ਜੇਐੱਨਐੱਨ, ਜਲੰਧਰ : ਜ਼ਿਲ੍ਹਾ ਸੈਸ਼ਨ ਜੱਜ ਸੰਜੀਵ ਕੁਮਾਰ ਗਰਗ ਦੀ ਅਦਾਲਤ ਵਿਚ ਆਪਣੀ ਮਾਂ ਦਾ ਕਤਲ ਕਰਨ ਵਾਲੇ ਪੁੱਤਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ਧਰਮਵੀਰ ਸਿੰਘ ਉਰਫ ਗਾਗਾ ਖ਼ਿਲਾਫ਼ 8 ਜੁਲਾਈ 18 ਨੂੰ ਥਾਣਾ ਆਦਮਪੁਰ 'ਚ ਮਾਮਲਾ ਦਰਜ ਕੀਤਾ ਗਿਆ ਸੀ। ਧਰਮਵੀਰ ਦੇ ਪਿਤਾ ਗੁਰਦੀਪ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦੀ ਇਕ ਧੀ ਸ਼ਾਦੀਸ਼ੁਦਾ ਹੈ ਅਤੇ ਇਕ ਪੁੱਤਰ ਕੁਆਰਾ ਹੈ। ਉਸ ਦਾ ਪੁੱਤਰ ਧਰਮਵੀਰ ਆਪਣੇ ਵਿਆਹ ਨੂੰ ਲੈ ਕੇ ਅਕਸਰ ਘਰ ਵਿਚ ਝਗੜਾ ਕਰਦਾ ਰਹਿੰਦਾ ਸੀ। ਉਸ ਦੇ ਝਗੜੇ ਤੋਂ ਪਰੇਸ਼ਾਨ ਹੋ ਕੇ ਉਹ ਘਰ ਦੇ ਨੇੜੇ ਹੀ ਆਪਣੀ ਦੁਕਾਨ ਵਿਚ ਹੀ ਰਹਿਣ ਲੱਗਾ ਸੀ। ਅੱਠ ਜੁਲਾਈ ਨੂੰ ਉਹ ਆਪਣੇ ਘਰ ਆਇਆ ਤਾਂ ਉਸ ਦੀ ਪਤਨੀ ਦਿਆਲ ਕੌਰ ਘਰ ਨਹੀਂ ਸੀ। ਧਰਮਵੀਰ ਤੋਂ ਪੁੱਿਛਆ ਤਾਂ ਉਹ ਬਹਾਨਾ ਬਣਾਉਣ ਲੱਗਾ। ਘਰੋਂ ਅਜੀਬ ਜਿਹੀ ਬਦਬੂ ਆ ਰਹੀ ਸੀ ਜਿਸ ਕਾਰਨ ਉਸ ਨੇ ਦਿਆਲ ਕੌਰ ਦੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਉਸ ਗਲ਼ੀ-ਸੜੀ ਲਾਸ਼ ਪਈ ਸੀ। ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਧਰਮਵੀਰ ਨੂੰ ਗਿ੍ਫਤਾਰ ਕਰ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਧਰਮਵੀਰ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਨੇ ਦੱਸਿਆ ਕਿ ਵਿਆਹ ਲਈ ਮਾਂ ਨੂੰ ਕਹਿੰਦਾ ਸੀ ਪਰ ਉਹ ਸੁਣਦੀ ਨਹੀਂ ਸੀ। ਦੋ ਦਿਨ ਪਹਿਲਾਂ ਇਸੇ ਗੱਲ ਕਾਰਨ ਲੜਾਈ ਹੋਈ ਜਿਸ ਤੋਂ ਬਾਅਦ ਉਸ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਮਾਂ 'ਤੇ ਵਾਰ ਕੀਤਾ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਅਦਾਲਤ ਵਿਚ ਦੋਸ਼ ਸਾਬਤ ਹੋਣ 'ਤੇ ਧਰਮਵੀਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ 15 ਹਜ਼ਾਰ ਰੁਪਏ ਜੁਰਮਾਨੇ ਦੀ ਵੀ ਸਜ਼ਾ ਸੁਣਾਈ ਗਈ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਇਕ ਸਾਲ ਦੀ ਵਾਧੂ ਕੈਦ ਕੱਟਣੀ ਪਵੇਗੀ।