ 'ਚ ਮੁੜ ਇਕ ਵਾਰ ਹਜ਼ਾਰਾਂ ਦੀ ਗਿਣਤੀ 'ਚ ਲੋਕ ਪਰਿਵਾਰਾਂ ਸਮੇਤ ਪੁੱਜੇ। ਸ਼ਹਿਰ 'ਚ ਸਿਰਫ ਦੁਸਹਿਰਾ ਗਰਾਊਂਡ ਹੀ ਨਹੀਂ ਬਲਕਿ ਆਲੇ-ਦੁਆਲੇ ਦੇ ਇਲਾਕਿਆਂ 'ਚ ਵੀ ਮੇਲੇ ਵਰਗਾ ਮਾਹੌਲ ਰਿਹਾ। ਹਰ ਪਾਸੇ ਉਮੰਗ, ਉਤਸ਼ਾਹ, ਜੋਸ਼ ਤੇ ਤਿਉਹਾਰ ਦੀ ਖੁਸ਼ੀ ਦੀ ਝਲਕ ਸਪੱਸ਼ਟ ਦਿਸ ਰਹੀ ਸੀ। ਜੇ ਸਾਈਂ ਦਾਸ ਸਕੂਲ ਦੀ ਖੇਡ ਗਰਾਊਂਡ 'ਚ ਦੁਸਹਿਰਾ ਹੈ ਤਾਂ ਪਟੇਲ ਚੌਕ ਤੋਂ ਲੈ ਕੇ ਗਾਜ਼ੀ ਗੁੱਲਾ ਤਕ ਮੇਲਾ ਲੱਗਾ, ਜੇ ਬਰਲਟਨ ਪਾਰਕ 'ਚ ਦੁਸਹਿਰਾ ਸੀ ਤਾਂ ਗੁਲਾਬ ਦੇਵੀ ਰੋਡ ਤੋਂ ਲੈ ਕੇ ਡੀਏਵੀ ਕਾਲਜ ਤਕ ਇਸੇ ਤਰ੍ਹਾਂ ਸਰਕਾਰੀ ਸਿਖਲਾਈ ਕਾਲਜ, ਨੇਤਾ ਜੀ ਪਾਰਕ 'ਚ ਦੁਸਹਿਰੇ ਦੌਰਾਨ ਮਾਸਟਰ ਤਾਰਾ ਸਿੰਘ ਨਗਰ ਤੋਂ ਲੈ ਕੇ ਲਾਡੋਵਾਲੀ ਰੋਡ ਤੇ ਅਲਾਸਕਾ ਚੌਕ ਤਕ ਲੋਕਾਂ ਦੀ ਭੀੜ ਤੇ ਸਜੇ ਬਾਜ਼ਾਰ ਮੇਲੇ ਦਾ ਅਹਿਸਾਸ ਕਰਵਾ ਰਹੇ ਸਨ। ਤਿੰਨ ਸਾਲਾਂ ਮਗਰੋਂ ਦੁਸਹਿਰਾ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ।

