ਜਤਿੰਦਰ ਪੰਮੀ, ਜਲੰਧਰ : ਕੋਰੋਨਾ ਮਹਾਮਾਰੀ ਖ਼ਿਲਾਫ਼ ਚੱਲ ਰਹੀ ਜੰਗ ਦੌਰਾਨ ਹਰ ਉਹ ਵਿਅਕਤੀ ਆਪਣੀ ਸਮਰੱਥਾ ਅਨੁਸਾਰ ਆਪਣਾ ਯੋਗਦਾਨ ਪਾ ਰਿਹਾ ਹੈ ਜੋ ਆਪਣੇ ਦੇਸ਼ ਵਾਸੀਆਂ ਨੂੰ ਹੱਸਦੇ-ਵੱਸਦੇ ਦੇਖਣਾ ਲੋਚਦਾ ਹੈ। ਜਿਥੇ ਇਕ ਪਾਸੇ ਇਸ ਭਿਆਨਕ ਰੋਗ ਤੋਂ ਲੋਕਾਂ ਦੀ ਸਿਹਤ ਤੇ ਸੁਰੱਖਿਆ ਲਈ ਸਿਵਲ ਪ੍ਰਸ਼ਾਸਨ, ਸਿਹਤ ਵਿਭਾਗ ਦਾ ਅਮਲਾ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਮੁਲਾਜ਼ਮ ਦਿਨ-ਰਾਤ ਇਕ ਕਰਕੇ ਡਟੇ ਹੋਏ ਹਨ, ਉਥੇ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਪਰਦੇ ਪਿੱਛੇ ਰਹਿ ਕੇ ਨਾ ਸਿਰਫ਼ ਇਨ੍ਹਾਂ ਕੋਵਿਡ-ਯੋਧਿਆਂ ਦੀ ਕਿਸੇ ਨਾ ਕਿਸੇ ਤਰ੍ਹਾਂ ਮਦਦ ਕਰ ਰਹੇ ਹਨ। ਅਜਿਹੇ ਲੋਕਾਂ ਵਿਚੋਂ ਹੀ ਜਲੰਧਰ ਕਮਿਸ਼ਨੇਰਟ ਪੁਲਿਸ ਦੇ ਦਫਤਰ ਦੀ ਸਪੈਸ਼ਲ ਬ੍ਾਂਚ ਦੇ ਐੱਸਆਈ ਸੁਖਦੇਵ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਵੀ ਆਪਣੇ ਘਰ ਅੰਦਰ ਰਹਿ ਕੇ ਹੀ ਪੁਲਿਸ ਮੁਲਾਜ਼ਮਾਂ ਲਈ ਥ੍ਰੀ-ਲੇਅਰ ਵਾਲੇ ਮਾਸਕ ਬਣਾ ਕੇ ਯੋਗਦਾਨ ਪਾ ਰਹੀ ਹੈ। ਉਸ ਵੱਲੋਂ ਤਿਆਰ ਕੀਤੇ ਗਏ ਮਾਸਕ ਨਾ ਸਿਰਫ਼ ਪੁਲਿਸ ਮੁਲਾਜ਼ਮਾਂ ਨੂੰ ਵੰਡੇ ਜਾ ਰਹੇ ਹਨ ਬਲਕਿ ਮੁਹੱਲੇ ਦੇ ਲੋਕਾਂ ਨੂੰ ਵੀ ਮਾਸਕ ਦਿੱਤੇ ਜਾ ਰਹੇ ਹਨ ਤਾਂ ਜੋ ਉਹ ਕੋਰੋਨਾ ਵਰਗੀ ਭਿਆਨਕ ਮਹਾਮਾਰੀ ਤੋਂ ਆਪਣੀ ਤੇ ਹੋਰਨਾਂ ਦੀ ਸੁਰੱਖਿਆ ਕਰ ਸਕਣ। ਇਸ ਸਬੰਧੀ ਗੱਲਬਾਤ ਕਰਦਿਆਂ ਐੱਸਆਈ ਸੁਖਦੇਵ ਸਿੰਘ ਵਾਸੀ ਲੱਧੇਵਾਲੀ ਨੇ ਦੱਸਿਆ ਕਿ ਉਹ ਕਮਿਸ਼ਨਰੇਟ ਪੁਲਿਸ ਦੇ ਦਫਤਰ ਦੀ ਸਪੈਸ਼ਲ ਬ੍ਾਂਚ ਵਿਚ ਤਾਇਨਾਤ ਹਨ ਅਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਘਰੇਲੂ ਅੌਰਤ ਹੈ। ਉਨ੍ਹਾਂ ਦਾ ਇਕਲੌਤਾ ਪੁੱਤਰ ਪੁਨੇ ਵਿਚ ਪੜ੍ਹਾਈ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਭਰ 'ਚ 23 ਮਾਰਚ ਨੂੰ ਲਾਏ ਗਏ ਕਰਫਿਊ ਤੇ ਲਾਕਡਾਊਨ ਦੌਰਾਨ ਜਦੋਂ ਸੈਨੇਟਾਈਜ਼ਰ ਤੇ ਮਾਸਕ ਦੀ ਕਿੱਲਤ ਆਉਣੀ ਸ਼ੁਰੂ ਹੋਈ ਤਾਂ ਉਨ੍ਹਾਂ ਦੀ ਪਤਨੀ ਜੋ ਕਿ ਸਿਲਾਈ-ਕਢਾਈ ਦਾ ਕੰਮ ਜਾਣਦੀ ਹੈ, ਨੇ ਘਰ ਵਿਚ ਹੀ ਮਾਸਕ ਤਿਆਰ ਕਰਨ ਦੀ ਗੱਲ ਕਹੀ ਤਾਂ ਜੋ ਸੁਖਦੇਵ ਸਿੰਘ ਦੇ ਸਾਥੀ ਪੁਲਿਸ ਮੁਲਾਜ਼ਮਾਂ ਤੇ ਹੋਰਨਾਂ ਲੋੜਵੰਦ ਲੋਕਾਂ ਨੂੰ ਮਾਸਕ ਦਿੱਤੇ ਜਾ ਸਕਣ। ਉਸ ਤੋਂ ਬਾਅਦ ਸੁਖਵਿੰਦਰ ਕੌਰ ਰੋਜ਼ਾਨਾ ਹੀ ਆਪਣੇ ਘਰੇਲੂ ਕੰਮਾਂ 'ਚੋਂ ਘੰਟਾ-ਦੋ ਘੰਟੇ ਦਾ ਸਮਾਂ ਕੱਢ ਕੇ ਘਰ ਪਏ ਕੱਪੜੇ ਦੇ ਥ੍ਰੀ-ਲੇਅਰ ਮਾਸਕ ਬਣਾਉਣੇ ਸ਼ੁਰੂ ਕਰ ਦਿੱਤੇ। 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਸੁਖਵਿੰਦਰ ਕੌਰ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਦੇ ਪਤੀ ਸੁਖਦੇਵ ਸਿੰਘ ਡਿਊਟੀ 'ਤੇ ਚਲੇ ਜਾਂਦੇ ਹਨ ਤਾਂ ਉਹ ਘਰ ਦਾ ਕੰਮ-ਕਾਜ ਖਤਮ ਕਰਕੇ ਵਿਹਲੇ ਸਮੇਂ ਦਾ ਸਦਉਪਯੋਗ ਕਰਕੇ ਲੋਕ ਭਲਾਈ ਲਈ ਮਾਸਕ ਬਣਾਉਣੇ ਸ਼ੁਰੂ ਕਰ ਦਿੱਤੇ। ਮਾਸਕ ਬਣਾਉਣ ਲਈ ਕੱਪੜਾ ਵੀ ਉਸ ਨੇ ਘਰੋਂ ਹੀ ਲੈ ਲਿਆ ਅਤੇ ਉਹ ਖਤਮ ਹੋਣ ਤੋਂ ਬਾਅਦ ਬਾਜ਼ਾਰ 'ਚ ਕੱਪੜੇ ਦੇ ਪੀਸ ਵੀ ਖਰੀਦੇ ਤਾਂ ਜੋ ਮਾਸਕ ਬਣਾਉਣੇ ਜਾਰੀ ਰੱਖ ਸਕੇ। ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾ 10-12 ਮਾਸਕ ਬਣਾਉਂਦੀ ਹੈ ਅਤੇ ਹੁਣ ਤਕ 800 ਤੋਂ ਵੱਧ ਮਾਸਕ ਤਿਆਰ ਕਰ ਚੁੱਕੀ ਹੈ, ਜਿਹੜੇ ਕਿ ਉਸ ਦੇ ਪਤੀ ਆਪਣੇ ਪੁਲਿਸ ਮੁਲਾਜ਼ਮ ਸਾਥੀਆਂ ਨੂੰ ਜਾ ਕੇ ਵੰਡਦੇ ਹਨ ਅਤੇ ਇਸ ਤੋਂ ਇਲਾਵਾ ਮੁਹੱਲਾ ਵਾਸੀਆਂ ਤੇ ਹੋਰ ਦੋਸਤਾਂ-ਮਿੱਤਰਾਂ ਨੂੰ ਮਾਸਕ ਬਣਾ ਕੇ ਵੰਡ ਰਹੇ ਹਨ। ਉਸ ਨੇ ਕਿਹਾ ਕਿ ਜਦੋਂ ਤਕ ਕੋਰੋਨਾ ਮਹਾਮਾਰੀ ਦਾ ਪੂਰੀ ਤਰ੍ਹਾਂ ਖ਼ਾਤਮਾ ਨਹੀਂ ਹੋ ਜਾਂਦੀ ਅਤੇ ਲਾਕਡਾਊਨ ਜਾਰੀ ਰਹੇਗਾ, ਉਹ ਓਨੀ ਦੇਰ ਤਕ ਮਾਸਕ ਬਣਾਉਣ ਦਾ ਕੰਮ ਜਾਰੀ ਹੀ ਰੱਖੇਗੀ।

ਕਮਿਸ਼ਨੇਰਟ ਪੁਲਿਸ ਲਈ ਦਿੱਤੇ 700 ਮਾਸਕ

ਸਬ-ਇੰਸਪੈਕਟਰ ਦੀ ਪਤਨੀ ਸੁਖਵਿੰਦਰ ਕੌਰ ਵੱਲੋਂ ਤਿਆਰ ਕੀਤੇ ਗਏ 700 ਦੇ ਕਰੀਬ ਮਾਸਕ ਪੁਲਿਸ ਲਾਈਨ ਵਿਚ ਸੁਖਦੇਵ ਸਿੰਘ ਨੇ ਅੱਜ ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਅਤੇ ਡੀਸੀਪੀ ਹੈੱਡਕੁਆਰਟਰ ਅਰੁਣ ਸੈਣੀ ਨੂੰ ਭੇਟ ਕੀਤੇ। ਉਨ੍ਹਾਂ ਨੇ ਇਹ ਸਾਰੇ ਮਾਸਕ ਕਮਿਸ਼ਨੇਰਟ ਪੁਲਿਸ 'ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਵੰਡ ਦਿੱਤੇ। ਡੀਸੀਪੀ ਗੁਰਮੀਤ ਸਿੰਘ ਨੇ ਐੱਸਆਈ ਸੁਖਦੇਵ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਦੀ ਪੁਲਿਸ ਮੁਲਾਜ਼ਮਾਂ ਲਈ ਮਾਸਕ ਤਿਆਰ ਕਰਨ ਦੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਡੀਸੀਪੀ ਸੁਡਰਵਿਲੀ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ>