ਜੇਐੱਨਐੱਨ, ਜਲੰਧਰ : ਮਿੱਠਾ ਬਾਜ਼ਾਰ 'ਚ ਬਜ਼ੁਰਗ ਦੇ ਕੋਰੋਨਾ ਪੌਜ਼ਿਟਿਵ ਮਰੀਜ਼ ਦੀ ਮੌਤ ਤੋਂ ਬਾਅਦ ਸ਼ਹਿਰ ਦੇ ਕਈ ਆਗੂ ਕੁਆਰੰਟਾਈਨ ਕੀਤੇ ਜਾ ਸਕਦੇ ਹਨ। ਕਾਰਨ, ਉਸ ਦਾ ਪੁੱਤਰ ਯੁਵਾ ਕਾਂਗਰਸੀ ਆਗੂ ਹੈ ਤੇ ਕਰਫ਼ਿਊ ਦੌਰਾਨ ਲੰਗਰ ਵੰਡ ਰਿਹਾ ਸੀ। 28 ਮਾਰਚ ਨੂੰ ਉਹ ਵਿਧਾਇਕ ਬਾਵਾ ਹੈਨਰੀ ਨੂੰ ਉਨ੍ਹਾਂ ਦੇ ਕਰਤਾਰ ਬਸ ਸਰਵਿਸ ਦਫ਼ਤਰ 'ਚ ਮਿਲਿਆ ਸੀ। ਵਿਧਾਇਕ ਦੇ ਪੀਏ ਰਮਿਤ ਦੱਤੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਨਾਲ ਹੀ ਕਿਹਾ ਕਿ ਵਿਧਾਇਕ ਹੈਨਰੀ ਖ਼ੁਦ ਅੱਜਕਲ੍ਹ ਸੋਸ਼ਲ ਡਿਸਟੈਂਸਿੰਗ ਰੱਖ ਰਹੇ ਹਨ। ਉਹ ਕਿਸੇ ਨੂੰ ਨਹੀਂ ਮਿਲ ਰਹੇ।

ਕਮਿਊਨਿਟੀ 'ਚ ਕੋਰੋਨਾ ਵਾਇਰਸ ਫੈਲਣ ਦਾ ਖਦਸ਼ਾ

ਮਿੱਠਾ ਬਾਜ਼ਾਰ ਦੇ ਬਜ਼ੁਰਗ ਦੀ ਵਿਦੇਸ਼ ਦੀ ਟ੍ਰੈਵਲ ਹਿਸਟ੍ਰੀ ਨਹੀਂ ਹੈ। ਇਹ ਵੀ ਨਹੀਂ ਪਤਾ ਚੱਲ ਪਾ ਰਿਹਾ ਕਿ ਕਿਸ ਦੇ ਸੰਪਰਕ 'ਚ ਆ ਕੇ ਉਸ ਨੂੰ ਸੰਕ੍ਰਮਣ ਹੋਇਆ। ਅਜਿਹੇ ਵਿਚ ਵਾਇਰਸ ਦੀ ਕਮਿਊਨਿਟੀ ਸਪ੍ਰੈਡਿੰਗ ਦਾ ਖਦਸ਼ਾ ਵਧ ਰਿਹਾ ਹੈ। ਹੁਣ ਸਾਰਿਆਂ ਦੀ ਨਜ਼ਰ ਬੇਟੇ ਦੀ ਰਿਪੋਰਟ 'ਤੇ ਟਿਕੀ ਹੈ ਕਿਉਂਕਿ ਨਾ ਸਿਰਫ਼ ਉਹ ਵਿਧਾਇਕ ਬਾਵਾ ਹੈਨਰੀ ਨਾਲ ਬੈਠਕਾਂ ਕਰ ਰਿਹਾ ਸੀ, ਬਲਕਿ ਕਰਫ਼ਿਊ ਦੌਰਾਨ ਲੰਗਰ ਵੰਡਣ 'ਚ ਕਾਫ਼ੀ ਸਰਗਰਮ ਰਿਹਾ ਹੈ। ਜੇਕਰ ਉਸ ਦੀ ਰਿਪੋਰਟ ਪੌਜ਼ਿਟਿਵ ਆਈ ਤਾਂ ਵਿਧਾਇਕ ਨੂੰ ਕੁਆਰੰਟਾਈਨ ਕਰਨਾ ਪਵੇਗਾ। ਉੱਥੇ ਹੀ ਉਸ ਦੇ ਸੰਪਰਕ 'ਚ ਸੈਂਕੜੇ ਲੋਕਾਂ ਦੇ ਆਉਣ ਨਾਲ ਸਥਿਤੀ ਖ਼ਤਰਨਾਕ ਹੋ ਸਕਦੀ ਹੈ।

ਨਿਜਾਤਮ ਨਗਰ ਦੇ ਮਰੀਜ਼ ਦੀ ਮਾਈ ਹੀਰਾਂ ਗੇਟ 'ਚ ਦੁਕਾਨ, ਉੱਥੋਂ ਹੀ ਸੰਕ੍ਰਮਣ ਫੈਲਣ ਦਾ ਖਦਸ਼ਾ

ਸਿਵਲ ਹਸਪਤਾਲ 'ਚ ਵੈਂਟੀਲੇਟਰ 'ਤੇ ਪਏ ਮਰੀਜ਼ ਦਾ ਘਰ ਮਿੱਠਾ ਬਾਜ਼ਾਰ, ਮਾਈ ਹੀਰਾਂ ਗੇਟ ਨਾਲ ਲਗਦਾ ਹੈ। ਨਿਜਾਤਮ ਨਗਰ 'ਚ ਸੰਕ੍ਰਮਿਤ ਮਿਲੀ ਬਜ਼ੁਰਗ ਔਰਤ ਦੇ ਕੋਰੋਨਾ ਪੌਜ਼ਿਟਿਵ ਪੁੱਤਰ ਦੀ ਦੁਕਾਨ ਵੀ ਮਾਈ ਹੀਰਾਂ ਗੇਟ 'ਚ ਹੀ ਹੈ। ਸਿਹਤ ਵਿਭਾਗ ਨੂੰ ਖਦਸ਼ਾ ਹੈ ਕਿ ਸੰਕ੍ਰਮਣ ਇੱਥੋਂ ਹੋਇਆ ਹੈ। ਅਧਿਕਾਰੀਆਂ ਮੁਤਾਬਿਕ ਹੋ ਸਕਦਾ ਹੈ ਕਿ ਉਨ੍ਹਾਂ ਦੀ ਆਪਸ 'ਚ ਮੁਲਾਕਾਤ ਹੋਈ ਹੋਵੇ। ਹਾਲਾਂਕਿ ਫਿਲਹਾਲ ਕੋਈ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ।

Posted By: Seema Anand