---

ਵੀਹ ਦਿਨ ਪਹਿਲਾਂ ਹੀ ਬਾਜ਼ਾਰਾਂ 'ਚ ਰੌਣਕਾਂ

ਦੁਸਹਿਰਾ 'ਤੇ ਵੀਹ ਦਿਨ ਪਹਿਲਾਂ ਹੀ ਸ਼ਹਿਰ ਦੇ ਬਾਜ਼ਾਰਾਂ 'ਚ ਦੀਵਾਲੀ ਵਰਗਾ ਮਾਹੌਲ ਰਿਹਾ। ਛੁੱਟੀ ਵਰਗਾ ਮਾਹੌਲ ਹੋਣ ਦੇ ਬਾਵਜੂਦ ਸ਼ੇਖਾਂ ਬਾਜ਼ਾਰ, ਰੈਣਕ ਬਾਜ਼ਾਰ, ਇਮਾਮ ਨਾਸਿਰ, ਗੁੜ ਮੰਡੀ, ਚਰਨਜੀਤਪੁਰਾ, ਅਟਾਰੀ ਬਾਜ਼ਾਰ, ਪੀਰ ਬੋਦਲਾਂ ਬਾਜ਼ਾਰ, ਬਰਤਨ ਬਾਜ਼ਾਰ, ਮਾਡਲ ਟਾਊਨ, ਲਾਜਪਤ ਨਗਰ, ਮੋਤਾ ਸਿੰਘ ਨਗਰ, ਨਿਊ ਜਵਾਹਰ ਨਗਰ ਮਾਰਕੀਟ 'ਚ ਪੂਰਾ ਦਿਨ ਖਰੀਦਦਾਰੀ ਦਾ ਦੌਰ ਚੱਲਿਆ। ਇਸ ਦੇ ਨਾਲ ਹੀ ਹਲਵਾਈਆਂ ਦੀਆਂ ਦੁਕਾਨਾਂ 'ਤੇ ਸਭ ਤੋਂ ਜ਼ਿਆਦਾ ਜਲੇਬੀਆਂ ਵਿਕੀਆਂ। ਇਸ ਬਾਰੇ ਬਾਜ਼ਾਰ ਸ਼ੇਖਾਂ ਦੇ ਕੱਪੜਾ ਵਪਾਰੀ ਪ੍ਰਦੀਪ ਕੁਮਾਰ ਦੱਸਦੇ ਹਨ ਕਿ ਦੁਸਹਿਰਾ ਨਾਲ ਹੀ ਤਿਉਹਾਰੀ ਸੀਜ਼ਨ ਦਾ ਵੀ ਆਗਾਜ਼ ਹੋ ਗਿਆ ਹੈ। ਇਸ ਨੂੰ ਲੈ ਕੇ ਬੁੱਧਵਾਰ ਨੂੰ ਸਵੇਰੇ ਤੋਂ ਲੈ ਕੇ ਪੂਰਾ ਦਿਨ ਗਾਹਕਾਂ ਦੀ ਆਮਦ ਰਹੀ।

---

ਕਿਤੇ ਰਾਵਣ ਦਾ ਸਿਰ ਨਹੀਂ ਸੜਿਆ ਤਾਂ ਕਿਤੇ ਲਲਕਾਰ ਬਣੀ ਖਿੱਚ ਦਾ ਕੇਂਦਰ

ਸ਼ਹਿਰ 'ਚ ਵਿਆਪਕ ਪੱਧਰ 'ਤੇ ਦੁਸਹਿਰਾ ਮਨਾਉਣ ਦੇ ਨਾਲ-ਨਾਲ ਹੀ ਗਲੀ-ਮੁਹੱਲਿਆਂ 'ਚ ਵੀ ਦੁਸਹਿਰਾ ਮਨਾਇਆ ਗਿਆ। ਇਸ ਲੜੀ 'ਚ ਕਿਸ਼ਨਪੁਰਾ ਰੋਡ 'ਤੇ ਮਨਾਏ ਗਏ ਦੁਸਹਿਰਾ ਉਤਸਵ ਦੌਰਾਨ ਰਾਵਣ ਦਾ ਪੁੂਰਾ ਧੜ ਤਾਂ ਸੜ ਗਿਆ ਤੇ ਸਿਰ ਨਹੀਂ ਸੜਿਆ। ਇਸੇ ਤਰ੍ਹਾਂ ਸਾਈਂ ਦਾਸ ਸਕੂਲ ਦੀ ਖੇਡ ਗਰਾਊਂਡ 'ਚ ਮਨਾਏ ਗਏ ਦੁਸਹਿਰੇ ਦੌਰਾਨ ਰਾਵਣ ਦੀ ਲਲਕਾਰ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਰਹੀ।

