ਜਾਗਰਣ ਨਿਊਜ਼ ਨੈੱਟਵਰਕ, ਜਲੰਧਰ : ਸ਼ਨਿਚਰਵਾਰ ਰਾਤ ਨੂੰ ਹੋਈ ਜ਼ੋਰਦਾਰ ਬਾਰਿਸ਼ ਕਾਰਨ ਪੰਜਾਬ ਵਿਚ ਪੰਜ ਲੋਕਾਂ ਦੀ ਜਾਨ ਚਲੇ ਗਈ। ਖੰਨਾ (ਲੁਧਿਆਣਾ) ਦੇ ਪਿੰਡ ਹੌਲ 'ਚ ਖ਼ਸਤਾ ਹਾਲਤ ਘਰ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਤੇ ਉਨ੍ਹਾਂ ਦੇ ਪੁੱਤਰ ਦੀ ਮਲਬੇ ਹੇਠਾਂ ਦੱਬਣ ਕਾਰਨ ਮੌਤ ਹੋ ਗਈ ਜਦਕਿ 11 ਸਾਲ ਦੀ ਬੱਚੀ ਵਾਲ-ਵਾਲ ਬਚ ਗਈ। ਲੁਧਿਆਣਾ ਦੇ ਹੀ ਮਾਛੀਵਾੜਾ ਸਾਹਿਬ 'ਚ ਸਤਲੁਜ ਕਿਨਾਰੇ ਵੱਸੇ ਪਿੰਡ ਮੰਡ ਸੁੱਖੇਵਾਲ 'ਚ ਘਰ ਦੀ ਛੱਤ ਡਿਗਣ ਕਾਰਨ 70 ਸਾਲਾ ਕਿਸਾਨ ਅਨੋਖ ਸਿੰਘ ਦੀ ਮਲਬੇ ਹੇਠ ਦੱਬਣ ਕਾਰਨ ਮੌਤ ਹੋ ਗਈ। ਰੋਪੜ ਦੇ ਨੂਰਪੁਰ ਬੇਦੀ ਵਿਚ ਸਕੂਲ ਵਿਚ ਪਾਣੀ ਦਾਖ਼ਲ ਹੋਣ ਕਾਰਨ ਚੌਕੀਦਾਰ ਦੀ ਤਿੰਨ ਸਾਲ ਦੀ ਬੱਚੀ ਡੁੱਬ ਗਈ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ 'ਚ ਜਾਰੀ ਬਾਰਿਸ਼ ਕਾਰਨ ਭਾਖੜਾ ਬੰਨ੍ਹ ਤੋਂ ਲਗਾਤਾਰ ਤੀਜੇ ਦਿਨ ਪਾਣੀ ਛੱਡਣਾ ਪਿਆ। ਇਸ ਨਾਲ ਸਤਲੁਜ ਸਮੇਤ ਕਈ ਨਦੀਆਂ-ਨਾਲ਼ੇ ਨੱਕੋ-ਨੱਕ ਭਰ ਗਏ। 189 ਪਿੰਡ ਖ਼ਾਲੀ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਵਿਚ ਜਲੰਧਰ ਦੇ 81, ਨਵਾਂ ਸ਼ਹਿਰ ਦੇ 67, ਫਿਰੋਜ਼ਪੁਰ ਦੇ 17, ਲੁਧਿਆਣੇ ਦੇ 17 ਤੇ ਮੋਗੇ ਦੇ ਚਾਰ ਪਿੰਡ ਸ਼ਾਮਲ ਹਨ। ਲੋਕਾਂ ਨੂੰ ਰਾਹਤ ਕੈਂਪਾਂ ਵਿਚ ਭੇਜਿਆ ਗਿਆ ਹੈ। ਰੋਪੜ ਦੇ 28 ਪਿੰਡਾਂ ਵਿਚ ਹੜ੍ਹਾਂ ਵਰਗੀ ਸਥਿਤੀ ਹੈ। ਰੇਲਵੇ ਟਰੈਕ 'ਤੇ ਪਾਣੀ ਹੋਣ ਕਾਰਨ ਹਿਮਾਚਲ ਐਕਸਪ੍ਰਰੈੱਸ ਰੱਦ ਕਰ ਦਿੱਤੀ ਗਈ ਹੈ। ਗੁਰਦਾਸਪੁਰ ਦੇ ਮਕੌੜਾ ਪੱਤਣ 'ਚ ਰਾਵੀ ਨਦੀ ਦੇ ਪਾਰ ਫਸੇ 15 ਅਧਿਆਪਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ।

