ਰਾਕੇਸ਼ ਗਾਂਧੀ ਜਲੰਧਰ : ਥਾਣਾ ਮਕਸੂਦਾਂ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਇਕ ਦਿਵਿਆਂਗ ਸਮੱਗਲਰ ਨੂੰ ਕਾਬੂ ਕਰ ਕੇ ਉਸ ਕੋਲੋਂ ਤਿੰਨ ਕਿੱਲੋ ਅਫੀਮ ਬਰਾਮਦ ਕੀਤੀ ਹੈ ਜਿਸ 'ਚੋਂ ਡੇਢ ਕਿੱਲੋ ਅਫ਼ੀਮ ਉਸ ਨੇ ਆਪਣੀ ਲੱਕੜ ਦੀ ਲੱਤ 'ਚ ਬਣੇ ਗੈਪ 'ਚ ਲੁਕੋਈ ਹੋਈ ਸੀ। ਐੱਸਪੀ ਰਾਜਵੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਥਾਣਾ ਮਕਸੂਦਾਂ ਦੇ ਮੁਖੀ ਸਬ-ਇੰਸਪੈਕਟਰ ਜਰਨੈਲ ਸਿੰਘ ਦੀ ਅਗਵਾਈ ਹੇਠ ਸਬ ਇੰਸਪੈਕਟਰ ਰਘੁਨਾਥ ਸਿੰਘ, ਸੁਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਬਿਧੀਪੁਰ ਫਾਟਕ ਲਾਗੇ ਨਾਕੇਬੰਦੀ ਕੀਤੀ ਹੋਈ ਸੀ ਕਿ ਬੱਸ 'ਚੋਂ ਉਤਰੇ ਇਕ ਵਿਅਕਤੀ ਜੋ ਲੰਗੜਾ ਕੇ ਚੱਲ ਰਿਹਾ ਸੀ ਪੁਲਿਸ ਦੇਖ ਕੇ ਘਬਰਾ ਗਿਆ ਤੇ ਪੈਦਲ ਹੀ ਬਿਧੀਪੁਰ ਵੱਲ ਵੱਧਣ ਲੱਗਾ। ਸ਼ੱਕ ਪੈਣ 'ਤੇ ਪੁਲਿਸ ਨੇ ਰੋਕ ਕੇ ਜਦੋਂ ਉਸ ਦਾ ਨਾਂ ਪੁੱਿਛਆ ਤਾਂ ਉਸ ਨੇ ਆਪਣਾ ਨਾਂ ਮਾਨ ਸਿੰਘ ਵਾਸੀ ਮੱਧ ਪ੍ਰਦੇਸ਼ ਦੱਸਿਆ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਨੇ ਆਪਣੀ ਕਮੀਜ਼ ਹੇਠਾਂ ਪਰਨੇ ਨਾਲ ਇਕ ਲਿਫ਼ਾਫ਼ਾ ਬੰਨਿ੍ਹਆ ਹੋਇਆ ਸੀ, 'ਚੋਂ ਡੇਢ ਕਿੱਲੋ ਅਫ਼ੀਮ ਬਰਾਮਦ ਹੋਈ। ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਉਸ ਨੇ ਮੰਨਿਆ ਕਿ ਉਸ ਦੀ ਲੱਕੜ ਦੀ ਲੱਤ 'ਚ ਇਕ ਸਪੈਸ਼ਲ ਗੈਪ ਬਣਾਇਆ ਹੋਇਆ ਹੈ ਜਿਸ 'ਚ ਹੋਰ ਅਫ਼ੀਮ ਵੀ ਰੱਖੀ ਹੋਈ ਹੈ। ਪੁਲਿਸ ਨੇ ਉਕਤ ਥਾਂ ਤੋਂ ਵੀ ਡੇਢ ਕਿੱਲੋ ਅਫ਼ੀਮ ਬਰਾਮਦ ਕਰ ਲਈ। ਥਾਣਾ ਮਕਸੂਦਾਂ 'ਚ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਕੋਲੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਜਾਵੇਗਾ।