ਰਾਕੇਸ਼ ਗਾਂਧੀ, ਜਲੰਧਰ

ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਪਿਛਲੇ ਦਿਨੀਂ ਸ਼ਹਿਰ 'ਚ ਲਗਾਤਾਰ ਖੋਹਬਾਜ਼ੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਸਨੈਚਰ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਸਨੈਚਰ ਕੋਲੋਂ ਖੋਹੀਆਂ ਹੋਈਆਂ ਸੋਨੇ ਦੀਆਂ ਵਾਲੀਆਂ ਤੇ ਦੋ ਵਾਹਨ ਵੀ ਬਰਾਮਦ ਕੀਤੇ ਹਨ ਜਿਨ੍ਹਾਂ ਉਪਰ ਉਹ ਜਾਅਲੀ ਨੰਬਰ ਲਾ ਕੇ ਖੋਹਬਾਜ਼ੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਉਸਦੇ ਦੂਜੇ ਸਾਥੀ ਦੀ ਤਲਾਸ਼ ਵਿਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਬ ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਭਜੋਤ ਸਿੰਘ ਵਾਸੀ ਬਸਤੀ ਮਿੱਠੂ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਮਾਤਾ ਮਨਜੀਤ ਕੌਰ 4 ਮਾਰਚ ਨੂੰ ਦੁਪਹਿਰ ਵੇਲੇ ਆਪਣੇ ਘਰ ਦੇ ਬਾਹਰ ਖੜ੍ਹੀ ਸੀ ਕਿ ਇਕ ਬਾਈਕ ਉਪਰ ਆਏ ਦੋ ਨੌਜਵਾਨ ਜਿਨ੍ਹਾਂ ਵਿੱਚੋਂ ਇਕ ਨੇ ਪਰਨਾ ਬੰਨਿ੍ਹਆ ਹੋਇਆ ਸੀ ਤੇ ਦੂਜਾ ਪਿੱਛੇ ਬੈਠਾ ਸੀ ਉਸ ਦੇ ਕੰਨਾਂ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਐਤਵਾਰ ਨੂੰ ਏਐੱਸਆਈ ਸੱਤਪਾਲ ਨੇ ਸੂਚਨਾ ਦੇ ਆਧਾਰ 'ਤੇ ਬਾਬਾ ਬੁੱਢਾ ਜੀ ਪੁਲ਼ ਨੇੜਿਓਂ ਸ਼ਕਤੀ ਅਰੋੜਾ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨੂੰ ਕਾਬੂ ਕਰ ਕੇ ਜਦ ਪੁੱਛਗਿੱਛ ਕੀਤੀ ਤਾਂ ਉਸ ਨੇ ਸਨੈਚਿੰਗ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣਾ ਕਬੂਲ ਕੀਤਾ ਅਤੇ ਉਸ ਨੇ ਪੁਲਿਸ ਨੂੰ ਆਪਣੇ ਘਰ ਦੇ ਬੈੱਡ ਹੇਠਾਂ ਲੁਕੋ ਕੇ ਰੱਖੇ ਹੋਏ ਗਹਿਣੇ ਵੀ ਬਰਾਮਦ ਕਰਵਾ ਦਿੱਤੇ।

ਪੁਲਿਸ ਨੇ ਉਸ ਕੋਲੋਂ ਪੰਜ ਸੋਨੇ ਦੀਆਂ ਵਾਲੀਆਂ, ਇਕ ਐਕਟਿਵਾ ਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁੱਛਗਿੱਛ ਵਿਚ ਉਸ ਨੇ ਦੱਸਿਆ ਕਿ ਉਸਦਾ ਦੂਜਾ ਸਾਥੀ ਵਿੱਕੀ ਮਸੀਹ ਹੈ ਜਿਸ ਦੀ ਤਲਾਸ਼ ਵਿਚ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਥਾਣਾ ਮੁਖੀ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਜਲਦ ਹੀ ਪੁਲਿਸ ਦੂਜੇ ਸਨੈਚਰ ਨੂੰ ਵੀ ਕਾਬੂ ਕਰ ਲਵੇਗੀ।