ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰ ਚਾਰ ਦੀ ਪੁਲਿਸ ਨੇ ਪਿਛਲੇ ਦਿਨੀਂ ਸ਼ਕਤੀ ਨਗਰ ਵਿਚ ਇਕ ਅੌਰਤ ਕੋਲੋਂ ਫੋਨ ਝਪਟਣ ਦੇ ਮਾਮਲੇ ਦੇ ਇਕ ਦੋਸ਼ੀ ਨੂੰ ਗਿ੍ਫਤਾਰ ਕਰ ਕੇ ਉਸ ਕੋਲੋਂ ਮੋਬਾਈਲ ਬਰਾਮਦ ਕਰ ਲਿਆ ਹੈ, ਜਦਕਿ ਉਸ ਦਾ ਦੂਜਾ ਸਾਥੀ ਫਰਾਰ ਹੋ ਗਿਆ ਹੈ, ਜਿਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਏਸੀਪੀ ਸੈਂਟਰਲ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਥਾਣਾ ਨੰ. ਚਾਰ ਦੀ ਪੁਲਿਸ ਨੂੰ ਸਮਧੂ ਪਤਨੀ ਬਲਵੰਤ ਸਿੰਘ ਵਾਸੀ ਬੈਂਕ ਕਾਲੋਨੀ ਬਸਤੀ ਬਾਵਾ ਖੇਲ ਨੇ ਸ਼ਿਕਾਇਤ ਕੀਤੀ ਸੀ ਕਿ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਉਸ ਕੋਲੋਂ ਮੋਬਾਈਲ ਝਪਟ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਸ਼ੁੱਕਰਵਾਰ ਏਐੱਸਆਈ ਪਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਸਕਾਈਲਾਰਕ ਚੌਕ ਵਿਚ ਨਾਕੇਬੰਦੀ ਕੀਤੀ ਹੋਈ ਸੀ ਕਿ ਐਕਟਿਵਾ 'ਤੇ ਆ ਰਹੇ ਦੋ ਨੌਜਵਾਨਾਂ ਨੂੰ ਜਦ ਰੁਕਣ ਦਾ ਇਸ਼ਾਰਾ ਕੀਤਾ। ਉਹ ਇਕਦਮ ਘਬਰਾ ਗਏ ਅਤੇ ਪਿੱਛੇ ਮੁੜਨ ਲੱਗੇ। ਪਿੱਛੇ ਬੈਠਾ ਨੌਜਵਾਨ ਹੇਠਾਂ ਉਤਰ ਕੇ ਗਲੀਆਂ ਵਿਚ ਭੱਜ ਗਿਆ, ਜਦਕਿ ਦੂਜੇ ਨੂੰ ਪੁਲਿਸ ਨੇ ਕਾਬੂ ਕਰ ਲਿਆ। ਉਸ ਦੀ ਪਛਾਣ ਰਿਸ਼ੀ ਕੁਮਾਰ ਵਾਸੀ ਵਿਰਦੀ ਕਾਲੋਨੀ ਬਸਤੀ ਗੁੱਜਾ ਵਜੋਂ ਹੋਈ। ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਕੋਲੋਂ ਬਰਾਮਦ ਹੋਇਆ ਇਕ ਮੋਬਾਈਲ ਉਸ ਨੇ ਸ਼ਕਤੀ ਨਗਰ ਵਿਚੋਂ ਇਕ ਅੌਰਤ ਕੋਲੋਂ ਖੋਹਿਆ ਸੀ, ਜਿਸ ਵਿਚ ਉਸ ਦਾ ਸਾਥੀ ਲਵ ਵਾਸੀ ਬਸਤੀ ਬਾਵਾ ਖੇਲ ਵੀ ਨਾਲ ਸੀ। ਏਸੀਪੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਨੂੰ ਅਦਾਲਤ ਵਿਚੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।