ਜਤਿੰਦਰ ਪੰਮੀ/ਨੇਹਾ, ਜਲੰਧਰ

ਕਿਸੇ ਵੀ ਦੇਸ਼, ਸੂਬੇ ਜਾਂ ਸ਼ਹਿਰ ਦੇ ਬਾਸ਼ਿੰਦਿਆਂ ਦੀ ਜੀਵਨ ਪੱਧਰ ਨੂੰ ਉੱਚਾ ਚੁੱਕਣ ਤੇ ਉਨ੍ਹਾਂ ਦੀ ਭਲਾਈ ਲਈ ਦੇ ਕੰਮ ਕਰਨ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ ਪਰ ਸਰਕਾਰਾਂ ਵੱਲੋਂ ਆਪਣੇ ਹਰ ਨਾਗਰਿਕ ਤਕ ਪਹੁੰਚ ਕਰਨਾ ਤੇ ਉਨ੍ਹਾਂ ਦੇ ਜੀਵਨ 'ਚ ਆਉਂਦੀਆਂ ਅੌਕੜਾਂ ਦਾ ਪੂਰੀ ਤਰ੍ਹਾਂ ਹੱਲ ਕਰ ਸਕਣਾ ਸੰਭਵ ਨਹੀਂ ਹੁੰਦਾ। ਇਸ ਲਈ ਸਮਾਜ ਅੰਦਰ ਵੱਸਦੇ ਕਮਜ਼ੋਰ ਲੋਕਾਂ ਦੀ ਮਦਦ ਕਰਨ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਉਸੇ ਸਮਾਜ ਦੇ ਕੁਝ ਲੋਕ ਭਲਾਈ ਦਾ ਜਜ਼ਬਾ ਤੇ ਸੋਚ ਰੱਖਣ ਵਾਲੇ ਨਾਗਰਿਕ ਅੱਗੇ ਆਉਂਦੇ ਹਨ। ਇਨ੍ਹਾਂ ਲੋਕਾਂ ਵੱਲੋਂ ਸੰਗਠਨ ਦੇ ਰੂਪ 'ਚ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ, ਜਿਸ ਨੂੰ ਸਮਾਜ ਸੇਵਾ ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ ਲੋਕਾਂ ਵੱਲੋਂ ਕੀਤੇ ਜਾਣ ਵਾਲੇ ਸਮਾਜ ਸੇਵੀ ਕੰਮਾਂ 'ਚ ਸਰਕਾਰਾਂ ਅਸਿੱਧੇ ਤੌਰ 'ਤੇ ਵਿੱਤ ਪੱਖੋਂ ਸਾਥ ਦਿੰਦੀਆਂ ਹਨ। ਇਨ੍ਹਾਂ ਸੰਸਥਾਵਾਂ ਨੂੰ ਗੈਰ-ਸਰਕਾਰੀ ਸੰਸਥਾਵਾਂ ਕਿਹਾ ਜਾਂਦਾ ਹੈ। 27 ਫਰਵਰੀ ਨੂੰ ਵਿਸ਼ਵ ਭਰ ਵਿਚ ਐੱਨਜੀਓ (ਗੈਰ-ਸਰਕਾਰੀ ਸੰਗਠਨ) ਦਿਵਸ ਮਨਾਇਆ ਜਾ ਰਿਹਾ ਹੈ। ਜਲੰਧਰ ਜ਼ਿਲ੍ਹੇ 'ਚ ਵੀ ਵੱਡੀ ਗਿਣਤੀ 'ਚ ਸਮਾਜ ਸੇਵੀ ਸੰਸਥਾਵਾਂ (ਐੱਨਜੀਓਜ਼) ਲੋਕ ਭਲਾਈ ਦੇ ਕੰਮ ਕਰ ਰਹੀਆਂ, ਜਿਨ੍ਹਾਂ ਵਿਚ ਮਨੁੱਖਤਾ ਦੀ ਭਲਾਈ ਦਾ ਜਜ਼ਬਾ ਰੱਖਣ ਵਾਲੇ ਲੋਕ ਮੋਹਰੇ ਹੋ ਕੇ ਸੇਵਾਵਾਂ ਦੇ ਰਹੇ ਹਨ। ਜ਼ਿਲ੍ਹੇ ਅੰਦਰ ਇਸ ਵੇਲੇ 40 ਦੇ ਕਰੀਬ ਐੱਨਜੀਓਜ਼ ਹਨ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਸਭ ਤੋਂ ਪੁਰਾਣੀ ਤੇ ਸਿੱਧੇ ਤੌਰ 'ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਕੰਮ ਕਰਨ ਵਾਲੀ ਰੈੱਡ ਕਰਾਸ ਸੰਸਥਾ ਹੈ। ਇਹ ਸੰਸਥਾ 1859 'ਚ ਫਰੈਂਕੋ-ਆਸਟ੍ਰੀਅਨ ਯੁੱਧ 'ਚ ਜ਼ਖ਼ਮੀ ਹੋਏ ਸੈਨਿਕਾਂ ਦੇ ਮਨੁੱਖਤਾ ਦੇ ਨਾਤੇ ਕੀਤੇ ਗਏ ਇਲਾਜ ਨਾਲ ਹੋਂਦ 'ਚ ਆਈ ਸੀ, ਜਿਸ ਨੂੰ 1864 ਵਿਚ ਜਨੇਵਾ ਕਨਵੈਨਸ਼ਨ ਦੌਰਾਨ ਇੰਟਰਨੈਸ਼ਨਲ ਰੈੱਡ ਕਰਾਸ ਮੂਵਮੈਂਟ ਵਜੋਂ ਮਾਨਤਾ ਦਿੱਤੀ ਗਈ ਸੀ। ਭਾਰਤ ਵਿਚ ਇਸ ਦੀ ਹੋਂਦ 1914 ਵਿਚ ਪਹਿਲੇ ਵਿਸ਼ਵ ਯੁੱਧ ਦੌਰਾਨ ਕਾਇਮ ਹੋਈ ਸੀ, ਜਿਸ ਨੂੰ 1920 ਵਿਚ ਉਸ ਵੇਲੇ ਦੀ ਅੰਗਰੇਜ਼ ਸਰਕਾਰ ਨੇ ਭਾਰਤੀ ਵਿਧਾਨਿਕ ਕੌਂਸਲ 'ਚ ਐਕਟ ਬਣਾ ਕੇ ਮਾਨਤਾ ਦਿੱਤੀ ਸੀ। ਇਸ ਤੋਂ ਇਲਾਵਾ ਲਾਇਨਜ਼ ਕਲੱਬ ਤੇ ਰੋਟਰੀ ਕਲੱਬ ਵੀ ਕੌਮਾਂਤਰੀ ਪੱਧਰ ਦੇ ਗੈਰ-ਸਰਕਾਰੀ ਸੰਗਠਨ ਹਨ, ਜੋ ਸਮਾਜ ਸੇਵਾ ਦੇ ਖੇਤਰ ਵਿਚ ਲੋੜਵੰਦਾਂ ਦੀ ਕਈ ਤਰ੍ਹਾਂ ਨਾਲ ਸਹਾਇਤਾ ਕਰਦੇ ਆ ਰਹੇ ਹਨ। ਭਾਰਤ 'ਚ ਮੂਲ ਤੌਰ 'ਤੇ ਹੋਂਦ 'ਚ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰਰੀਸ਼ਦ ਹੈ, ਜਿਹੜੀ ਦੇਸ਼ ਦੇ ਹਰ ਸੂਬੇ 'ਚ ਫੈਲੀ ਹੋਈ ਹੈ। ਇਨ੍ਹਾਂ ਵਿਸ਼ਾਲ ਪੱਧਰ ਦੇ ਗੈਰ-ਸਰਕਾਰੀ ਸੰਗਠਨਾਂ ਤੋਂ ਇਲਾਵਾ ਜ਼ਿਲ੍ਹੇ 'ਚ ਹੋਰ ਵੀ ਕਈ ਸਮਾਜ ਸੇਵੀ ਸੰਸਥਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿਚੋਂ ਕੁਝ ਤਾਂ ਨਾਮਾਤਰ ਹੀ ਕੰਮ ਕਰਦੀਆਂ ਹਨ ਪਰ ਕੁਝ ਸੰਸਥਾਵਾਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਮਾਜ ਦੇ ਅਣਗੌਲੇ, ਅਪਾਹਜ਼, ਬਿਮਾਰ ਤੇ ਲੋੜਵੰਦ ਲੋਕਾਂ ਦੀ ਕਿਸੇ ਨਾ ਕਿਸੇ ਢੰਗ ਨਾਲ ਸੇਵਾ ਕਰਦੀਆਂ ਆ ਰਹੀਆਂ ਹਨ।

