ਸਤਿੰਦਰ ਸ਼ਰਮਾ, ਫਿਲੌਰ

ਪਹਿਲੀ ਵਾਰ 350 (ਆਈ) ਇਨਫੈਨਟਰੀ ਬਿ੍ਗੇਡ ਜਲੰਧਰ ਕੈਂਟ ਦੇ ਬਿ੍ਗੇਡੀਅਰ ਸੰਜੈ ਚੰਦਰਾ ਕੰਡਪਾਲ ਸਾਬਕਾ ਫੌਜੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਉਚੇਚੇ ਤੌਰ 'ਤੇ ਫਿਲੌਰ ਪੁੱਜੇ। ਬਿ੍ਗੇਡੀਅਰ ਕੰਡਪਾਲ ਨੇ ਇਸ ਮੌਕੇ ਫੌਜੀਆਂ ਨੂੰ ਸਾਮਾਨ ਮੁਹੱਈਆ ਕਰਵਾਉਣ ਵਾਲੀ ਕੰਟੀਨ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐੱਸਡੀਐੱਮ ਫਿਲੌਰ ਡਾ. ਵਿਨੀਤ ਕੁਮਾਰ, 22 ਗਰਨੇਡੀਅਰਜ਼ ਅਸ਼ੋਕਾ ਪਲਟਨ ਦੇ ਸੀਓ ਕਰਨਲ ਪ੍ਰਸ਼ਾਂਤ ਏ ਅਗਰਵਾਲ, ਵੈਟਰਨ ਕਰਨਲ ਨਰਿੰਦਰ ਸਿੰਘ, ਮੇਜਰ ਹਰੀਸ਼ ਯਾਦਵ, ਵੈਟਰਨ ਕੈਪਟਨ ਲਛਮਣ ਦਾਸ, ਸੂਬੇਦਾਰ ਰਾਮਰਾਜ ਮੀਨਾ, ਸੂਬੇਦਾਰ ਆਬਿਦ ਅਲੀ ਤੇ ਆਲ ਇੰਡੀਆ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਫਿਲੌਰ ਦੇ ਪ੍ਰਧਾਨ ਬਲਰਾਜ ਵਸ਼ਿਸ਼ਟ ਹਾਜ਼ਰ ਸਨ। ਬਿ੍ਗੇਡੀਅਰ ਸੰਜੈ ਚੰਦਰਾ ਕੰਡਪਾਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਭਾਰਤੀ ਫੌਜ ਹਮੇਸ਼ਾ ਆਪਣੇ ਸੇਵਾ ਮੁਕਤ ਫੌਜੀ ਅਫ਼ਸਰਾਂ ਤੇ ਜਵਾਨਾਂ ਦਾ ਪੂਰਾ ਮਾਣ ਸਤਿਕਾਰ ਕਰਦੀ ਹੈ ਤੇ ਹਮੇਸ਼ਾ ਉਨ੍ਹਾਂ ਦੇ ਤਜਰਬੇ ਤੋਂ ਸਿੱਖ ਕੇ ਆਪਣਾ ਭਵਿੱਖ ਤੈਅ ਕਰਦੀ ਹੈ। ਭਾਰਤੀ ਫੌਜ ਸਾਲ 2020 ਨੂੰ ਐੱਨਓਕੇ (ਨੈਕਸਟ ਆਫ਼ ਕਿਨ) ਦੇ ਤੌਰ 'ਤੇ ਮਨਾ ਰਹੀ ਹੈ। ਉਨ੍ਹਾਂ ਐੱਨਓਕੇ ਬਾਰੇ ਵਿਸਥਾਰਪੂਰਵਕ ਦੱਸਦਿਆਂ ਕਿਹਾ ਕਿ ਫੌਜੀ ਦੇ ਦੇਹਾਂਤ ਤੋਂ ਬਾਅਦ ਉਸ ਦੀ ਪਤਨੀ ਨੈਕਸਟ ਆਫ਼ ਕਿਨ ਹੁੰਦੀ ਹੈ ਤਾਂ ਉਸ ਫੌਜੀ ਦੀ ਪਤਨੀ ਨੂੰ ਉਸ ਦੇ ਪੂਰੇ ਕਾਗਜ਼ਾਤਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਛੇਤੀ ਤੋਂ ਛੇਤੀ ਉਸ ਦੀ ਪੈਨਸ਼ਨ ਆਦਿ ਲਾਈ ਜਾ ਸਕੇ ਤੇ ਉਸ ਨੂੰ ਮਿਲਣ ਵਾਲੀਆਂ ਬਾਕੀ ਦੀਆਂ ਸਹੂਲਤਾਂ ਵੀ ਉਸ ਨੂੰ ਜਲਦੀ ਤੋਂ ਜਲਦੀ ਮਿਲ ਸਕਣ। ਉਨ੍ਹਾਂ ਨੇ ਕਿਹਾ ਅੱਜ ਸੱਚਮੁੱਚ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਉਨ੍ਹਾਂ ਦੇ ਸਾਹਮਣੇ ਪੰਡਾਲ 'ਚ ਉਨ੍ਹਾਂ ਦੇ ਸਾਬਕਾ (ਸੀਨੀਅਰ) ਫੌਜੀ ਅਫ਼ਸਰ ਤੇ ਜਵਾਨ ਬੈਠੇ ਹੋਏ ਹਨ। ਉਨ੍ਹਾਂ ਸਾਬਕਾ ਫੌਜੀਆਂ ਨੂੰ ਮਾਣ ਦਿੰਦਿਆਂ ਕਿਹਾ ਕਿ ਅੱਜ ਉਹ ਉਨ੍ਹਾਂ ਫੌਜੀਆਂ ਦੀ ਬਦੌਲਤ ਹੀ ਬਿ੍ਗੇਡੀਅਰ ਹਨ ਕਿਉਂਕਿ ਫੌਜ ਦੀ ਤਾਕਤ ਉਸ ਦੇ ਜਵਾਨ ਹੀ ਹੁੰਦੇ ਹਨ। ਫੌਜੀ ਕਦੀ ਸੇਵਾ ਮੁਕਤ ਨਹੀਂ ਹੁੰਦਾ। ਉਨ੍ਹਾਂ ਸਾਬਕਾ ਫ਼ੌਜੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਤੌਫ਼ੀਕ ਸਾਬਕਾ ਫੌਜੀਆਂ ਨੂੰ ਹੀ ਹੈ ਕਿ ਪੰਜਾਬ ਅੰਦਰ 'ਗਾਰਡੀਅਨਜ਼ ਆਫ਼ ਗਵਰਨੈਂਸ' ਵਰਗੀ ਸੰਸਥਾ ਤਹਿਤ ਕੰਮ ਕਰਕੇ ਉਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਫੌਜੀ ਆਖ਼ਰੀ ਸਾਹ ਤਕ ਆਪਣੇ ਵਤਨ ਲਈ ਲੜਦਾ ਰਹਿੰਦਾ ਹੈ। ਉਨ੍ਹਾਂ ਸੰਸਥਾ ਦੀ ਸਫ਼ਲਤਾ 'ਤੇ ਵੀ ਵਧਾਈ ਦਿੱਤੀ। ਸਾਬਕਾ ਫ਼ੌਜੀਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਉਹ ਕੋਈ ਨਾ ਕੋਈ ਕੰਮ ਜ਼ਰੂਰ ਕਰਦੇ ਰਹਿਣ। ਸੇਵਾਮੁਕਤੀ ਸਿਰਫ਼ ਇਕ ਬਦਲਾਅ ਹੈ ਹੋਰ ਕੁਝ ਨਹੀਂ, ਇਸ ਲਈ ਜ਼ਰੂਰੀ ਹੈ ਕਿ ਸਮਾਜ ਲਈ ਕੁਝ ਨਾ ਕੁਝ ਜ਼ਰੂਰ ਕੀਤਾ ਜਾਵੇ ਭਾਵੇਂ ਉਹ ਸਵੱਛ ਭਾਰਤ ਮੁਹਿੰਮ ਹੋਵੇ, ਵਾਤਾਵਰਨ ਦੀ ਬਿਹਤਰੀ ਲਈ ਬੂਟੇ ਲਾਉਣ ਦਾ ਕੰਮ ਹੋਵੇ ਜਾਂ ਫਿਰ ਕੋਈ ਹੋਰ ਸਮਾਜ ਸੇਵਾ। ਭਵਿੱਖ ਵਿਚ ਉਹ ਇਸੇ ਤਰ੍ਹਾਂ ਜਲੰਧਰ ਤੇ ਕਪੂਰਥਲਾ ਅਧੀਨ ਆਉਂਦੀਆਂ ਬਾਕੀ ਦੀਆਂ ਤਹਿਸੀਲਾਂ 