ਰਾਕੇਸ਼ ਗਾਂਧੀ, ਜਲੰਧਰ

ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਇਕ ਵਿਅਕਤੀ ਕੋਲੋਂ ਉਸ ਦਾ ਪਰਸ ਖੋਹਣ ਵਾਲੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਜਦਕਿ ਉਸ ਦੇ ਦੋ ਸਾਥੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਸਬ ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਮਰਜੀਤ ਕੁਮਾਰ ਵਾਸੀ ਕਬੀਰ ਨਗਰ ਨੇ ਬਿਆਨ ਦਰਜ ਕਰਵਾਇਆ ਸੀ ਕਿ ਸੱਤਿਆ ਪ੍ਰਕਾਸ਼ ਵਾਸੀ ਬਸਤੀ ਮਿੱਠੂ ਨੇ ਆਪਣੇ ਦੋ ਸਾਥੀਆਂ ਸਮੇਤ ਐਕਟਿਵਾ ਉਪਰ ਆ ਕੇ ਉਸ ਦਾ ਪਰਸ ਖੋਹ ਲਿਆ ਸੀ ਜਿਸ ਵਿਚ 4800 ਰੁਪਏ ਦੀ ਨਕਦੀ ਸੀ। ਅਮਿਤ ਕੁਮਾਰ ਦੇ ਬਿਆਨਾਂ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਏਐੱਸਆਈ ਰੂਪ ਲਾਲ ਸਮੇਤ ਇਲਾਕੇ ਵਿਚ ਨਾਕਾਬੰਦੀ ਕੀਤੀ ਹੋਈ ਸੀ ਕਿ ਐਕਟਿਵਾ 'ਤੇ ਆਉਂਦੇ ਹੋਏ ਇਕ ਨੌਜਵਾਨ ਨੂੰ ਰੋਕਿਆ ਤਾਂ ਉਹ ਇਕਦਮ ਘਬਰਾ ਗਿਆ ਅਤੇ ਵਾਪਸ ਮੁੜਨ ਲੱਗਾ। ਜਿਸ ਕਾਰਨ ਉਹ ਹੇਠਾਂ ਡਿੱਗ ਪਿਆ। ਪੁਲਿਸ ਨੇ ਉਸ ਨੂੰ ਨਾਮ ਪੁੱਿਛਆ ਤਾਂ ਉਸ ਨੇ ਆਪਣਾ ਨਾਮ ਸੱਤਿਆ ਪ੍ਰਕਾਸ਼ ਵਾਸੀ ਬਸਤੀ ਮਿੱਠੂ ਦੱਸਿਆ। ਜਿਸ 'ਤੇ ਉਸ ਨੂੰ ਗਿ੍ਫ਼ਤਾਰ ਕਰਦਿਆਂ ਥਾਣੇ ਲਿਜਾ ਕੇ ਜਦ ਉਸ ਕੋਲੋਂ ਉਕਤ ਵਾਰਦਾਤ ਬਾਰੇ ਪੁੱਿਛਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਆਪਣੇ ਸਾਥੀ ਸੰਨੀ ਵਾਸੀ ਤੇਜ ਮੋਹਨ ਨਗਰ ਤੇ ਰਾਜਾ ਉਰਫ਼ ਰਾਜਾ ਸਿੰਘ ਵਾਸੀ ਉਜਾਲਾ ਨਗਰ ਨਾਲ ਮਿਲ ਕੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।