25 ਸਾਲ ਤੋਂ ਚੱਲ ਰਹੀ ਚਾਈਲਡ ਹੈਲਪ ਲਾਈਨ ਦੇ ਸੰਚਾਲਕ ਸੁਰਿੰਦਰ ਸੈਣੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਲਾਵਾਰਿਸ ਤੇ ਵਿਸਾਰੇ ਹੋਏ ਬੱਚਿਆਂ ਦੀ ਮਦਦ ਕਰਨ ਲਈ ਕੰਮ ਕੀਤਾ ਜਾਂਦਾ ਹੈ, ਜਿਵੇਂ ਕਿ ਬਾਲ ਤੇ ਬੰਧੂਆ ਮਜ਼ਦੂਰੀ ਕਰਨ ਵਾਲੇ ਬੱਚਿਆਂ ਨੂੰ ਮੁਕਤ ਕਰਵਾਇਆ ਜਾਂਦਾ ਹੈ। ਬੱਚਿਆਂ ਦੀ ਮਦਦ ਵਾਸਤੇ ਪੂਰੇ ਪੰਜਾਬ 'ਚ 110 ਐਂਬੂਲੈਂਸਾਂ 24 ਘੰਟੇ ਚੱਲਦੀਆਂ ਰਹਿੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹੋਰ ਵੀ ਕਾਫੀ ਸੰਸਥਾਵਾਂ ਹਨ ਜੋ ਉਨ੍ਹਾਂ ਦੀ ਸੰਸਥਾ ਨਾਲ ਜੁੜੀਆਂ ਹੋਈਆਂ ਹਨ। ਜੇਕਰ ਕਿਤੇ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਉਨ੍ਹਾਂ ਸੰਸਥਾ ਦੀ ਐਂਬੂਲੈਂਸ ਸੂਚਨਾ ਮਿਲਣ 'ਤੇ ਘਟਨਾ ਸਥਾਨ ਉਪਰ ਪੁੱਜ ਜਾਂਦੀ ਹੈ। ਸੰਸਥਾ ਨੂੰ ਸਰਕਾਰ ਵੱਲੋਂ ਫੰਡ ਮੁਹੱਈਆ ਕਰਵਾਇਆ ਜਾਂਦਾ ਹੈ, ਜਿਸ ਨਾਲ ਐਂਬੂਲੈਂਸ ਚਲਾਉਣ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਲਾਏ ਜਾਂਦੇ ਹਨ।

'ਪਹਿਲ' ਸੰਸਥਾ ਚਲਾਉਣ ਵਾਲੇ ਸੰਘਰਸ਼ਸ਼ੀਲ ਇਨਸਾਨ ਪ੍ਰਰੋ. ਲਖਬੀਰ ਸਿੰਘ ਪਿਛਲੇ 23 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ 'ਚ ਕੰਮ ਕਰ ਰਹੇ ਹਨ ਹਾਲਾਂਕਿ ਉਹ ਆਪ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਲੜ ਰਹੇ ਹਨ। ਪ੍ਰਰੋ. ਲਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਖ਼ੂਨ ਦਾਨ ਕੀਤਾ ਜਾਂਦਾ ਹੈ, ਜਿਸ ਲਈ ਉਨ੍ਹਾਂ ਦੀ ਸੰਸਥਾ ਨਾਲ ਜੁੜੇ ਨੌਜਵਾਨ ਤੇ ਵਿਦਿਆਰਥੀ ਲੋੜ ਪੈਣ 'ਤੇ ਖ਼ੂਨ ਦਾਨ ਕਰਨ ਲਈ ਪੁੱਜ ਜਾਂਦੇ ਹਨ। ਇਸ ਤੋਂ ਇਲਾਵਾ ਸੰਸਥਾ ਵੱਲੋਂ ਮਕਸੂਦਾਂ ਇਲਾਕੇ 'ਚ ਕਲੀਨਿਕ, ਇੰਦਰਾ ਕਾਲੋਨੀ 'ਚ ਛੋਟੇ ਬੱਚਿਆਂ ਲਈ ਕਰੈੱਚ, ਸ਼ਹੀਦ ਭਗਤ ਸਿੰਘ ਕਾਲੋਨੀ 'ਚ ਚਾਈਲਡ ਲੇਬਰ ਸਕੂਲ ਚਲਾਏ ਜਾ ਰਹੇ ਹਨ। ਸੰਸਥਾ ਵੱਲੋਂ ਵਾਤਾਵਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਅਤੇ ਸਮੇਂ-ਸਮੇਂ 'ਤੇ ਬੂਟੇ ਵੀ ਲਾਏ ਜਾਂਦੇ ਹਨ।

ਦਿਮਾਗੀ ਤੌਰ 'ਤੇ ਅਪਾਹਜ਼ ਬੱਚਿਆਂ ਲਈ ਚਾਨਣ ਐਸੋਸੀਏਸ਼ਨ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕੰਮ ਕਰਦੀ ਆ ਰਹੀ ਹੈ। ਇਸ ਸੰਸਥਾ ਦੇ ਸੰਚਾਲਕ ਅਮਰਜੀਤ ਸਿੰਘ ਆਨੰਦ ਨੇ ਦੱਸਿਆ ਕਿ ਉਹ 25 ਸਾਲ ਤੋਂ ਇਹ ਸੰਸਥਾ ਚੱਲਾ ਰਹੇ ਹਨ, ਜਿਹੜੀ ਮੰਦਬੁੱਧੀ ਬੱਚਿਆਂ ਨੂੰ ਸਮਾਜ 'ਚ ਵਿਚਰਨ ਅਤੇ ਸਨਮਾਨ ਵਾਲਾ ਜੀਵਨ ਬਤੀਤ ਕਰਨ ਲਈ ਤਿਆਰ ਕਰਦੀ ਹੈ। ਇਸ ਸੰਸਥਾ ਨਾਲ 400 ਤੋਂ ਵੱਧ ਪਰਿਵਾਰਾਂ ਦੇ ਮੈਂਬਰ ਜੁੜੇ ਹੋਏ ਹਨ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸੰਸਥਾ ਚੱਲ ਰਹੀ ਹੈ ਤੇ ਮੰਦਬੁੱਧੀ ਬੱਚਿਆਂ ਨੂੰ ਪੂਰਾ ਪਿਆਰ ਦਿੱਤਾ ਜਾਂਦਾ ਹੈ। ਉਨ੍ਹਾਂ ਦੀ ਹਰ ਚੀਜ਼ ਦਾ ਖਿਆਲ ਰੱਖਿਆ ਜਾਂਦਾ ਹੈ ਤਾਂਕਿ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਉਨ੍ਹਾਂ ਨੇ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਕੰਮ ਸਿਖਾਇਆ ਜਾਂਦਾ ਹੈ, ਜਿਵੇਂ ਕਿ ਅਖਬਾਰ ਦੇ ਲਿਫਾਫੇ ਬਣਾਉਣੇ, ਕੱਪੜੇ ਦੇ ਬੈਗ, ਸ਼ਗਨ ਦੇ ਲਿਫਾਫੇ, ਦੀਵੇ, ਰੰਗ ਬਿਰੰਗੇ ਕਾਰਡ ਬਣਾਉਣੇ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸੀਨਰੀਆਂ ਵੀ ਬਣਾਉਂਦੇ ਹਨ। ਇਹ ਸਾਰੀਆਂ ਚੀਜ਼ਾਂ ਬਣਾ ਕੇ ਬਾਜ਼ਾਰ ਵਿਚ ਵੇਚੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਕੰਮ ਹੋਵੇ ਉਸ ਨੂੰ ਬਿਨਾਂ ਸਵਾਰਥ ਤੋਂ ਕਰਨਾ ਚਾਹੀਦਾ ਹੈ।

ਸ਼ਹੀਦ ਅਜੀਤ ਸਿੰਘ ਨੌਜਵਾਨ ਸੁਸਾਇਟੀ ਦੇ ਦੀਪਕ ਮਹਿੰਦਰੂ ਨੇ ਦੱਸਿਆ ਕਿ ਉਹ ਚਾਈਲਡ ਲੇਬਰ ਸਕੂਲ ਚਲਾ ਰਹੇ ਹਨ, ਜਿਥੇ 150 ਬੱਚੇ ਪੜ੍ਹ ਰਹੇ ਹਨ। ਇਥੇ ਬੱਚਿਆਂ ਨੂੰ ਪੰਜਵੀਂ ਤਕ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ ਉਸ ਤੋਂ ਬਾਅਦ ਦੂਜੇ ਸਕੂਲਾਂ ਵਿਚ ਦਾਖਲ ਕਰਵਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲ 'ਚ ਪੜ੍ਹਨ ਲਈ ਆਉਣ ਵਾਲੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਅਤੇ ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਹੋਰ ਸਰਗਰਮੀਆਂ ਵੀ ਕਰਵਾਈਆਂ ਜਾਂਦੀਆਂ ਹਨ। ਤਿਉਹਾਰ ਤੇ ਕੌਮੀ ਦਿਵਸ ਮੌਕੇ ਸਮਾਗਮ ਕਰਵਾ ਕੇ ਉਨ੍ਹਾਂ ਅੰਦਰ ਚੰਗੇ ਨਾਗਰਿਕ ਬਣਨ ਦਾ ਜਜ਼ਬਾ ਭਰਿਆ ਜਾਂਦਾ ਹੈ। ਦੀਪਕ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸਵੱਛ ਭਾਰਤ ਮੁਹਿੰਮ ਤਹਿਤ ਵੀ ਕੰਮ ਕਰ ਰਹੀ ਹੈ ਤੇ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਦੀ ਸੰਸਥਾ ਪਿਛਲੇ 10 ਸਾਲ ਤੋਂ ਕੰਮ ਕਰਦੀ ਆ ਰਹੀ ਹੈ ਤੇ ਹੁਣ ਤਕ 25 ਮੈਂਬਰ ਜੁੜ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਦੀ ਤਨਖਾਹ ਤੇ ਬੱਚਿਆਂ ਲਈ ਮਿਡ ਡੇ ਮੀਲ ਵਾਸਤੇ ਫੰਡ ਮੁਹੱਈਆ ਕਰਵਾਉਂਦੀ ਹੈ। ਬਾਕੀ ਬੱਚਿਆਂ ਲਈ ਸੰਸਥਾ ਮਦਦ ਕਰਦੀ ਹੈ।

ਦਿਵਿਆ ਦਿ੍ਸ਼ਟੀ ਸੰਸਥਾ ਚਲਾਉਣ ਵਾਲੀ ਸਮਾਜ ਸੇਵਿਕਾ ਪ੍ਰਵੀਨ ਅਬਰੋਲ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਇਹ ਸੰਸਥਾ ਚਲਾਉਂਦੇ ਆ ਰਹੇ ਹਨ, ਜਿਸ ਵੱਲੋਂ ਸਮਾਜ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸ ਸੰਸਥਾ ਨਾਲ ਕਾਫੀ ਲੋਕ ਜੁੜ ਚੁੱਕੇ ਹਨ, ਜੋ ਸਮਾਜ ਸੇਵਾ ਦੇ ਖੇਤਰ ਵਿਚ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਲੋੜਵੰਦ ਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਪੂਰੀ ਮਦਦ ਕੀਤੀ ਜਾਂਦੀ ਹੈ। ਅੌਰਤਾਂ ਨੂੰ ਵੀ ਜਾਗਰੂਕ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਹੱਕ ਲਈ ਕਿਵੇਂ ਲੜਨਾ ਹੈ। ਬੱਚਿਆਂ ਦਾ ਮੁਫਤ ਇਲਾਜ ਕਰਵਾਇਆ ਜਾਂਦਾ ਹੈ ਅਤੇ ਪੜ੍ਹਾਈ ਸਬੰਧੀ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਂਦੀ ਹੈ। ਸੰਸਥਾ ਵੱਲੋਂ ਸ਼ਹਿਰ ਤੋਂ ਇਲਾਵਾ ਪਿੰਡਾਂ ਵਿਚ ਜਾ ਕੇ ਵੀ ਅੌਰਤਾਂ ਅਤੇ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ। ਉਹ ਬੱਚਿਆਂ ਨਾਲ ਹਰ ਤਿਉਹਾਰ ਮਨਾਉਂਦੇ ਹਨ ਅਤੇ ਉਨ੍ਹਾਂ ਤੋਹਫੇ ਆਦਿ ਦਿੱਤੇ ਜਾਂਦੇ ਹਨ। ਸਿਹਤ ਪੱਖੋਂ ਤੰਦਰੁਸਤ ਰੱਖਣ ਲਈ ਖੇਡਾਂ ਵੀ ਕਰਵਾਈਆਂ ਜਾਂਦੀਆਂ ਹਨ। ਸੰਸਥਾ ਵੱਲੋਂ ਨਸ਼ਿਆਂ ਪ੍ਰਤੀ ਜਾਗਰੂਕ ਕਰਵਾਉਣ ਲਈ ਸੈਮੀਨਾਰ ਕਰਵਾਏ ਜਾਂਦੇ ਹਨ।

ਮੁਕਤੀ ਹਿਊਮਨ ਵੈੱਲਫੇਅਰ ਸੁਸਾਇਟੀ ਦੀ ਸਮਾਜ ਸੇਵਿਕਾ ਉਰਮਿਲ ਵੈਦ ਨੇ ਦੱਸਿਆ ਕਿ ਉਹ ਪਿਛਲੇ 25 ਸਾਲ ਤੋਂ ਇਹ ਸੰਸਥਾ ਚਲਾ ਰਹੇ ਹਨ, ਜਿਸ ਨਾਲ 60 ਅੌਰਤਾਂ ਜੁੜ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅੌਰਤਾਂ ਨੂੰ ਉਨ੍ਹਾਂ ਨੂੰ ਇਨਸਾਫ ਦਿਵਾਉਣਾ ਤੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਹੀ ਸੰਸਥਾ ਦਾ ਮੁੱਖ ਉਦੇਸ਼ ਹੈ। ਸੰਸਥਾ ਨਾਲ ਜੁੜੀਆਂ ਅੌਰਤਾਂ ਪੈਸੇ ਇੱਕਠੇ ਕਰ ਕੇ ਬੱਚਿਆਂ, ਬਜ਼ੁਰਗਾਂ ਤੇ ਬੇਸਹਾਰਾ ਅੌਰਤਾਂ ਨੂੰ ਦਿੰਦੀਆਂ ਹਨ, ਤਾਂ ਕਿ ਉਨ੍ਹਾਂ ਦਾ ਜੀਵਨ ਸਹੀ ਢੰਗ ਨਾਲ ਚੱਲ ਸਕੇ। ਉਨ੍ਹਾਂ ਨੇ ਕਿਹਾ ਕਿ ਸਮਾਜ ਸੇਵੀ ਸੰਸਥਾ ਇਸ ਲਈ ਖੋਲ੍ਹੀ ਹੈ ਤਾਂ ਕਿ ਲੋਕਾਂ ਦੀ ਸੇਵਾ ਕਰ ਸਕਣ। ਲੋੜਵੰਦ ਬੱਚਿਆਂ ਨੂੰ ਕਾਪੀਆਂ, ਕਿਤਾਬਾਂ, ਕੱਪੜੇ ਤੇ ਹੋਰ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ ਤਾਂ ਜੋ ਗੁਰਬਤ ਕਾਰਨ ਬੱਚੇ ਪੜ੍ਹਾਈ ਤੋਂ ਵਾਂਝੇ ਨਾ ਰਹਿ ਜਾਣ।