ਅਮਰਜੀਤ ਸਿੰਘ ਵੇਹਗਲ, ਜਲੰਧਰ : ਦੇਰ ਸ਼ਾਮ ਥਾਣਾ ਮਕਸੂਦਾਂ ਦੇ ਘੇਰੇ 'ਚ ਆਉਂਦੇ ਰਾਓਵਾਲੀ ਇਲਾਕੇ 'ਚ ਦੋ ਮੋਟਰਸਾਈਕਲ ਸਵਾਰ ਲੁਟੇਰੇ ਪਰਵਾਸੀ ਮਜ਼ਦੂਰ ਦੀ ਕੁੱਟਮਾਰ ਕਰ ਕੇ ਉਸ ਕੋਲੋਂ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਲੁੱਟ-ਖੋਹ ਦਾ ਸ਼ਿਕਾਰ ਹੋਏ ਮਜ਼ਦੂਰ ਮੁਨੀਸ਼ ਨਾਇਕ ਪੁੱਤਰ ਰਘੂਨਾਥ ਪ੍ਰਸਾਦ ਨਾਇਕ ਵਾਸੀ ਨੰਗਲ ਨੇ ਦੱਸਿਆ ਕਿ ਉਹ ਡਿਊਟੀ ਤੋਂ ਛੁੱਟੀ ਕਰ ਕੇ ਘਰ ਜਾ ਰਿਹਾ ਸੀ ਤਾਂ ਜਦ ਉਹ ਪਿੰਡ ਰਾਓਵਾਲੀ ਨੇੜੇ ਪੁੱਜਾ ਤਾਂ ਪਿੱਛੇ ਆਏ ਦੋ ਮੋਟਰਸਾਈਕਲ ਸਵਾਰ ਉਸ ਨਾਲ ਕੁੱਟਮਾਰ ਕਰਨ ਲੱਗ ਪਏ ਤੇ ਜੇਬ ਵਿਚੋਂ ਮੋਬਾਈਲ ਕੱਢ ਕੇ ਫ਼ਰਾਰ ਹੋ ਗਏ। ਉਸ ਨੇ ਭਾਜਪਾ ਆਗੂ ਪ੍ਰਸ਼ਾਂਤ ਗੰਭੀਰ ਸਾਰੀ ਘਟਨਾ ਦੱਸੀ। ਜਿਨ੍ਹਾਂ ਨੇ ਐੱਸਐੱਸਪੀ ਅਤੇ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਇਸ ਦੌਰਾਨ ਥਾਣਾ ਮਕਸੂਦਾਂ ਦੀ ਪੁਲਿਸ ਨੇ ਘਟਨਾ ਸਥਾਨ 'ਤੇ ਪੁੱਜ ਕੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਮੌਕੇ 'ਤੇ ਸੀਸੀਟੀਵੀ ਫੁਟੇਜ 'ਚੋਂ ਲੁਟੇਰਿਆਂ ਬਾਰੇ ਸੁਰਾਗ ਹਾਸਲ ਹੋਇਆ ਹੈ। ਪੁਲਿਸ ਵੱਲੋਂ ਕੇਸ ਦਰਜ ਕੀਤਾ ਹੈ।

ਭਰੋਸੇਯੋਗ ਸੂਤਰਾਂ ਅਨੁਸਾਰ ਪੁਲਿਸ ਸੀਸੀਟੀਵੀ 'ਚ ਕੈਦ ਹੋਏ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਪੁੱਛਗਿੱਛ ਕਰ ਰਹੀ ਹੈ ਪਰ ਪੁਲਿਸ ਵੱਲੋਂ ਅਜੇ ਕਿਸੇ ਵੀ ਵਿਅਕਤੀ ਨੂੰ ਕਾਬੂ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਥਾਣਾ ਮਕਸੂਦਾਂ ਦੇ ਮੁਖੀ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਲੁਟੇਰਿਆਂ ਬਾਰੇ ਸੁਰਾਗ ਮਿਲਿਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।