ਭਾਰਤ ਵੱਲੋਂ ਐਤਵਾਰ ਨੂੰ ਸਤਲੁਜ ਦਰਿਆ 'ਤੇ ਫਿਰੋਜ਼ਪੁਰ 'ਚ ਬਣੇ ਹੁਸੈਨੀਵਾਲਾ ਹੈੱਡ ਦੇ ਗੇਟ ਖੋਲ੍ਹ ਦਿੱਤੇ ਗਏ। ਐਤਵਾਰ ਦੁਪਹਿਰ ਤਕ 30 ਹਜ਼ਾਰ ਕਿਊਸਕ ਪਾਣੀ ਪਾਕਿਸਤਾਨ ਵੱਲ ਛੱਡਿਆ ਗਿਆ। ਇਸ ਨਾਲ ਪਾਕਿਸਤਾਨ 'ਚ ਵੀ ਹੜ੍ਹ ਵਰਗੇ ਹਾਲਾਤ ਪੈਦਾ ਹੋ ਜਾਣਗੇ। ਹਾਲਾਤ ਦੇ ਮੱਦੇਨਜ਼ਰ ਫ਼ੌਜ ਤੇ ਬੀਐੱਸਐੱਫ ਅਲਰਟ 'ਤੇ ਹਨ। ਐਤਵਾਰ ਨੂੰ ਤਰਨਤਾਰਨ ਦੇ ਹਰੀਕੇ ਹੈੱਡ ਵਰਕਸ ਤੋਂ ਪਾਕਿਸਤਾਨ ਨੂੰ 70,613 ਕਿਊਸਕ ਪਾਣੀ ਛੱਡਿਆ ਗਿਆ। ਇਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੁਧਿਆਣਾ 'ਚ ਸਤਲੁਜ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ ਦੋ ਪੁਆਇੰਟ ਹੇਠਾਂ ਹੈ। 1988 ਤੋਂ ਬਾਅਦ ਪਹਿਲੀ ਵਾਰ ਏਨੀ ਭਾਰੀ ਮਾਤਰਾ ਵਿਚ ਪਾਣੀ ਛੱਡਿਆ ਗਿਆ ਹੈ। ਫ਼ੌਜ ਹੈਲੀਕਾਪਟਰ ਰਾਹੀਂ ਨਜ਼ਰ ਰੱਖ ਰਹੀ ਹੈ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਰਿਆ ਦੇ ਕਿਨਾਰੇ ਜਾਇਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹਾਲਾਤ 'ਤੇ ਬਰਾਬਰ ਨਜ਼ਰ ਰੱਖ ਰਹੇ ਹਨ। ਲੋੜੀਂਦੇ ਇੰਤਜ਼ਾਮ ਕੀਤੇ ਗਏ ਹਨ।

ਅੰਮਿ੍ਤਸਰ ਦੇ ਵਾਰਡ ਨੰਬਰ 40 ਦੇ ਗੁੱਜਰਪੁਰਾ ਇਲਾਕੇ ਵਿਚ ਇਕ ਪੁਰਾਣੇ ਮਕਾਨ ਦੀ ਛੱਤ ਡਿੱਗ ਜਾਣ ਕਾਰਨ ਪਰਿਵਾਰ ਦੇ ਤਿੰਨ ਜੀਅ ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚ 14 ਸਾਲਾ ਲੜਕਾ ਵੀ ਸ਼ਾਮਲ ਹੈ। ਤਰਨਤਾਰਨ ਵਿਚ ਪ੍ਰਸ਼ਾਸਨ ਨੇ ਠੀਕਰੀ ਪਹਿਰਾ ਲਾਉਣ ਲਈ ਕਿਹਾ ਹੈ।

ਸਮੇਂ ਤੋਂ ਪਹਿਲਾਂ ਨਹੀਂ ਕੀਤੀ ਤਿਆਰੀ : ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੰਨ੍ਹਾਂ ਦਾ ਪਾਣੀ ਛੱਣ ਨਾਲ ਕਈ ਇਲਾਕਿਆਂ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ। ਕੈਪਟਨ ਆਰਾਮ ਨਾਲ ਸੁੱਤੇ ਰਹੇ।

ਭਾਰੀ ਬਾਰਿਸ਼ ਦਾ ਖ਼ਤਰਾ ਟਲ਼ਿਆ, ਅੱਜ ਬੂੰਦਾਬਾਂਦੀ ਪਿੱਛੋਂ ਮੌਸਮ ਹੋਵੇਗਾ ਸਾਫ਼

ਜੇਐੱਨਐੱਨ, ਲੁਧਿਆਣਾ : ਸੂਬੇ ਵਿਚ ਸ਼ਨਿਚਰਵਾਰ ਨੂੰ ਮੌਨਸੂਨ ਰੱਜ ਕੇ ਵਰ੍ਹਿਆਂ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਦੀ ਮੰਨੀਏ ਤਾਂ ਪੰਜਾਬ ਵਿਚ ਭਾਰੀ ਬਾਰਿਸ਼ ਦਾ ਖ਼ਤਰਾ ਫਿਲਹਾਲ ਟਲ਼ ਗਿਆ ਹੈ ਕਿਉਂਕਿ ਮੌਨਸੂਨ ਕਮਜ਼ੋਰ ਪੈ ਗਿਆ ਹੈ। ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਅਨੁਸਾਰ ਸੋਮਵਾਰ ਤੋਂ ਬਾਰਿਸ਼ ਘੱਟ ਹੋ ਜਾਵੇਗੀ। ਕੁਝ ਜ਼ਿਲ੍ਹਿਆਂ ਵਿਚ ਹਲਕੀ ਬਾਰਿਸ਼ ਹੋ ਸਕਦੀ ਹੈ। ਭਾਰੀ ਬਾਰਿਸ਼ ਦੇ ਅਜੇ ਬਿਲਕੁਲ ਆਸਾਰ ਨਹੀਂ ਹਨ। 20 ਅਗਸਤ ਤੋਂ ਚਾਰ ਦਿਨਾਂ ਲਈ ਮੌਸਮ ਪੂਰੀ ਤਰ੍ਹਾਂ ਸਾਫ਼ ਹੋਣ ਦੀ ਸੰਭਾਵਨਾ ਹੈ। ਦਿਨੇ ਤੇਜ਼ ਧੁੱਪ ਨਿਕਲੇਗੀ। ਇਸ ਤੋਂ ਬਾਅਦ 24 ਅਗਸਤ ਨੂੰ ਮੁੜ ਮੌਸਮ ਬਦਲੇਗਾ ਤੇ ਬਾਰਿਸ਼ ਹੋਵੇਗੀ।