---

ਆਗੂਆਂ 'ਚ ਲੱਗੀ ਰਹੀ ਮਹਿਮਾਨ ਬਣਨ ਦੀ ਦੌੜ

ਸ਼ਹਿਰ 'ਚ ਦੁਸਹਿਰੇ ਸਬੰਧੀ ਪ੍ਰਰੋਗਰਾਮਾਂ ਦਾ ਸਮਾਂ ਚਾਰ ਤੋਂ ਛੇ ਵਜੇ ਵਿਚਾਲੇ ਹੁੰਦਾ ਹੈ। ਨਿਗਮ ਚੋਣਾਂ ਤੋਂ ਪਹਿਲਾਂ ਇਹ ਦੋ ਘੰਟੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਲਈ ਵੱਧ ਤੋਂ ਵੱਧ ਜਗ੍ਹਾ 'ਤੇ ਜਾਣ ਨੂੰ ਲੈ ਕੇ ਚੁਣੌਤੀ ਬਣ ਗਏ। ਇਹ ਹੀ ਕਾਰਨ ਰਿਹਾ ਕਿ ਵੱਧ ਤੋਂ ਵੱਧ ਆਗੂਆਂ ਨੇ ਬੁੱਧਵਾਰ ਨੂੰ ਅੱਠ ਤੋਂ 10-10 ਦੁਸਹਿਰੇ ਸਬੰਧੀ ਪ੍ਰਰੋਗਰਾਮਾਂ 'ਚ ਸ਼ਿਰਕਤ ਕੀਤੀ।

---

ਪਹਿਲੀ ਵਾਰ ਬਦਲੀ ਸੰਸਥਾ

ਸਰਕਾਰੀ ਸਿਖਲਾਈ ਕਾਲਜ ਲਾਡੋਵਾਲੀ ਰੋਡ ਦੀ ਗਰਾਊਂਡ 'ਚ ਪਿਛਲੇ ਕਈ ਸਾਲਾਂ ਤੋਂ ਮਹਾਨਗਰ ਦੁਸਹਿਰਾ ਕਮੇਟੀ ਵੱਲੋਂ ਦੁਸਹਿਰਾ ਮਨਾਇਆ ਜਾਂਦਾ ਹੈ। ਇਸ 'ਤੇ ਭਾਜਪਾ ਆਗੂਆਂ ਦਾ ਗਲਬਾ ਰਹਿੰਦਾ ਹੈ ਪਰ ਇਸ ਵਾਰ ਇਥੇ ਦੁਸਹਿਰਾ ਤਾਂ ਮਨਾਇਆ ਪਰ ਕਾਂਗਰਸ ਦੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਦੀ ਅਗਵਾਈ ਵਾਲੀ ਸ਼੍ਰੀ ਰਾਮ ਉਤਸਵ ਕਮੇਟੀ ਦਾ ਦਬਦਬਾ ਰਿਹਾ। ਇਸ 'ਚ ਪ੍ਰਧਾਨ ਰਾਕੇਸ਼ ਕੁਮਾਰ, ਅਸ਼ਵਨੀ ਮਲਹੋਤਰਾ, ਭੁਪਿੰਦਰ ਜੌਲੀ, ਜਸਵਿੰਦਰ ਸਿੰਘ ਪਾਲੀ, ਰਾਕੇਸ਼ ਧੀਰ ਸਮੇਤ ਕਈ ਸ਼ਖਸੀਅਤਾਂ ਸ਼ਾਮਲ ਹੋਈਆਂ।

---

ਸਾਈਂ ਦਾਸ ਸਕੂਲ ਦੀ ਗਰਾਊਂਡ 'ਚ ਸਾੜੇ ਗਏ ਸਭ ਤੋਂ ਵੱਡੇ ਪੁਤਲੇ

ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਵੱਲੋਂ ਸਾਈਂ ਦਾਸ ਸਕੂਲ ਗਰਾਊਂਡ 'ਚ 33ਵੇਂ ਦੁਸਹਿਰਾ ਉਤਸਵ 'ਚ ਸਭ ਤੋਂ ਉੱਚਾ 65 ਫੁੱਟ ਦਾ ਪੁਤਲਾ ਸਾੜਿਆ ਗਿਆ। ਸੰਸਥਾ ਦੇ ਪ੍ਰਧਾਨ ਤਰਸੇਮ ਕਪੂਰ ਤੇ ਮਹਾਮੰਤਰੀ ਰਾਮ ਗੋਪਾਲ ਗੁਪਤਾ ਦੀ ਪ੍ਰਧਾਨਗੀ 'ਚ ਮਨਾਏ ਗਏ ਦੁਸਹਿਰਾ ਉਤਸਵ ਦੌਰਾਨ ਆਈਆਰਐੱਸ ਆਮਦਨ ਕਰ ਵਿਭਾਗ ਦੇ ਗਿਰੀਸ਼ ਬਾਲੀ, ਅਜੇ ਪਾਲ ਸਿੰਘ ਮੀਰਾਕੋ, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਪਵਨ ਟੀਨੂੰ, ਰਾਕੇਸ਼ ਰਾਠੌਰ, ਕੇਡੀ ਭੰਡਾਰੀ ਤੋਂ ਇਲਾਵਾ ਭੁਪਿੰਦਰ ਸਹਿਗਲ, ਸੁਰਿੰਦਰ ਸੂਰੀ, ਓਮ ਦੱਤ ਜੋਸ਼ੀ, ਅਜੇ ਖੰਨਾ, ਰਵੀ ਮਹਿੰਦਰੂ, ਰਾਜ ਕੁਮਾਰ ਸ਼ਰਮਾ, ਅਮਿਤ ਗਰਗ, ਪਵਨ ਮਲਹੋਤਰਾ, ਧਰਮਪਾਲ ਅਰੋੜਾ, ਪ੍ਰਵੀਨ ਹਾਂਡਾ, ਪਵਨ ਕਪੂਰ ਗੋਰਾ, ਨਰੇਸ਼ ਵਿਜ, ਸੁਮਿਤ ਪੁਰੀ, ਲਲਿਤ ਭੱਲਾ, ਵਰਿੰਦਰ ਸ਼ਰਮਾ ਗੁੱਡੂ, ਅਸ਼ਵਨੀ ਸ਼ਰਮਾ, ਸੁਭਾਸ਼ ਸ਼ਰਮਾ ਸਮੇਤ ਮੈਂਬਰ ਹਾਜ਼ਰ ਸਨ।

---

ਝਲਕੀਆਂ

-ਸਾਈਂ ਦਾਸ ਸਕੂਲ ਦੀ ਖੇਡ ਗਰਾਊਂਡ 'ਚ ਸਭ ਤੋਂ ਉੱਚੇ 65 ਫੁੱਟ ਦੇ ਪੁਤਲੇ ਸਾੜੇ ਗਏ।

-ਸਾਈਂ ਦਾਸ ਸਕੂਲ ਦੀ ਗਰਾਊਂਡ 'ਚ ਸੜੇ ਹੋਏ ਪੁਤਲਿਆਂ ਦੀਆਂ ਲੱਕੜੀਆਂ ਚੁੱਕਣ ਗਏ ਲੋਕਾਂ ਨੂੰ ਪੁਲਿਸ ਨੇ ਖਦੇੜਿਆ।

-ਕਿਸ਼ਨਪੁਰਾ ਚੌਕ 'ਚ ਰਾਵਣ ਦਾ ਚਿਹਰਾ ਨਹੀਂ ਸੜਿਆ।

-ਬਰਲਟਨ ਪਾਰਕ 'ਚ ਕੱਢੀ ਸ਼ੋਭਾ ਯਾਤਰਾ 'ਚ ਸ਼੍ਰੀ ਰਾਮ ਤੇ ਰਾਵਣ ਦਾ ਯੁੱਧ ਰਿਹਾ ਖਿੱਚ ਦਾ ਕੇਂਦਰ।

-ਸਰਕਾਰੀ ਸਿਖਲਾਈ ਕਾਲਜ ਦੀ ਗਰਾਊਂਡ 'ਚ ਇਸ ਵਾਰ ਭਾਜਪਾ ਦੀ ਬਜਾਏ ਕਾਂਗਰਸੀ ਆਗੂਆਂ ਦਾ ਦਬਦਬਾ ਰਿਹਾ।