'ਚ ਜਾ ਕੇ ਵੀ ਫੌਜੀ ਭਰਾਵਾਂ ਦੀਆਂ ਤਕਲੀਫ਼ਾਂ ਸੁਣਨ ਲਈ ਫੀਲਡ 'ਚ ਜਾਣਗੇ ਤੇ ਉਨ੍ਹਾਂ ਦੇ ਢੱੁਕਵੇਂ ਹੱਲ ਲਈ ਹਾਈ ਕਮਾਨ ਨੂੰ ਲਿਖ ਕੇ ਭੇਣਗੇ। ਭਾਸ਼ਣ ਤੋਂ ਬਾਅਦ ਉਨ੍ਹਾਂ ਖ਼ੁਦ ਸਾਬਕਾ ਫੌਜੀਆਂ ਕੋਲ ਜਾ ਕੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਤੇ ਉਨ੍ਹਾਂ ਦੇ ਯੋਗ ਹੱਲ ਦਾ ਵੀ ਭਰੋਸਾ ਦਿੱਤਾ। ਬਿ੍ਗੇਡੀਅਨ ਕੰਡਪਾਲ ਦੇ ਨਿੱਘੇ ਸੁਭਾਅ ਤੇ ਅਪਣੱਤ ਤੋਂ ਗੱਦ-ਗੱਦ ਹੋ ਕੇ ਫੌਜੀਆਂ ਨੇ 'ਜੈ ਹਿੰਦ' ਦੇ ਜੈਕਾਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ। ਅਖ਼ੀਰ 'ਚ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਫਿਲੌਰ ਦੇ ਪ੍ਰਧਾਨ ਬਲਰਾਜ ਵਸ਼ਿਸ਼ਟ ਤੇ ਸਕੱਤਰ ਜਸਪਾਲ ਸਿੰਘ ਨੰਬਰਦਾਰ ਨੇ ਬਿ੍ਗੇਡੀਅਰ ਕੰਡਪਾਲ ਨੂੰ ਇਕ ਮੰਗ ਪੱਤਰ ਦਿੱਤਾ ਤੇ ਇਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਅਖ਼ੀਰ 'ਚ ਬਿ੍ਗੇਡੀਅਰ ਨੇ ਆਪਣੇ ਬਜ਼ੁਰਗ ਫੌਜੀਆਂ ਨਾਲ ਹੀ ਲੰਚ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਲੈਫਟੀਨੈਂਟ ਵਿਜੈ ਕੁਮਾਰ ਸ਼ਰਮਾ, ਕੈਪਟਨ ਗੁਰਦਿਆਲ ਸਿੰਘ, ਸੂਬੇਦਾਰ ਗੁਰਮੇਜ਼ ਸਿੰਘ, ਸੂਬੇਦਾਰ ਮੇਜਰ ਸੁਰਿੰਦਰ ਪਾਲ ਸਿੰਘ, ਸੂਬੇਦਾਰ ਮੇਜਰ ਜਸਵਿੰਦਰ ਸਿੰਘ, ਨਾਇਕ ਬਲਦੇਵ (ਐੱਸਐੱਮ), ਡੀਸੀ ਕਟਾਰੀਆ, ਸੂਬੇਦਾਰ ਜਸਵੰਤ ਭਾਟੀਆ, ਨਗਰ ਕੌਂਸਲ ਫਿਲੌਰ ਦੇ ਸਾਬਕਾ ਮੀਤ ਪ੍ਰਧਾਨ ਰਾਜ ਕੁਮਾਰ ਗਰੋਵਰ, ਮਾਸਟਰ ਨੰਦ ਕ੍ਰਿਸ਼ੋਰ ਵਸ਼ਿਸ਼ਟ, ਮਰਚੈਂਟ ਨੇਵੀ ਅਫ਼ਸਰ ਵਰੁਣ ਵਸਿਸਟ, ਬਿਜਲੀ ਬੋਰਡ ਦੇ ਸਾਬਕਾ ਐੱਸਡੀਓ ਹਰਮੇਸ਼ ਲਾਲ ਸ਼ਰਮਾ, ਐੱਸਡੀਓ ਰਵਿੰਦਰ ਕੁਮਾਰ ਗੋਰਾ ਤੇ ਮਾੜਾ ਰਾਮ ਵੀ ਹਾਜ਼ਰ ਸਨ।