ਰਾਕੇਸ਼ ਗਾਂਧੀ, ਜਲੰਧਰ

ਸੀਆਈਏ ਸਟਾਫ ਦੀ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕੀਤੀ ਨਾਕੇਬੰਦੀ ਦੌਰਾਨ ਸ਼ਿਵ ਸੈਨਾ ਸਮਾਜਵਾਦੀ ਦੇ ਜਨਰਲ ਸਕੱਤਰ ਸਮੇਤ ਪੰਜ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਅਫੀਮ ਹਜ਼ਾਰਾਂ ਦੀ ਡਰੱਗ ਮਨੀ ਅਤੇ ਅਫੀਮ ਸਪਲਾਈ ਕਰਨ ਲਈ ਵਰਤੀ ਗਈ ਗੱਡੀ ਤੇ ਐਕਟਿਵਾ ਬਰਾਮਦ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਆਈਏ ਸਟਾਫ ਤੇ ਮੁਖੀ ਸਬ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮਾਸਟਰ ਤਾਰਾ ਸਿੰਘ ਨਗਰ ਵਿਚ ਸਥਿਤ ਇਕ ਮੰਦਰ ਦੇ ਕੋਲੋਂ ਇਕ ਐਕਟਿਵਾ 'ਤੇ ਜਾ ਰਹੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 250 ਗ੍ਰਾਮ ਅਫੀਮ ਬਰਾਮਦ ਹੋਈ। ਇਕ ਨੌਜਵਾਨ ਜਿਸ ਦੀ ਪਛਾਣ ਰਜਿੰਦਰ ਸਿੰਘ ਉਰਫ਼ ਰਾਜੂ ਵਾਸੀ ਸ਼ਿਵਾ ਜੀ ਨਗਰ ਹਾਲ ਵਾਸੀ ਰਸੀਲਾ ਨਗਰ ਜਲੰਧਰ ਦੇ ਰੂਪ 'ਚ ਹੋਈ ਹੈ, ਨੇ ਮੁੱਢਲੀ ਪੁੱਛਗਿੱਛ 'ਚ ਦੱਸਿਆ ਕਿ ਉਹ ਸ਼ਿਵ ਸੈਨਾ ਸਮਾਜਵਾਦੀ ਦਾ ਜਨਰਲ ਸਕੱਤਰ ਹੈ ਜਿਸ ਨੂੰ ਕੁਝ ਮਹੀਨੇ ਪਹਿਲਾਂ ਹੀ ਸ਼ਿਵ ਸੈਨਾ ਸਮਾਜਵਾਦੀ ਵੱਲੋਂ ਪੰਜਾਬ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਪੁੱਛਗਿੱਛ ਵਿਚ ਉਸ ਨੇ ਦੱਸਿਆ ਕਿ ਉਹ ਇਹ ਅਫੀਮ ਪਾਨੀਪਤ ਹਰਿਆਣਾ ਦੇ ਰਹਿਣ ਵਾਲੇ ਆਜ਼ਾਦ ਸਿੰਘ ਕੋਲੋਂ ਲਿਆ ਕੇ ਜਲੰਧਰ 'ਚ ਸਪਲਾਈ ਕਰਦਾ ਹੈ। ਜਿਸ 'ਤੇ ਪੁਲਿਸ ਪਾਰਟੀ ਨੇ ਟ੍ਰੈਪ ਲਗਾ ਕੇ ਆਜ਼ਾਦ ਸਿੰਘ ਨੂੰ ਵੀ ਲੰਮਾ ਪਿੰਡ ਚੌਕ ਲਾਗਿਓਂ ਗਿ੍ਫ਼ਤਾਰ ਕਰ ਕੇ ਉਸ ਵੇਲੇ 250 ਗ੍ਰਾਮ ਅਫੀਮ ਬਰਾਮਦ ਕਰ ਲਈ ਜਦ ਉਹ ਆਪਣੀ ਮਰੂਤੀ ਕਾਰ 'ਤੇ ਜਾ ਰਿਹਾ ਸੀ।

ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸੇ ਤਰ੍ਹਾਂ ਏਐੱਸਆਈ ਰਣਜੀਤ ਪਾਲ ਨੇ ਪੁਲਿਸ ਪਾਰਟੀ ਸਮੇਤ ਲਾਡੋਵਾਲੀ ਰੋਡ ਲਾਗੇ ਪੈਂਦੇ ਰਣਜੀਤ ਨਜ਼ਰ ਟੀ-ਪੁਆਇੰਟ 'ਤੇ ਨਾਕੇਬੰਦੀ ਕੀਤੀ ਹੋਈ ਸੀ ਕਿ ਇਕ ਐਕਟਿਵਾ 'ਤੇ ਆ ਰਹੇ ਤਿੰਨ ਨੌਜਵਾਨਾਂ ਨੂੰ ਰੋਕ ਕੇ ਜਦ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਢਾਈ ਕਿੱਲੋ ਅਫੀਮ ਤੇ 80 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਇਨ੍ਹਾਂ ਨੌਜਵਾਨਾਂ ਦੀ ਪਛਾਣ ਸਤਿਪਾਲ, ਅਜੀਤ ਕੁਮਾਰ ਅਤੇ ਅਭੇ ਗੌਤਮ ਵਾਸੀ ਯੂਪੀ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਤਿੰਨੋਂ ਨੌਜਵਾਨ ਇਸ ਵੇਲੇ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿਚ ਕਿਰਾਏ ਦੇ ਮਕਾਨ 'ਚ ਰਹਿ ਰਹੇ ਹਨ। ਪੰਜਾਂ ਨੌਜਵਾਨਾਂ ਖਿਲਾਫ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।